ਚੰਡੀਗੜ੍ਹ /ਪੰਚਕੁਲਾ : ਕਿਸਾਨੀ ਮੁੱਦਾ ਇਹਨੀਂ ਦਿਨੀਂ ਚਰਚਾ ਵਿੱਚ ਹੈ, ਖ਼ਾਸ ਕਰ ਕੇ ਕਿਸਾਨ ਆਗੂ ਡੱਲੇਵਾਲ ਦੀ ਮਰਨ ਵਰਤ ਤੋਂ ਬਾਅਦ ਵਿਗੜ ਰਹੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ। ਉਥੇ ਹੀ ਅੱਜ ਕਿਸਾਨੀ ਮੁੱਦੇ ਅਤੇ ਪੰਜਾਬ ਦੇ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਤੀਕ੍ਰਿਆ ਦਿੱਤੀ। ਸੁਨੀਲ ਜਾਖੜ ਨੇ ਕਿਹਾ ਕਿ ਇਹ ਚਿੰਤਾ ਕਿਸੇ ਇਕ ਵਰਗ ਜਾਂ ਇਕ ਗਰੁੱਪ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਹੈ। ਜਗਜੀਤ ਡੱਲੇਵਾਲ ਦੀ ਅੱਜ ਜੋ ਹਾਲਤ ਬਣੀ ਹੋਈ ਹੈ ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਡੱਲੇਵਾਲ ਨੂੰ ਮਿਲਣ ਜਾ ਰਹੇ ਵਿਰੋਧੀ ਆਗੂਆਂ ’ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਬੀਤੇ 10 ਦਿਨ੍ਹਾਂ ਤੋਂ ਵੱਖ-ਵੱਖ ਲੀਡਰਾਂ ਉਥੇ ਜਾ ਕੇ ਹਾਲ-ਚਾਲ ਜਾਨਣ ਜਾ ਰਹੇ ਹਨ ਪਰ ਸ਼ੁਰੂ 'ਚ ਕਿਸੇ ਨੇ ਕੋਈ ਵਾਹ ਨਾ ਲਈ।
ਡੱਲੇਵਾਲ ਦੀ ਜਾਨ ਕੀਮਤੀ
ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਕਈ ਲੋਕ ਉਥੇ ਜਾ ਕੇ ਰਿਪੋਰਟਾਂ ਦੀ ਜਾਂਚ ਤਾਂ ਲੈ ਲੈਂਦੇ ਹਨ ਪਰ ਕਿਸੇ ਨੇ ਵੀ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਤੁੜਾਉਣ ਸਬੰਧੀ ਗੱਲ ਨਹੀਂ ਕੀਤੀ ਤੇ ਨਾ ਹੀ ਕਿਸੇ ਨੇ ਮਰਨ ਵਰਤ ਖ਼ਤਮ ਕਰਾਉਣ ਦਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਜ਼ਿੰਦਗੀ ਬਹੁਤ ਕੀਮਤੀ ਹੈ। ਇਸ ਲਈ ਲੋਕਾਂ ਨੂੰ ਅਤੇ ਸਿਆਸੀ ਪਾਰਟੀਆਂ ਨੂੰ ਉਹਨਾਂ ਕੋਲ ਜਾ ਕੇ ਸਿਆਸਤ ਕਰਨ ਦੀ ਬਜਾਏ ਉਹਨਾਂ ਦੀ ਚਿੰਤਾ ਕਰਨ ਦੀ ਲੋੜ ਹੈ।
ਪੰਜਾਬ ਦੀ ਚਿੰਤਾ
ਪੰਜਾਬ ਦੇ ਹਲਾਤਾਂ 'ਤੇ ਬੋਲਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਨੇ ਬਹੁਤ ਮਾੜੇ ਦਿਨ ਦੇਖੇ ਹਨ ਅਤੇ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੇ ਹਲਾਤ ਵਿਗੜ ਰਹੇ ਹਨ। ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਅਤੇ ਧਰਨਿਆਂ ਕਾਰਨ ਗਲਤ ਰਾਹ 'ਤੇ ਤੁਰਨ ਨੂੰ ਕਾਹਲੀ 'ਚ ਹਨ। ਜੇਕਰ ਉਹਨਾਂ ਨਾਲ ਕੋਈ ਵੀ ਧਕਾ ਕਰੇਗਾ ਤਾਂ ਉਹ ਜਲਦ ਹੀ ਅਤਵਾਦੀ ਗਿਤਿਵੀਧੀ ਵੱਲ ਵਧ ਸਕਦੇ ਹਨ। ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ? ਇਸ ਲਈ ਲੋੜ ਹੈ ਏਕਤਾ ਕਾਇਮ ਕਰਨ ਦੀ।
ਭੜਕਾਉ ਬਿਆਨ ਦੇ ਰਹੇ ਕਿਸਾਨ
ਇਸ ਮੌਕੇ ਸੁਨੀਲ ਜਾਖੜ ਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਆਡੀਓ ਸੁਣਾਉਂਦੇ ਹੋਏ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕਿਸਾਨ ਆਗੂਆਂ ਨੂੰ ਅਜਿਹੇ ਭੜਕਾਉ ਬਿਆਨ ਦੇਣ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਨਾਲ ਹੀ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਿੰਸਾ ਦੀ ਗੱਲ ਕਿਸਾਨ ਆਗੂ ਕਰਦੇ ਹਨ ਇਹਨਾਂ ਲਈ ਹੀ ਭਾਰੀ ਪਵੇਗਾ। ਉਥੇ ਹੀ ਬਲਦੇਵ ਸਿੰਘ ਰਾਜੇਵਾਲ ਦੀ ਪ੍ਰੈਸ ਕਾਨਫਰੰਸ ਨੂੰ ਅਧਾਰ ਬਣਾ ਕੇ ਨਿਸ਼ਾਨਾ ਸਾਧਿਆ ਕਿ ਹੋਰਨਾਂ ਕਿਸਾਨ ਆਗੂ ਇਸ ਅੰਦੋਲਨ ਦੇ ਅਤੇ ਐਮ.ਐਸ.ਪੀ ਦੇ ਹੱਕ 'ਚ ਨਹੀਂ ਹਨ।