ਬਰਨਾਲਾ: ਪੰਜਾਬ ਵਿਚਲੀਆਂ ਚਾਰ ਵਿਧਾਨ ਸਭਾ ਹਲਕੇ ਦੀਆਂ ਜ਼ਿਮਨੀ ਚੋਣਾਂ 'ਚ ਇੱਕ ਸੀਟ ਹੀ ਕਾਂਗਰਸ ਦੇ ਹਿੱਸੇ ਆਈ ਹੈ। ਉਥੇ ਹੀ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਜੇਤੂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵਧਾਈ ਦਿੱਤੀ।
ਕਾਂਗਰਸ ਨੇ ਤੋੜਿਆ AAP ਦਾ ਗੜ੍ਹ
ਇਸ ਮੌਕੇ ਗੱਲਬਾਤ ਕਰਦਿਆਂ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਜਿੱਤੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਸਮੂਹ ਪਾਰਟੀ ਵਰਕਰਾਂ ਦੇ ਆਗੂਆਂ ਨੂੰ ਜਿੱਤ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਬਰਨਾਲਾ ਨੂੰ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਸੀ, ਜਿਸ ਨੂੰ ਅੱਜ ਕਾਂਗਰਸ ਪਾਰਟੀ ਨੇ ਤੋੜ ਦਿੱਤਾ ਹੈ। ਬਰਨਾਲਾ ਪੰਜਾਬ ਦੇ ਮਾਲਵਾ ਖਿੱਤੇ ਦਾ ਕੇਂਦਰੀ ਧੁਰਾ ਹੈ, ਜਿੱਥੋਂ ਹੁਣ ਆਮ ਆਦਮੀ ਪਾਰਟੀ ਦੀ ਹਾਰ ਦਾ ਸਿਲਸਿਲਾ ਸ਼ੁਰੂ ਹੋਵੇਗਾ ਤੇ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਉਹਨਾਂ ਕਿਹਾ ਕਿ ਇੱਥੋਂ ਹੀ ਆਮ ਆਦਮੀ ਪਾਰਟੀ ਸ਼ੁਰੂ ਹੋਈ ਸੀ ਅਤੇ ਇੱਥੋਂ ਹੀ ਆਮ ਆਦਮੀ ਪਾਰਟੀ ਦਾ ਅੰਤ ਸ਼ੁਰੂ ਹੋ ਗਿਆ ਹੈ।
ਅਕਾਲੀ ਦਲ ਕਰਕੇ ਹੋਈ ਸਾਡੀ ਹਾਰ
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਚੋਣ ਵਿੱਚੋਂ ਬਾਹਰ ਰਹਿਣਾ ਇੱਕ ਸਾਜਿਸ਼ ਦਾ ਹਿੱਸਾ ਰਿਹਾ ਹੈ। ਜਿਸ ਜਗ੍ਹਾ ਤੋਂ ਵੀ ਕਾਂਗਰਸ ਪਾਰਟੀ ਹਾਰੀ ਹੈ, ਉੱਥੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਹੋਇਆ ਹੈ। ਉਨ੍ਹਾਂ ਕਿਹਾ ਕਿ ਗਿੱਦੜਵਾਹਾ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਅਕਾਲੀ ਦਲ ਦੇ ਵਿੱਚੋਂ ਹੀ ਆਇਆ ਸੀ, ਜਿਸ ਕਰਕੇ ਗਿੱਦੜਬਾਹਾ ਦੇ ਚੋਣ ਨਤੀਜੇ ਸੱਤਾਧਿਰ ਦੇ ਹੱਕ ਵਿੱਚ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਚਾਰੇ ਵਿਧਾਨ ਸਭਾ ਸੀਟਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਬਿਸਤਰਾ ਗੋਲ ਹੋਇਆ ਹੈ। ਚਾਰੇ ਉਮੀਦਵਾਰ ਬੁਰੀ ਤਰ੍ਹਾਂ ਨਾਲ ਹਾਰੇ ਹਨ। ਬਾਜਵਾ ਨੇ ਕਿਹਾ ਕਿ ਹਾਰਨ ਵਾਲੇ ਤਿੰਨੇ ਵਿਧਾਨ ਸਭਾ ਹਲਕਿਆਂ ਵਿੱਚ ਵੀ ਕਾਂਗਰਸ ਪਾਰਟੀ ਦੀ ਪਹਿਲਾਂ ਨਾਲੋਂ ਵੋਟ ਵਧੀ ਹੈ।
ਪੁਲਿਸ ਦੀ ਧੱਕੇਸ਼ਾਹੀ ਖਿਲਾਫ਼ ਲੜਾਂਗੇ
ਬਰਨਾਲਾ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਉੱਪਰ ਹੋਏ ਪੁਲਿਸ ਕੇਸ ਸਬੰਧੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ, ਜੇਕਰ ਸਾਡੇ ਆਗੂਆਂ ਉੱਪਰ ਇਸੇ ਤਰ੍ਹਾਂ ਧੱਕੇਸ਼ਾਹੀ ਜਾਰੀ ਰਹੀ ਤਾਂ ਕਾਂਗਰਸ ਪਾਰਟੀ ਉਹਨਾਂ ਨਾਲ ਡੱਟ ਕੇ ਖੜੇਗੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿੱਥੋਂ ਵੀ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ, ਉਥੋਂ ਕਾਂਗਰਸ ਪਾਰਟੀ ਨੂੰ ਨਵੇਂ ਅਤੇ ਚੰਗੇ ਅਕਸ ਵਾਲੇ ਚੰਗੇ ਲੋਕ ਅੱਗੇ ਲਿਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਚਿਹਰੇ ਬਦਲਾਂਗੇ ਤਾਂ ਰਿਜਲਟ ਵੀ ਚੰਗੇ ਆਉਣਗੇ। ਉਹਨਾਂ ਕਿਹਾ ਕਿ ਸਾਨੂੰ ਪੰਜਾਬ ਦੇ ਹੋਰਨਾਂ ਹਲਕਿਆਂ ਵਿੱਚ ਵੀ ਪਾਰਟੀ ਦੇ ਮਿਹਨਤੀ ਅਤੇ ਨਵੇਂ ਆਗੂਆਂ ਦੇ ਵਰਕਰਾਂ ਨੂੰ ਮੌਕਾ ਦੇਣਾ ਪਵੇਗਾ, ਜਿਸ ਨਾਲ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ।