ਪਟਿਆਲਾ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ 'ਚ ਚੋਣ ਪ੍ਰਚਾਰ ਰੁੱਕ ਚੁੱਕਿਆ ਹੈ ਤੇ ਭਲਕੇ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਦੇ ਚੱਲਦੇ ਕਈ ਵਾਰ ਸਿਆਸੀ ਲੀਡਰ ਵੋਟਰਾਂ ਨੂੰ ਭਰਮਾਉਣ ਲਈ ਮੁਫ਼ਤ ਦਾ ਸਮਾਨ ਵੰਡਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨੂੰ ਲੈਕੇ ਪਟਿਆਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਤੇ ਬਾਜ਼ ਅੱਖ ਰੱਖ ਰਿਹਾ ਹੈ ਤਾਂ ਜੋ ਕੋਈ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਨਾ ਕਰ ਸਕੇ।
ਵੋਟਰਾਂ ਨੂੰ ਭਰਮਾਉਣ ਦੀ ਹੋ ਸਕਦੀ ਕੋਸ਼ਿਸ਼: ਇਸ ਨੂੰ ਲੈਕੇ ਪਟਿਆਲਾ ਦੇ ਡੀਸੀ ਸ਼ੌਕਤ ਅਹਿਮਦ ਦਾ ਕਹਿਣਾ ਕਿ ਵੋਟਿੰਗ ਨੂੰ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਆਖਰੀ ਕੁਝ ਘੰਟੇ ਅਜਿਹੇ ਹੁੰਦੇ ਨੇ, ਜਿਥੇ ਵੋਟਰਾਂ ਨੂੰ ਆਪਣੇ ਪਾਸੇ ਖਿੱਚਣ ਲਈ ਉਨ੍ਹਾਂ ਨੂੰ ਕਿਸੇ ਚੀਜ ਦਾ ਲਾਲਚ ਦਿੱਤਾ ਜਾਂਦਾ ਹੈ, ਜਾਂ ਮੁਫ਼ਤ ਦਾ ਸਮਾਨ ਦਿੱਤਾ ਜਾਂਦਾ ਹੈ, ਜਾਂ ਨਸ਼ਾ ਅਤੇ ਪੈਸੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਲੋਕ ਅਜਿਹਾ ਕਰਨ ਦੀ ਤਾਕ 'ਚ ਹਨ ਤਾਂ ਜੋ ਵੋਟਰਾਂ ਨੂੰ ਆਪਣੇ ਹੱਕ 'ਚ ਕਰਨ ਸਕਣ। ਇਸ ਲਈ ਉਹ ਚਿਤਾਵਨੀ ਦੇਣਾ ਚਾਹੁੰਦੇ ਹਨ ਕਿ ਅਜਿਹਾ ਨਾ ਕੀਤਾ ਜਾਵੇ ਤੇ ਜੇਕਰ ਕੋਈ ਅਜਿਹਾ ਕਰਦਾ ਫੜਿਆ ਗਿਆ ਤਾਂ ਉਹ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਡੀਸੀ ਪਟਿਆਲਾ ਨੇ ਦਿੱਤੀ ਸਖ਼ਤ ਚਿਤਾਵਨੀ: ਇਸ ਦੇ ਨਾਲ ਹੀ ਡੀਸੀ ਨੇ ਦੁਕਾਨਦਾਰਾਂ, ਹੋਲਸੇਲਰ, ਰਿਟੇਲਰ ਜਾਂ ਫਰਮ ਦੇ ਮਾਲਿਕਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਕਿਸੇ ਲੀਡਰ ਜਾਂ ਸਿਆਸੀ ਪਾਰਟੀ ਦੇ ਕਹਿਣ 'ਤੇ ਲੋਕਾਂ ਨੂੰ ਮੁਫ਼ਤ ਦੀਆਂ ਚੀਜਾਂ ਨਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਹੋਵੇਗੀ। ਡੀਸੀ ਨੇ ਕਿਹਾ ਕਿ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਾਰੇ ਦੁਕਾਨਦਾਰਾਂ ਅਤੇ ਹੋਲਸੇਲਰ ਦੇ ਟੈਕਸ ਦੀ ਜਾਣਕਾਰੀ ਰੱਖਣ ਅਤੇ ਨਾਲ ਹੀ ਇਹ ਜਾਣਕਾਰੀ ਵੀ ਰੱਖਣ ਕਿ ਉਨ੍ਹਾਂ ਨੇ ਵੋਟਾਂ ਦੇ ਨਜ਼ਦੀਕ ਕਿਸ ਨੂੰ ਆਪਣਾ ਸਮਾਨ ਵੇਚਿਆ ਜਾਂ ਖਰੀਦਿਆ ਹੈ।
ਨਿਰਪੱਖ ਚੋਣਾਂ ਕਰਵਾਉਣ ਦੀ ਆਖੀ ਗੱਲ: ਉਥੇ ਹੀ ਡੀਸੀ ਨੇ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਜਾਂ ਫਰਮ ਅਜਿਹੇ ਕਿਸੇ ਮਾਮਲੇ 'ਚ ਸ਼ਾਮਲ ਪਾਏ ਜਾਂਦੇ ਹਨ ਤਾਂ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਨਾਲ ਹੀ ਜੀਐਸਟੀ ਐਕਟ ਅਧੀਨ ਪਿਛਲੇ 6 ਸਾਲ ਦੇ ਟੈਕਸ ਦੀ ਜਾਂਚ ਕਰਕੇ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ। ਡੀਸੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਨਿਰਪੱਖ ਚੋਣਾਂ ਕਰਵਾਉਣਾ ਹੈ ਤੇ ਇਸ ਲਈ ਹੀ ਉਹ ਅਪੀਲ ਕਰਦੇ ਹਨ ਕਿ ਕਿਸੇ ਲੀਡਰ ਜਾਂ ਸਿਆਸੀ ਪਾਰਟੀ ਦੇ ਪ੍ਰੈਸ਼ਰ 'ਚ ਨਾ ਆਉਣ ਅਤੇ ਸੁਚੇਤ ਰਹਿ ਕੇ ਵੋਟ ਦਾ ਇਸਤੇਮਾਲ ਕਰਨ।