ਬਰਨਾਲਾ: ਪੰਜਾਬ ਬੰਦ ਦਾ ਬਰਨਾਲਾ ਵਿੱਚ ਸਵੇਰ ਸਮੇਂ ਭਰਵਾਂ ਹੁੰਗਾਰਾ ਮਿਲਿਆ। ਬਰਨਾਲਾ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਜਦਕਿ ਵਪਾਰ ਮੰਡਲ ਪੰਜਾਬ ਬੰਦ ਦਾ ਵਿਰੋਧ ਕਰ ਰਿਹਾ ਹੈ। ਵਪਾਰ ਮੰਡਲ ਦੇ ਅਹੁਦੇਦਾਰਾਂ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਅਤੇ ਕਾਰੋਬਾਰ ਕਰਨ ਲਈ ਅਪੀਲ ਕੀਤੀ ਗਈ। ਉੱਥੇ ਬਰਨਾਲਾ ਦੇ ਲੁਧਿਆਣਾ, ਮਾਨਸਾ ਤੇ ਚੰਡੀਗੜ੍ਹ ਰੋਡ ਉੱਪਰ ਕਿਸਾਨਾਂ ਵੱਲੋਂ ਬੈਠ ਕੇ ਜਾਮ ਕੀਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਬਰਨਾਲਾ ਦੇ ਬਾਜ਼ਾਰ ਵਿੱਚ ਮਾਰਚ ਕੀਤਾ ਗਿਆ ਅਤੇ ਡੀਐਸਪੀ ਨੇ ਲੋਕਾਂ ਨੂੰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਅਪੀਲ ਕੀਤੀ।
ਦੁਕਾਨਾਂ ਖੋਲਣ ਅਤੇ ਕਾਰੋਬਾਰ ਕਰਨ
ਇਸ ਮੌਕੇ ਵਪਾਰ ਮੰਡਲ ਦੀ ਸੂਬਾ ਆਗੂ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਅੱਜ ਪੰਜਾਬ ਬੰਦ ਦੌਰਾਨ ਵਪਾਰੀਆਂ ਦਾ ਕੋਈ ਸਾਥ ਨਹੀਂ ਹੈ। ਜਿਸ ਤਹਿਤ ਬਰਨਾਲਾ ਵਿੱਚ ਬਾਜ਼ਾਰ ਆਮ ਦਿਨਾਂ ਵਾਂਗ ਖੁੱਲ ਰਹੇ ਹਨ। ਉਹਨਾਂ ਬਰਨਾਲਾ ਦੇ ਵਪਾਰੀਆਂ ਤੇ ਦੁਕਾਨਦਾਰਾਂ ਨੇ ਅਪੀਲ ਕੀਤੀ ਕਿ ਆਪਣੀ ਆਮ ਦਿਨਾਂ ਵਾਂਗ ਦੁਕਾਨਾਂ ਖੋਲਣ ਅਤੇ ਕਾਰੋਬਾਰ ਕਰਨ। ਉਹਨਾਂ ਕਿਹਾ ਕਿ ਵਪਾਰ ਨੂੰ ਲੈ ਕੇ ਸਰਕਾਰਾਂ ਦੀਆਂ ਨੀਤੀਆਂ ਪਹਿਲਾਂ ਹੀ ਬਹੁਤ ਗਲਤ ਹਨ ਅਤੇ ਵਪਾਰ ਪਹਿਲਾਂ ਹੀ ਮੰਦੇ ਵਿੱਚ ਚੱਲ ਰਹੇ ਹਨ। ਜਿਸ ਕਰਕੇ ਆਏ ਦਿਨ ਇਸ ਤਰ੍ਹਾਂ ਪੰਜਾਬ ਬੰਦ ਕਰਨਾ ਗਲਤ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਵਪਾਰ ਪਹਿਲਾਂ ਹੀ ਅੱਤਵਾਦ ਦੀ ਭੇਂਟ ਲੰਬਾ ਸਮਾਂ ਚੜਿਆ ਰਿਹਾ ਹੈ। ਹੁਣ ਵਾਰ-ਵਾਰ ਪੰਜਾਬ ਬੰਦ ਕਰਕੇ ਵਪਾਰ ਨੂੰ ਢਾਹ ਲਾਈ ਜਾ ਰਹੀ ਹੈ।
ਪੰਜਾਬ ਨੂੰ ਬਰਬਾਦ ਕਰਨਾ ਇਹਨਾਂ ਦੀ ਮਨਸ਼ਾ
ਉਹਨਾਂ ਕਿਹਾ ਕਿ ਅੱਜ ਪੰਜਾਬ ਬੰਦ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਨਹੀਂ ਹੈ ਜਦਕਿ ਕੁਝ ਜਥੇਬੰਦੀਆਂ ਵੱਲੋਂ ਹੀ ਇਸ ਬੰਦ ਦੀ ਕਾਲ ਦਿੱਤੀ ਗਈ ਹੈ। ਜੇਕਰ ਕਿਸਾਨ ਜਥੇਬੰਦੀਆਂ ਦਾ ਕੋਈ ਮਸਲਾ ਹੈ ਤਾਂ ਉਹ ਕੇਂਦਰ ਸਰਕਾਰ ਨਾਲ ਗੱਲ ਕਰਕੇ ਮਸਲੇ ਦਾ ਹੱਲ ਕਰਨ ਜਦ ਕਿ ਇਸ ਲਈ ਪੰਜਾਬ ਬੰਦ ਕਰਨਾ ਕਾਰੋਬਾਰ ਬੰਦ ਕਰਨਾ ਤੇ ਆਵਾਜਾਈ ਠੱਪ ਕਰਨੀ ਇਸ ਦਾ ਹੱਲ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਵਪਾਰੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਪਰੰਤੂ ਇਸ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਵਪਾਰੀਆਂ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਸਾਰੀਆਂ ਗਤੀਵਿਧੀਆਂ ਰਾਜਨੀਤਿਕ ਕਾਰਵਾਈ ਹਨ ਅਤੇ ਪੰਜਾਬ ਨੂੰ ਬਰਬਾਦ ਕਰਨਾ ਇਹਨਾਂ ਦੀ ਮਨਸ਼ਾ ਹੈ ਜਿਸ ਲਈ ਉਹ ਸਫਲ ਨਹੀਂ ਹੋਣ ਦੇਣਗੇ।
ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ
ਇਸ ਮੌਕੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਸਵੇਰ ਸਮੇਂ ਬਰਨਾਲਾ ਦੇ ਬਾਜ਼ਾਰ ਬੰਦ ਹਨ। ਪੁਲਿਸ ਪ੍ਰਸ਼ਾਸਨ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਗਰਾਊਂਡ ਜ਼ੀਰੋ ਤੇ ਤੈਨਾਤ ਹੈ। ਕਿਸੇ ਵੀ ਵਿਅਕਤੀ ਨੂੰ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਹਿਰ ਵਿੱਚ ਬਰਨਾਲਾ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਅਨਸੁਖਾਵੀਂ ਘਟਨਾ ਨਾ ਵਾਪਰ ਸਕੇ। ਵਪਾਰ ਮੰਡਲ ਵੱਲੋਂ ਦੁਕਾਨਾਂ ਖੁਲਵਾਏ ਜਾਣ ਦੇ ਐਲਾਨ ਨੂੰ ਉਹਨਾਂ ਕਿਹਾ ਕਿ ਇਹ ਉਹਨਾਂ ਦਾ ਆਪਣਾ ਪ੍ਰੋਗਰਾਮ ਹੈ, ਪੁਲਿਸ ਨੇ ਸਿਰਫ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣੀ ਹੈ।
ਇਸ ਤੋਂ ਇਲਾਵਾ ਬਰਨਾਲਾ ਚੰਡੀਗੜ੍ਹ ਕੌਮੀ ਹਾਈਵੇ ਉੱਪਰ ਪਿੰਡ ਬੜਬਰ ਦੇ ਟੋਲ ਪਲਾਜਾ ਤੇ ਭਾਨਾ ਸਿੱਧੂ ਦੀ ਅਗਵਾਈ ਵਿੱਚ ਕਿਸਾਨ ਯੂਨੀਅਨ ਅਤੇ ਹੋਰ ਕਿਸਾਨਾਂ ਨੇ ਧਰਨਾ ਲਗਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਿੱਥੇ ਟੋਲ ਪਲਾਜਾ ਪੂਰੀ ਤਰ੍ਹਾਂ ਪਰਚੀ ਮੁਕਤ ਰਿਹਾ ਉੱਥੇ ਸੜਕ ਉੱਪਰ ਚੱਕਾ ਜਾਮ ਵੀ ਕੀਤਾ ਗਿਆ।