ਬਰਨਾਲਾ: ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਸ਼ਾਸ਼ਨ ਦੀ ਸਰਗਰਮੀ ਤੇਜ਼ ਹੋ ਗਈ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਬਰਨਾਲਾ ਪ੍ਰਸ਼ਾਸਨ ਵਲੋਂ ਪੋਲਿੰਗ ਟੀਮਾਂ ਦੀ ਟ੍ਰੇਨਿੰਗ ਕਰਵਾਈ ਗਈ। ਬਰਨਾਲਾ ਦੇ ਤਿੰਨ ਬਲਾਕਾਂ ਸ਼ਹਿਣਾ, ਮਹਿਲ ਕਲਾਂ ਅਤੇ ਬਰਨਾਲਾ ਬਲਾਕਾਂ ਵਿੱਚ ਪੋਲਿੰਗ ਟੀਮਾਂ ਨੂੰ ਉਹਨਾਂ ਦੇ ਕੰਮਾਂ ਪ੍ਰਤੀ ਸਿਖਲਾਈ ਕਰਵਾਈ ਗਈ।
ਪੋਲਿੰਗ ਪਾਰਟੀਆਂ ਦੀ ਅੱਜ ਪਹਿਲੀ ਟ੍ਰੇਨਿੰਗ
ਇਸ ਮੌਕੇ ਗੱਲਬਾਤ ਕਰਦਿਆਂ ਐਸਡੀਐਮ ਬਰਨਾਲਾ ਗੁਰਬੀਰ ਸਿੰਘ ਕੋਹਲੀ ਨੇ ਦੱਸਿਆ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਹਨ, ਉਹਨਾਂ ਦੇ ਮੱਦੇਨਜ਼ਰ ਪੋਲਿੰਗ ਪਾਰਟੀਆਂ ਦੀ ਅੱਜ ਪਹਿਲੀ ਟ੍ਰੇਨਿੰਗ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਬਰਨਾਲਾ ਬਲਾਕ ਦੀ ਬਰਨਾਲਾ ਵਿਖੇ, ਸ਼ਹਿਣਾ ਬਲਾਕ ਦੀ ਤਪਾ ਅਤੇ ਮਹਿਲ ਕਲਾਂ ਬਲਾਕ ਦੀ ਮਹਿਲ ਕਲਾਂ ਵਿਖੇ ਸਿਖਲਾਈ ਹੋ ਰਹੀ ਹੈ। ਇਹ ਟ੍ਰੇਨਿੰਗ ਦਾ ਦੌਰ ਆਖ਼ਰੀ ਸਮੇਂ ਤੱਕ ਚੱਲੇਗਾ, ਇਸਤੋਂ ਬਾਅਦ ਸਾਰੀਆਂ ਟੀਮਾਂ ਦੀ ਅੱਗੇ ਡਿਊਟੀ ਲੱਗੇਗੀ। ਉਹਨਾਂ ਦੱਸਿਆ ਕਿ ਨਾਮਜ਼ਦਗੀਆਂ ਦਾ ਕੰਮ ਸ਼ਾਂਤੀ ਪੂਰਵਕ ਸੰਪੰਨ ਹੋ ਗਿਆ ਹੈ, ਜਦਕਿ ਨਾਮਜ਼ਦਗੀ ਪੱਤਰ ਦੀ ਪੜਤਾਲ ਦਾ ਕੰਮ ਵੀ ਨਿਬੜ ਗਿਆ ਹੈ।
ਚੋਣ ਕਮਿਸ਼ਨ ਦੀਆਂ ਹਦਾਇਤਾਂ
ਇਸ ਦੌਰਾਨ ਬਹੁਤੇ ਉਮੀਦਵਾਰਾਂ ਦੇ ਕਲੈਰੀਕਲ ਜਾਂ ਵੈਸੇ ਹੀ ਗਲਤੀ ਹੋਈ ਹੈ, ਉਹਨਾਂ ਦੀਆਂ ਨਾਮਜ਼ਦਗੀਆਂ ਮੰਜ਼ੂਰ ਕਰ ਲਈਆਂ ਹਨ। ਇਸ ਦੇ ਬਾਵਜੂਦ ਜਿੱਥੇ ਜਾਇਜ਼ ਗਲਤੀਆਂ ਸਨ, ਉਥੇ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੱਧ ਤੋਂ ਵੱਧ ਲੋਕਾਂ ਦੀਆਂ ਨਾਮਜ਼ਦਗੀਆਂ ਮੰਜ਼ੂਰ ਕਰਕੇ ਉਨ੍ਹਾਂ ਨੂੰ ਚੋਣ ਲੜਨ ਦੇ ਅਧਿਕਾਰੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਰਨਾਲਾ ਦੇ ਤਿੰਨੇ ਬਲਾਕਾਂ ਵਿੱਚ ਨਾਮਜ਼ਦਗੀਆਂ ਦੌਰਾਨ ਕੋਈ ਵੀ ਲੜਾਈ ਝਗੜਾ ਨਹੀਂ ਹੋਇਆ। ਕਿਸੇ ਵੀ ਥਾਂ ਕੋਈ ਨਾਮਜ਼ਦਗੀ ਪੱਤਰ ਨਾ ਖੋਹੇ ਗਏ ਅਤੇ ਨਾ ਹੀ ਪਾੜੇ ਗਏ।
ਬਹੁਤ ਅਮਨ ਸ਼ਾਂਤੀ ਵਾਲੇ ਮਾਹੌਲ ਵਿੱਚ ਸਾਰਾ ਕੰਮ ਹੋਇਆ ਹੈ, ਜੋ ਬਹੁਤ ਵਧੀਆ ਗੱਲ ਹੈ। ਉਨ੍ਹਾਂ ਕਿਹਾ ਕਿ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਸਾਰੇ ਲੋਕਾਂ ਨੂੰ ਧੜੇਬੰਦੀਆਂ ਤੋਂ ਉਪਰ ਉਠ ਕੇ ਵੱਧ ਤੋਂ ਵੱਧ ਵੋਟ ਕਰਨੀ ਚਾਹੀਦੀ ਹੈ ਅਤੇ ਚੰਗੇ ਬੰਦਿਆਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੂਰੇ ਜਿਲ੍ਹੇ ਵਿੱਚ ਨਸ਼ੇ ਵਗੈਰਾ ਦੀ ਵਰਤੋਂ ਵੀ ਨਹੀਂ ਹੋ ਰਹੀ। ਲੋਕ ਪਹਿਲਾਂ ਤੋਂ ਬਹੁਤ ਜਾਗਰੂਕ ਹਨ।