ਸ੍ਰੀ ਮੁਕਤਸਰ ਸਾਹਿਬ: ਮੀਂਹ ਤੋਂ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਉਥੇ ਹੀ ਕਈ ਥਾਵਾਂ 'ਤੇ ਇਹ ਮੀਂਹ ਆਫ਼ਤ ਵੀ ਬਣ ਗਿਆ ਹੈ। ਇਸ ਤੇਜ਼ ਮੀਂਹ ਨੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਦੋਦਾ 'ਚ ਸਾਰੇ ਪ੍ਰਬੰਧਾਂ ਦੀ ਮਿੰਟਾਂ 'ਚ ਪੋਲ ਖੋਲ੍ਹ ਕੇ ਰੱਖ ਦਿੱਤੀ। ਸਰਕਾਰੀ ਪ੍ਰਾਇਮਰੀ ਸਕੂਲ ਪਾਣੀ ਵਿੱਚ ਡੁੱਬ ਗਿਆ ਅਤੇ ਸਕੂਲ ਵਿੱਚ ਕਈ-ਕਈ ਫੁੱਟ ਪਾਣੀ ਖੜ ਚੁੱਕਿਆ ਹੈ, ਜਿਸ ਕਰਕੇ ਸਕੂਲ ਬੰਦ ਕਰਨਾ ਪਿਆ।
ਪਿੰਡ ਦਾ ਛੱਪੜ ਹੋਇਆ ਓਵਰਫਲੋਅ: ਦੱਸ ਦਈਏ ਕਿ ਲੱਖਾਂ ਦੀ ਲਾਗਤ ਨਾਲ ਪਿੰਡ 'ਚ ਥਾਪਰ ਮਾਡਲ ਤਹਿਤ ਛੱਪੜ ਦਾ ਨਿਰਮਾਣ ਕੀਤਾ ਗਿਆ ਸੀ ਪਰ ਮੀਂਹ ਪੈਣ ਤੋਂ ਬਾਅਦ ਛੱਪੜ ਦਾ ਪਾਣੀ ਓਵਰਫਲੋਅ ਹੋ ਗਿਆ ਤੇ ਉਸ ਪਾਣੀ ਨੇ ਹੁਣ ਲੋਕਾਂ ਦੇ ਘਰਾਂ 'ਚ ਦਸਤਕ ਦੇ ਦਿੱਤੀ ਹੈ। ਛੱਪੜ ਕਿਨਾਰੇ ਕਈ ਘਰ ਹੋਣ ਕਾਰਨ ਉਹ ਘਰ ਇਸ ਪਾਣੀ ਦੀ ਲਪੇਟ 'ਚ ਆਏ ਹਨ ਅਤੇ ਪਾਣੀ ਉਨ੍ਹਾਂ ਲੋਕਾਂ ਦੇ ਘਰ 'ਚ ਵੜ ਗਿਆ।
ਸਕੂਲ 'ਚ ਵੜਿਆ ਪਾਣੀ: ਉੱਥੇ ਹੀ ਗੁਰਦੁਆਰਾ ਨਾਨਕਸਰ ਨੂੰ ਜਾਣ ਵਾਲਾ ਰਾਸਤਾ ਵੀ ਬੰਦ ਹੋ ਗਿਆ ਹੈ ਅਤੇ ਸੰਗਤ ਦਾ ਆਉਣਾ ਬਿੱਲਕੁਲ ਬੰਦ ਹੋ ਗਿਆ ਹੈ। ਦੱਸ ਦੇਈਏ ਕਿ ਇਸ ਤੋ ਇਲਾਵਾ ਗੁਰਦੁਆਰਾ ਫਤਿਗੜ ਸਾਹਿਬ ਕੋਲ ਲੰਘਦਾ ਰਾਸਤਾ ਵੀ ਬੰਦ ਹੋ ਚੁੱਕਾ ਹੈ। ਜਿੱਥੇ ਮੀਂਹ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਪਿੰਡਾਂ ਵਿੱਚ ਮੀਂਹ ਆਫ਼ਤ ਬਣ ਰਿਹਾ ਹੈ। ਸਮੇਂ ਸਿਰ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਹਲਾਤ ਬਦਤਰ ਹੋ ਰਹੇ ਹਨ।
ਕਈ ਵਾਰ ਵਿਭਾਗ ਨੂੰ ਦੱਸ ਚੁੱਕੇ ਹਾਲਾਤ: ਇਸ ਸਬੰਧੀ ਸਕੂਲ ਦੇ ਅਧਿਆਪਕ ਦਾ ਕਹਿਣਾ ਕਿ ਚਾਰ ਤੋਂ ਪੰਜ ਦਿਨ ਹੋ ਚੁੱਕੇ ਹਨ, ਸਕੂਲ 'ਚ ਪਾਣੀ ਭਰੇ ਨੂੰ ਤੇ ਇਸ ਦਾ ਹੁਣ ਤੱਕ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮੋਟਰਾਂ ਨਾਲ ਪਾਣੀ ਬੇਸ਼ੱਕ ਕੱਢਿਆ ਜਾ ਰਿਹਾ ਪਰ ਮੋਟਰਾਂ ਛੋਟੀਆਂ ਹੋਣ ਕਾਰਨ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਜਿਆਦਾ ਹੋਣ ਕਾਰਨ ਬੱਚੇ ਸਕੂਲ ਆਉਣ ਤੋਂ ਅਸਮਰਥ ਹਨ। ਇਸ ਦੇ ਨਾਲ ਹੀ ਅਧਿਆਪਕ ਨੇ ਕਿਹਾ ਕਿ ਉਸ ਨੂੰ 12 ਤੋਂ 13 ਸਾਲ ਦੇਖਦਿਆਂ ਹੋ ਚੁੱਕੇ ਹਨ, ਹਰ ਸਾਲ ਇਹ ਸਮੱਸਿਆ ਆਉਂਦੀ ਹੈ, ਜਿਸ ਸਬੰਧੀ ਉਹ ਕਈ ਵਾਰ ਵਿਭਾਗ ਨੂੰ ਲਿਖ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਦਰਾਂ ਦਿਨ ਦੇ ਕਰੀਬ ਸਕੂਲ ਨਹੀਂ ਲੱਗ ਸਕਦਾ, ਜਿਸ ਕਾਰਨ ਉਨ੍ਹਾਂ ਦੀ ਪੜਾਈ ਦਾ ਨੁਕਸਾਨ ਹੋਵੇਗਾ।
ਪੈਸੇ ਦਾ ਨਹੀਂ ਹੋਇਆ ਸਹੀ ਇਸਤੇਮਾਲ: ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਕਿ ਪਿਛਲੇ ਕਰੀਬ 35 ਸਾਲ ਤੋਂ ਇਹ ਸਮੱਸਿਆ ਪਿੰਡ 'ਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਨੇ ਪੈਸਾ ਦਿੱਤਾ ਹੈ ਪਰ ਉਸ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਛੱਪੜ ਨੂੰ ਪੱਕਾ ਕਰਨ ਦੀ ਥਾਂ ਸੀਵਰੇਜ ਪਾਉਣ ਦੀ ਲੋੜ ਸੀ ਤਾਂ ਜੋ ਪਾਣੀ ਦਾ ਸਹੀ ਨਿਕਾਸ ਹੋ ਸਕੇ। ਉਨ੍ਹਾਂ ਕਿਹਾ ਕਿ ਸਕੂਲ, ਗੁਰਦੁਆਰਾ ਸਾਹਿਬ 'ਚ ਵੀ ਪਾਣੀ ਨੇ ਮਾਰ ਪਾਈ ਹੈ। ਇਸ ਨਾਲ ਜਿਥੇ ਬੱਚਿਆਂ ਦੀ ਪੜਾਈ 'ਤੇ ਅਸਰ ਪਿਆ ਹੈ ਤਾਂ ਉਥੇ ਹੀ ਆਮ ਲੋਕਾਂ ਨੂੰ ਵੀ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- ਭਵਾਨੀਗੜ੍ਹ ਨਾਭਾ ਰੋਡ 'ਤੇ ਅਣਪਛਾਤਿਆਂ ਵੱਲੋਂ ਨੌਜਵਾਨ 'ਤੇ ਕੀਤਾ ਹਮਲਾ - Sangrur Crime News
- ਜ਼ਮੀਨੀ ਵਿਵਾਦ ਦੇ ਚੱਲਦੇ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚ ਵਿਸ਼ੀਆਂ ਲਾਸ਼ਾਂ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ - father and son killed for land
- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਦੇ ਨਾਮ ਸਾਂਸਦ ਨੂੰ ਸੌਂਪਿਆ ਮੰਗ ਪੱਤਰ - United Kisan Morcha