ਬਠਿੰਡਾ: ਹਲਕਾ ਤਲਵੰਡੀ ਸਾਬਤ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ 'ਚ ਅੱਜ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੋਲੀ ਚੱਲ ਗਈ। ਇਸ ਘਟਨਾ ਦਾ ਪਤਾ ਚੱਲਦੇ ਹੀ ਮੌਕੇ 'ਤੇ ਪੁਲਿਸ ਫੋਰਸ ਪਹੁੰਚ ਗਈ। ਇਸ ਘਟਨਾ ਨੂੰ ਲੈਕੇ ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਪ੍ਰਾਪਰਟੀ ਦਾ ਕੰਮ ਕਰਨ ਵਾਲੇ ਸੁਰਿੰਦਰ ਸਿੰਘ ਜਦੋਂ ਕਾਰ ਰਾਹੀਂ ਪਿੰਡ ਵਿੱਚੋਂ ਨਿਕਲ ਰਹੇ ਸਨ ਤਾਂ ਇਸ ਦੌਰਾਨ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਨੌਜਵਾਨਾਂ ਵੱਲੋਂ ਉਹਨਾਂ ਦੀ ਕਾਰ ਉੱਪਰ ਹਮਲਾ ਕਰ ਦਿੱਤਾ ਅਤੇ ਪੂਰੀ ਤਰ੍ਹਾਂ ਭੰਨ ਤੋੜ ਕੀਤੀ।
ਸੁਰੱਖਿਆ ਵਿੱਚ ਕੀਤਾ ਹਵਾਈ ਫਾਇਰ : ਇਸ ਹਮਲੇ ਦੌਰਾਨ ਗੱਡੀ ਦੇ ਸਾਰੇ ਸ਼ੀਸ਼ੇ ਟੁੱਟ ਗਏ ਅਤੇ ਕਾਰ ਚਾਲਕ ਸੁਰਿੰਦਰ ਸਿੰਘ ਜ਼ਖ਼ਮੀ ਹੋ ਗਿਆ। ਸੁਰਿੰਦਰ ਸਿੰਘ ਵੱਲੋਂ ਆਪਣੀ ਸੁਰੱਖਿਆ ਵਿੱਚ ਹਵਾਈ ਫਾਇਰ ਵੀ ਕੀਤਾ ਗਿਆ। ਇਸ ਗੋਲੀਕਾਂਡ ਦੀ ਘਟਨਾ ਤੋਂ ਬਾਅਦ ਮੌਕੇ 'ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਪਹੁੰਚਿਆ ਪਰ ਇਸ ਦੌਰਾਨ ਹੀ ਇਸ ਘਟਨਾ ਦਾ ਸ਼ਿਕਾਰ ਹੋਏ ਸੁਰਿੰਦਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ।
ਜਾਂਚ 'ਚ ਜੁਟੀ ਪੁਲਿਸ: ਇਸ ਘਟਨਾ ਦੀ ਜਾਂਚ ਕਰ ਰਹੇ ਡੀਐੱਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਉਨਾਂ ਪਾਸ ਦੋਵੇਂ ਹੀ ਧਿਰਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਉਨਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐੱਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਸੁਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੀ ਜਾਨ ਬਚਾਉਣ ਲਈ ਗੋਲੀ ਚਲਾਈ ਗਈ ਸੀ ਕਿਉਂਕਿ ਦੂਸਰੀ ਧਿਰ ਵੱਲੋਂ ਉਸ ਦੀ ਗੱਡੀ ਉੱਪਰ ਹਮਲਾ ਕੀਤਾ ਗਿਆ ਸੀ ਅਤੇ ਗੱਡੀ ਦੇ ਸ਼ੀਸ਼ੇ ਤੋੜੇ ਗਏ ਸਨ। ਉਧਰ ਦੂਸਰੀ ਧਿਰ ਦੇ ਖੁਸ਼ਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੁਰਿੰਦਰ ਪਾਲ ਸਿੰਘ ਵੱਲੋਂ ਉਸ 'ਤੇ ਗੋਲੀ ਚਲਾਈ ਗਈ ਹੈ। ਫਿਲਹਾਲ ਉਹਨਾਂ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੋਲੀ ਚੱਲੀ ਵੀ ਹੈ ਜਾਂ ਨਹੀਂ ਜੋ ਵੀ ਪੱਖ ਸਾਹਮਣੇ ਆਵੇਗਾ, ਉਹਨਾਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।