ਲੁਧਿਆਣਾ: ਲੁਧਿਆਣਾ ਬੱਸ ਸਟੈਂਡ ਪੁੱਲ ਦੇ ਹੇਠਾਂ ਨਵੀਂ ਸਕੂਟਰ ਮਾਰਕੀਟ ਦੇ ਦੁਕਾਨਦਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਦਰਅਸਲ ਪੁੱਲ ਦੇ ਹੇਠਾਂ 60 ਦੇ ਕਰੀਬ ਦੁਕਾਨਾਂ ਹਨ ਅਤੇ ਇਨ੍ਹਾਂ ਦੁਕਾਨਾਂ ਦੇ ਬਿਲਕੁਲ ਨਾਲ ਹੀ ਕੂੜੇ ਦਾ ਵੱਡਾ ਡੰਪ ਹੈ। ਪੁਲ ਦੇ ਆਲੇ-ਦੁਆਲੇ ਇਲਾਕੇ ਦੇ ਘਰਾਂ ਦਾ ਕੂੜਾ ਇਕੱਠਾ ਕਰਕੇ ਇਥੇ ਸੁੱਟਿਆ ਜਾਂਦਾ ਹੈ ਅਤੇ ਦੁਕਾਨਦਾਰ ਮੋਟੇ ਕਿਰਾਏ ਦੇਣ ਦੇ ਬਾਵਜੂਦ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਕਿਉਂਕਿ, ਕੂੜੇ ਦੇ ਡੰਪ ਕਰਕੇ ਕੋਈ ਗਾਹਕ ਦੁਕਾਨਾਂ 'ਤੇ ਨਹੀਂ ਆਉਂਦਾ ਅਤੇ ਨਾ ਹੀ ਇਸ ਇਲਾਕੇ ਵਿੱਚ ਪਖਾਨਿਆਂ ਦਾ ਪ੍ਰਬੰਧ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਆਗੂਆਂ ਨੂੰ ਮਾਰਕੀਟ ਵਿੱਚ ਆ ਕੇ ਉਨ੍ਹਾਂ ਨਾਲ ਬੈਠ ਕੇ ਰੋਟੀ ਖਾਣ ਦੀ ਚੁਣੌਤੀ ਦਿੱਤੀ ਹੈ।
ਰਾਹਗੀਰਾਂ ਦਾ ਹੁੰਦਾ ਹੈ ਜਾਨੀ-ਮਾਲੀ ਨੁਕਸਾਨ: ਦੁਕਾਨਦਾਰਾਂ ਨੇ ਕਿਹਾ ਕਿ ਅਸੀਂ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਹਾਂ। "ਨਾ ਹੀ ਇੱਥੇ ਬੈਠਣ ਦੀ ਜਗ੍ਹਾ ਹੈ ਅਤੇ ਨਾ ਹੀ ਕਿਤੇ ਖੜਨ ਦੀ।" ਜੇਕਰ ਕੋਈ ਗ੍ਰਾਹਕ ਆਉਂਦਾ ਵੀ ਹੈ, ਤਾਂ ਜਿਆਦਾ ਟਾਇਮ ਕੂੜੇ ਦੀ ਬਦਬੂ ਕਰਕੇ ਖੜ ਨਹੀਂ ਪਾਉਂਦਾ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦਿਨਾਂ ਵਿੱਚ ਤਾਂ ਹੋਰ ਵੀ ਇਹ ਇਲਾਕਾ ਨਰਕ ਬਣ ਜਾਂਦਾ ਹੈ। ਦੁਕਾਨਦਾਰਾਂ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਇਸ ਕੂੜੇ ਕੋਲ ਆ ਕੇ ਬੇਸਹਾਰਾ ਪਸ਼ੂ ਇਕੱਠੇ ਹੋ ਜਾਂਦੇ ਹਨ ਜੋ ਆਪਸ ਚ ਭਿੜਨ ਲੱਗ ਪੈਂਦੇ ਹਨ, ਜਿੰਨ੍ਹਾਂ ਕਰਕੇ ਕਈ ਵਾਰ ਰਾਹਗੀਰਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਪਰ ਕਿਸੇ ਵੀ ਸਰਕਾਰੀ ਅਧਿਕਾਰੀ ਦੇ ਕੰਨ ਤੇ ਜੂੰ ਨਹੀਂ ਸਰਕੀ।
ਇਸ ਮੌਕੇ ਦੁਕਾਨਦਾਰਾਂ ਨੇ ਸਰਕਾਰ ਨੂੰ ਚੇਤਵਾਨੀ ਦਿੰਦਿਆ ਕਿਹਾ ਕਿ ਕੂੜੇ ਦੇ ਡੰਪ ਦਾ ਜਲਦ ਤੋਂ ਜਲਦ ਹੱਲ ਨਾ ਕੀਤਾ, ਤਾਂ ਉਹ ਸਰਕਾਰ ਦੇ ਖਿਲਾਫ ਪੱਕਾ ਧਰਨਾ ਲਗਾਉਣ ਲਈ ਮਜਬੂਰ ਹੋਣਗੇ, ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ। ਉਹਨਾਂ ਦੱਸਿਆ ਕਿ ਇਹ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਇਲਾਕੇ ਦੇ ਐਮਐਲਏ ਵੱਲੋਂ ਚੁੱਕਿਆ ਗਿਆ ਸੀ, ਪਰ ਹਾਲੇ ਤੱਕ ਇਸ ਦਾ ਹੱਲ ਨਹੀਂ ਹੋਇਆ।
- ਲੋਕ ਸਭਾ ਚੋਣਾਂ ਨੂੰ ਲੈ ਕੇ ਐਕਟਿਵ ਹੋਈ ਆਪ, ਸੀਐਮ ਮਾਨ ਆਪ ਲੀਡਰਸ਼ਿਪ ਨਾਲ ਮਿਲ ਕੇ ਬਣਾ ਰਹੇ ਚੋਣ ਰਣਨੀਤੀ - Lok Sabha Election 2024
- ਇਹ ਕੁਦਰਤ ਪ੍ਰੇਮੀ ਜੋੜਾ ਪਾ ਰਿਹਾ ਪੰਛੀਆਂ ਨੂੰ ਦਾਣਾ-ਪਾਣੀ, ਇਨ੍ਹਾਂ ਦੀ ਛੱਤ ਦਾ ਨਜ਼ਾਰਾ ਵੇਖਣਯੋਗ - Birds Lover
- ਲੁਧਿਆਣਾ ਪਹੁੰਚੇ ਰਵਨੀਤ ਬਿੱਟੂ ਦਾ ਪ੍ਰਤਾਪ ਬਾਜਵਾ ਨੂੰ ਚੈਲੰਜ, ਸੁਣੋ ਕੀ ਕਿਹਾ - Bittu challenge Pratap Bajwa
ਦੁਕਾਨਦਾਰਾਂ ਨੇ ਦੱਸੀ 13 ਸਾਲ ਪਹਿਲਾਂ ਦੀ ਕਹਾਣੀ: ਦੁਕਾਨਦਾਰ ਨੇ ਦੱਸਿਆ ਕਿ 13 ਸਾਲ ਪਹਿਲਾਂ ਇਸ ਪੁਲ ਦੇ ਨਿਰਮਾਣ ਤੋਂ ਬਾਅਦ ਹੇਠਾਂ ਬਣਾਈਆਂ ਗਈਆਂ 60 ਦੇ ਕਰੀਬ ਦੁਕਾਨਾਂ ਨਗਰ ਨਿਗਮ ਵੱਲੋਂ ਕਿਰਾਏ ਉੱਤੇ ਇਹ ਵਾਅਦਾ ਕਰਕੇ ਦਿੱਤੀਆਂ ਗਈਆਂ ਸੀ ਕਿ ਇੱਥੋਂ ਕੂੜੇ ਦਾ ਡੰਪ ਚੁੱਕ ਲਿਆ ਜਾਵੇਗਾ, ਪਰ ਅੱਜ 13 ਸਾਲ ਬੀਤ ਜਾਣ ਦੇ ਬਾਵਜੂਦ ਇਥੋਂ ਡੰਪ ਨਹੀਂ ਚੁੱਕਿਆ ਗਿਆ। ਜਦਕਿ, ਦੁਕਾਨਾਂ ਦੇ ਕਿਰਾਏ ਨਗਰ ਨਿਗਮ ਵੱਲੋਂ ਹੋਰ ਵਧਾ ਦਿੱਤੇ ਗਏ ਜਿਸ ਨੂੰ ਲੈਕੇ ਆਤਮ ਨਗਰ ਤੋਂ ਐਮਐਲਏ ਕੁਲਵੰਤ ਸਿੱਧੂ ਵੱਲੋਂ ਇਹ ਮੁੱਦਾ ਵਿਧਾਨ ਸਭਾ ਵਿੱਚ ਵੀ ਚੁੱਕਿਆ ਗਿਆ ਸੀ। ਇਸ ਦੇ ਬਾਵਜੂਦ ਇਹ ਮਸਲਾ ਅਜੇ ਹੱਲ ਨਹੀਂ ਹੋਇਆ।