ਬਿਆਸ/ਅੰਮ੍ਰਿਤਸਰ: ਪੰਜਾਬ ਵਿੱਚ ਅੱਜ ਪੰਚਾਇਤੀ ਚੋਣਾਂ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਨਜ਼ਰ ਆਇਆ। ਇਸ ਵਾਰ ਪੰਚਾਇਤੀ ਚੋਣਾਂ ਦੌਰਾਨ ਬਜ਼ੁਰਗਾਂ ਵਿੱਚ ਵੀ ਖਾਸਾਂ ਉਤਸ਼ਾਹ ਦੇਖਿਆ ਗਿਆ ਹੈ। ਜਿੱਥੇ ਤਾਂ ਉਨ੍ਹਾਂ ਨੇ ਆਪਣੀ ਵੋਟ ਦਾ ਇਸਤੇਮਾਲ ਪੂਰੇ ਜੋਸ਼ ਨਾਲ ਕੀਤਾ, ਉੱਥੇ ਹੀ ਅਜਿਹਾ ਕਰਕੇ ਉਨ੍ਹਾਂ ਨੇ ਨਵੀਂ ਪੀੜੀ ਤੇ ਨੌਜਵਾਨਾਂ ਨੂੰ ਵੀ ਵੋਟ ਦੇ ਹੱਕ ਦੀ ਵਰਤੋਂ ਕਰਨ ਪ੍ਰਤੀ ਮਹੱਤਤ ਸਮਝਾਈ।
ਬਜ਼ੁਰਗ ਦਾ ਆਕਸੀਜਨ ਲੈਵਲ ਘੱਟ, ਪਰ ਫ਼ਰਜ਼ ਪਹਿਲਾਂ
ਜੀ ਹਾਂ, ਬਿਆਸ ਦੇ ਵਾਰਡ ਨੰਬਰ 3 ਦੇ ਨਿਵਾਸੀ ਬਲਦੇਵ ਸਿੰਘ ਜੋ ਕਿ ਅੱਜ 73 ਸਾਲ ਦੀ ਉਮਰ ਵਿੱਚ ਪੰਚਾਇਤੀ ਚੋਣਾਂ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਵਿਖੇ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਲਈ ਪੁੱਜੇ। ਪਰ, ਇਸ ਦੌਰਾਨ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਬੇਸ਼ੱਕ ਬਲਦੇਵ ਸਿੰਘ ਦਾ ਆਕਸੀਜਨ ਲੈਵਲ ਘੱਟ ਹੋਣ ਕਾਰਨ ਘਰ ਵਿੱਚ ਬੈੱਡ ਰੈਸਟ ਉੱਤੇ ਸਨ, ਪਰ ਅੱਜ ਆਪਣੇ ਪਸਦੀਂਦਾ ਉਮੀਦਵਾਰ ਦੀ ਚੋਣ ਕਰਨ ਲਈ ਉਹ ਆਕਸੀਜਨ ਪੰਪ ਨਾਲ ਲੈ ਕੇ ਵੋਟ ਕਰਨ ਦੇ ਲਈ ਪੁੱਜੇ।
ਵੋਟ ਦਾ ਭੁਗਤਾਨ ਕਰਨ ਤੋਂ ਬਾਅਦ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਆਕਸੀਜਨ ਦਾ ਪੱਧਰ ਕਾਫੀ ਘੱਟ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਬੇਹਦ ਜ਼ਰੂਰੀ ਹੈ ਜਿਸ ਲਈ ਉਹ ਆਕਸੀਜਨ ਪੰਪ ਲੈ ਕੇ ਇੱਥੇ ਪੁੱਜੇ ਸਨ ਤੇ ਅਚਾਨਕ ਆਕਸੀਜਨ ਘਟਣ ਕਾਰਨ ਉਨ੍ਹਾਂ ਨੇ ਪੋਲਿੰਗ ਕੇਂਦਰ ਦੇ ਬਾਹਰ ਪੰਪ ਦੇ ਨਾਲ ਆਕਸੀਜਨ ਲਈ ਹੈ।
ਬਜ਼ੁਰਗ ਬਣਿਆ ਨੌਜਵਾਨਾਂ ਲਈ ਪ੍ਰੇਰਣਾਸਰੋਤ
ਉਨ੍ਹਾਂ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਚੰਗੇ ਉਮੀਦਵਾਰ ਦੀ ਚੋਣ ਕਰਨ ਦੇ ਲਈ ਉਨ੍ਹਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ, ਦੇਸ਼ ਦੀ ਤਰੱਕੀ ਅਤੇ ਵਿਕਾਸ ਦੇ ਲਈ ਹਰੇਕ ਵੋਟਰ ਨੂੰ ਸੰਵਿਧਾਨਿਕ ਹੱਕ ਦਾ ਇਸਤੇਮਾਲ ਕਰਦੇ ਹੋਏ ਆਪਣੀ ਮਰਜ਼ੀ ਦਾ ਉਮੀਦਵਾਰ ਚੁਣ ਕੇ ਉਸ ਦੇ ਹੱਥ ਇਲਾਕੇ ਸੂਬੇ ਅਤੇ ਦੇਸ਼ ਦੀ ਕਮਾਨ ਸੌਂਪਣੀ ਚਾਹੀਦੀ ਹੈ।