ਸੰਗਰੂਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਟਿੱਪਣੀ ਕੀਤੀ ਗਈ। ਉਹਨਾਂ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਵੱਲੋਂ ਸੱਚੇ ਮਨੋਂ ਅਸਤੀਫਾ ਦਿੱਤਾ ਹੋਵੇਗਾ ਤਾਂ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇਗੀ। ਜੇਕਰ ਉਹਨਾਂ ਨੇ ਆਪਣੇ ਫਾਇਦੇ ਲਈ ਕੋਈ ਅਸਤੀਫਾ ਦਿੱਤਾ ਹੋਵੇਗਾ ਤਾਂ ਪਾਰਟੀ ਦਾ ਜੋ ਹਾਲ ਹੈ ਇਸੇ ਤਰ੍ਹਾਂ ਹੀ ਰਹੇਗਾ।
ਅਸੂਲਾਂ ਤੋਂ ਭਟਕੇ ਬਾਦਲ
ਢਿੰਡਸਾ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਡੀ ਸੁਖਬੀਰ ਬਾਦਲ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਸੀ ਪਰ ਜਿਹੜੇ ਪਾਰਟੀ ਦੇ ਅਸੂਲ ਹਨ ਉਹਨਾਂ ਦੇ ਉੱਤੋਂ ਸੁਖਬੀਰ ਬਾਦਲ ਕਿਤੇ ਨਾ ਕਿਤੇ ਭਟਕਦੇ ਨਜ਼ਰ ਆ ਰਹੇ ਸਨ। ਉਹਨਾਂ ਦੇ ਕੁਝ ਗਲਤ ਫੈਸਲਿਆਂ ਦੇ ਕਾਰਨ ਪਾਰਟੀ ਦੀ ਬਦਨਾਮੀ ਹੋ ਰਹੀ ਸੀ। ਜਿਸ ਕਾਰਨ ਪਾਰਟੀ ਦੇ ਕੁਝ ਆਗੂ ਉਹਨਾਂ ਤੋਂ ਨਾਰਾਜ਼ ਹੋ ਕੇ ਚੁੱਪ ਕਰਕੇ ਆਪਣੇ ਘਰਾਂ ਦੇ ਵਿੱਚ ਬੈਠ ਗਏ ਸਨ। ਕਿਉਂਕਿ ਜਦੋਂ ਵੀ ਕੋਈ ਫੈਸਲਾ ਹੁੰਦਾ ਸੀ ਤਾਂ ਉਹਨਾਂ ਵੱਲੋਂ ਕਿਸੇ ਵੀ ਆਗੂ ਦੀ ਸਲਾਹ ਨਹੀਂ ਲਈ ਜਾਂਦੀ ਸੀ। ਜਿਸ ਕਾਰਨ ਪਾਰਟੀ ਨੂੰ ਵੱਡਾ ਨੁਕਸਾਨ ਹੁੰਦਾ ਸੀ।
ਉਹਨਾਂ ਕਿਹਾ ਕਿ ਅਸੀਂ ਇਸ ਸਬੰਧ ਦੇ ਵਿੱਚ ਕਈ ਵਾਰ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਬੇਨਤੀਆਂ ਕੀਤੀਆਂ, ਪਰ ਉਹਨਾਂ ਨੇ ਸਾਡੀ ਕਿਸੇ ਵੀ ਗੱਲ ਦੀ ਸੁਣਵਾਈ ਨਹੀਂ ਕੀਤੀ। ਜਿਸ ਦੇ ਨਤੀਜੇ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਪਾਰਟੀ ਦੀ ਬਦਨਾਮੀ ਹੁੰਦੀ ਸੀ, ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਤੇ ਬਾਅਦ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦੇਰ ਆਏ ਪਰ ਦਰੁਸਤ ਆਏ। ਜਿਸ ਨਾਲ ਜਿਹੜੇ ਨਾਰਾਜ਼ ਪਾਰਟੀ ਵਰਕਰ ਹਨ ਉਹਨਾਂ ਨੂੰ ਦੁਬਾਰੇ ਪਾਰਟੀ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਪਰਮਿੰਦਰ ਸਿੰਘ ਢਿੰਡਸਾ ਨੇ ਕਿਹਾ ਕਿ ਕੋਈ ਵੀ ਸਾਫ ਛਵੀ ਵਾਲਾ ਵਿਅਕਤੀ ਜੇਕਰ ਪਾਰਟੀ ਦੀ ਨੁਮਾਇੰਦਗੀ ਕਰਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ।