ਲੁਧਿਆਣਾ/ਚੰਡੀਗੜ੍ਹ: ਅੱਜ ਨਗਰ ਨਿਗਮ, ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਸੂਬੇ ਭਰ 'ਚ ਹੋਈਆਂ ਹਨ। ਜਿਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਚ ਮੁੱਖ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇੰਨ੍ਹਾਂ ਚੋਣਾਂ 'ਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਵੀ ਕਈ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਤੇ ਕੁਝ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਵੀ ਚਮਕੀ ਹੈ। ਇਸ ਖ਼ਬਰ 'ਚ ਤੁਹਾਨੂੰ ਪੰਜਾਬ ਦੇ ਓਵਰਆਲ ਨਤੀਜੇ ਦੱਸਣ ਜਾ ਰਹੇ ਹਾਂ।
ਲੁਧਿਆਣਾ 'ਚ 'ਆਪ' ਨੂੰ ਬਹੁਮਤ
ਲੁਧਿਆਣਾ ਨਗਰ ਨਿਗਮ ਦੇ ਲਈ ਅੱਜ ਚੋਣਾਂ ਮੁਕੰਮਲ ਹੋਣ ਤੋਂ ਬਾਅਦ ਨਤੀਜੇ ਆ ਚੁੱਕੇ ਹਨ। ਇਥੇ ਮਹਿਜ਼ 46.45 ਫੀਸਦੀ ਕੁੱਲ ਵੋਟਿੰਗ ਹੋਈ ਹੈ, ਜਿਸ ਕਾਰਨ ਜਿੱਤ ਹਾਰ ਦਾ ਮਾਰਜਨ ਵੀ ਕਾਫੀ ਘੱਟ ਗਿਆ। ਦੇਰ ਰਾਤ ਤੱਕ ਕਾਫੀ ਹੰਗਾਮਾ ਹੁੰਦਾ ਰਿਹਾ। ਲੁਧਿਆਣੇ ਦੀ ਡਿਪਟੀ ਕਮਿਸ਼ਨਰ ਨੂੰ ਬੂਥ ਕੈਪਚਰਿੰਗ ਦੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ। ਜੇਕਰ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ 95 ਵਾਰਡਾਂ ਦੇ ਵਿੱਚੋਂ 41 ਵਾਰਡਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਐਲਾਨੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 30 ਵਾਰਡਾਂ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ ਹਨ। ਇਸ ਤੋਂ ਇਲਾਵਾ ਭਾਜਪਾ ਦੇ 19 ਉਮੀਦਵਾਰ ਜੇਤੂ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ 2 ਉਮੀਦਵਾਰ ਚੋਣ ਜਿੱਤਣ 'ਚ ਕਾਮਯਾਬ ਰਹੇ, ਜਦੋਂ ਕਿ 3 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ ਨੇ। ਜਦਕਿ ਬਾਕੀ ਵਾਰਡਾਂ 'ਤੇ ਹਾਲੇ ਨਤੀਜੇ ਘੋਸ਼ਿਤ ਨਹੀਂ ਕੀਤੇ ਗਏ ਨੇ।
ਸਾਬਕਾ ਮੰਤਰੀ ਅਤੇ AAP ਵਿਧਾਇਕਾਂ ਦੀਆਂ ਧਰਮ ਪਤਨੀਆਂ ਦੀ ਹਾਰ
ਅੱਜ ਨਗਰ ਨਿਗਮ ਦੇ 95 ਵਾਰਡਾਂ ਦੇ ਆਏ ਨਤੀਜਿਆਂ ਦੇ ਵਿੱਚ ਕਈ ਦਿੱਗਜਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਐਮਐਲਏ ਗੁਰਪ੍ਰੀਤ ਗੋਗੀ ਦੀ ਪਤਨੀ ਸੁਖਚੈਨ ਕੌਰ ਨੂੰ ਕਾਂਗਰਸ ਦੀ ਪਰਮਿੰਦਰ ਕੌਰ ਨੇ ਮਾਤ ਦਿੱਤੀ। ਸੁਖਚੈਨ ਕੌਰ ਨੂੰ 86 ਵੋਟਾਂ ਤੋਂ ਹਾਰ ਗਈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਤੋਂ ਐਮਐਲਏ ਅਸ਼ੋਕ ਪਰਾਸ਼ਰ ਦੀ ਧਰਮ ਪਤਨੀ ਮੀਨੂ ਪਰਾਸ਼ਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਦੀ ਪੂਨਮ ਰਤਰਾ ਨੇ ਐਮਐਲਏ ਪੱਪੀ ਦੀ ਪਤਨੀ ਨੂੰ ਮਾਤ ਦੇ ਦਿੱਤੀ, ਇਸ 'ਚ 574 ਵੋਟਾਂ ਦੇ ਫਰਕ ਨਾਲ ਭਾਜਪਾ ਦੀ ਉਮੀਦਵਾਰ ਜੇਤੂ ਰਹੀ। ਇਸੇ ਤਰ੍ਹਾਂ ਵਾਰਡ ਨੰਬਰ 60 ਤੋਂ ਜਿਸ ਨੂੰ ਕਾਫੀ ਅਹਿਮ ਵਾਰਡ ਮੰਨਿਆ ਜਾ ਰਿਹਾ ਸੀ, ਉਥੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਬੱਬਲ ਜੇਤੂ ਰਹੇ, ਜਿਨਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਨੂੰ ਮਾਤ ਦਿੱਤੀ ਗਈ। ਮਮਤਾ ਆਸ਼ੂ ਨੂੰ 1072 ਵੋਟਾਂ ਦੇ ਫਰਕ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਾਤ ਦਿੱਤੀ।
ਆਪ ਲਈ ਮੇਅਰ ਦੀ ਕੁਰਸੀ ਦਾ ਸੌਖਾ ਨਹੀਂ ਰਾਹ
ਹਾਲਾਂਕਿ ਆਮ ਆਦਮੀ ਪਾਰਟੀ ਦੇ 41 ਵਾਰਡ ਦੇ ਵਿੱਚ ਜਿੱਤ ਤਾਂ ਹਾਸਿਲ ਕਰਨ ਲਈ ਪਰ ਮੇਅਰ ਬਣਾਉਣ ਲਈ 47 ਤੋਂ ਵੱਧ ਕੌਂਸਲਰਾਂ ਦੀ ਲੋੜ ਹੋਵੇਗੀ। ਜਿਸ ਵਿੱਚ ਆਜ਼ਾਦ ਉਮੀਦਵਾਰ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।
ਜਲੰਧਰ ਨਗਰ ਨਿਗਮ 'ਚ 'ਆਪ' ਦੀ ਝੰਡੀ
ਜਲੰਧਰ ਨਗਰ ਨਿਗਮ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਨਤੀਜੇ ਆ ਚੁੱਕੇ ਹਨ। ਇਥੇ ਬੇਸ਼ੱਕ ਟੱਕਰ ਕਾਂਗਰਸ ਤੇ ਆਪ 'ਚ ਦੇਖਣ ਨੂੰ ਮਿਲੀ ਪਰ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕਰ ਲਈ। ਦੱਸ ਦਈਏ ਕਿ ਜਲੰਧਰ ਨਗਰ ਨਿਗਮ ਦੇ ਕੁੱਲ ਵਾਰਡ 85 ਹਨ, ਜਿੰਨ੍ਹਾਂ 'ਚ ਸਾਰੀਆਂ ਸੀਟਾਂ ਦੇ ਨਤੀਜੇ ਘੋਸ਼ਿਤ ਹੋ ਚੁੱਕੇ। ਇਸ 'ਚ 'ਆਪ' ਹਿੱਸੇ 39 ਸੀਟਾਂ, ਕਾਂਗਰਸ ਕੋਲ 24 ਸੀਟਾਂ, ਭਾਜਪਾ ਨੇ 19 ਸੀਟਾਂ ਜਿੱਤੀਆਂ। ਇਸ ਤੋਂ ਇਲਾਵਾ 3 ਆਜ਼ਾਦ ਉਮੀਦਵਾਰ ਵੀ ਇੰਨ੍ਹਾਂ ਚੋਣਾਂ 'ਚ ਲੋਕਾਂ ਦੀ ਪਸੰਦ ਰਹੇ ਹਨ।
ਬਠਿੰਡਾ 'ਚ 'ਆਪ' ਹਿੱਸੇ ਆਈ ਜਿੱਤ
ਉਥੇ ਹੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਜਨਰਲ ਤੇ ਉਪ ਚੋਣਾਂ ਦੌਰਾਨ ਅੱਜ ਜ਼ਿਲ੍ਹੇ ਭਰ ਵਿੱਚ ਕੁੱਲ 66.67 ਫੀਸਦੀ ਵੋਟਿੰਗ ਹੋਈ ਹੈ। ਜ਼ਿਲ੍ਹਾ ਚੋਣ ਅਫਸਰ ਨੇ ਅੱਗੇ ਦੱਸਿਆ ਕਿ ਨਗਰ ਨਿਗਮ ਬਠਿੰਡਾ ਦੇ 48 ਨੰਬਰ ਵਾਰਡ 'ਤੇ ਨਗਰ ਕੌਂਸਲ ਗੋਨਿਆਣਾ ਦੇ 9 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੇ ਉਮਦੀਵਾਰ ਜੇਤੂ ਰਹੇ। ਇਸੇ ਤਰ੍ਹਾਂ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 4 ਵੱਖ-ਵੱਖ ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦਾ 1 ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
ਬਠਿੰਡਾ 'ਚ ਇਕੱਠੇ 11 ਆਜ਼ਾਦ ਉਮੀਦਵਾਰਾਂ ਦੀ ਜਿੱਤ
ਇਸੇ ਤਰ੍ਹਾਂ ਨਗਰ ਕੌਂਸਲ ਰਾਮਪੁਰਾ ਫੂਲ ਤੋਂ 21 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 9 ਸੀਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ 1 ਸੀਟ ਅਤੇ ਆਜ਼ਾਦ ਉਮੀਦਵਾਰਾਂ ਨੇ 11 ਸੀਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਨਗਰ ਕੌਂਸਲ ਤਲਵੰਡੀ ਸਾਬੋ ਦੇ 15 ਵੱਖ-ਵੱਖ ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 9 ਸੀਟਾਂ, ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਨੇ 1 ਸੀਟ, ਆਜ਼ਾਦ ਉਮੀਦਵਾਰਾਂ ਨੇ 3 ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 2 ਸੀਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਨਗਰ ਪੰਚਾਇਤ ਭਾਈਰੂਪਾ ਦੇ 6 ਨੰਬਰ ਵਾਰਡ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅਤੇ ਨਗਰ ਕੌਂਸਲ ਮੌੜ ਤੋਂ ਅਜ਼ਾਦ ਉਮੀਦਵਾਰ ਜੇਤੂ ਰਹੇ।
ਰਾਜਪੁਰਾ, ਨਾਭਾ ਤੇ ਪਾਤੜਾਂ 'ਚ AAP ਦੀ ਜਿੱਤ
ਇਸ ਦੇ ਨਾਲ ਹੀ ਨਗਰ ਪੰਚਾਇਤ ਘੱਗਾ ਦੀਆਂ 12 ਵਾਰਡਾਂ ਲਈ 77.06 ਫ਼ੀਸਦੀ ਵੋਟਿੰਗ ਹੋਈ ਹੈ, ਜਦਕਿ ਭਾਦਸੋਂ ਨਗਰ ਪੰਚਾਇਤ ਦੀਆਂ 11 ਵਾਰਡਾਂ ਲਈ 74.26 ਫ਼ੀਸਦੀ ਵੋਟਾਂ ਪਈਆਂ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਰਾਜਪੁਰਾ, ਨਾਭਾ ਤੇ ਪਾਤੜਾਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਦੀ ਚੋਣ 'ਚ ਆਪ ਦੇ 8, ਆਜ਼ਾਦ 4 ਤੇ ਕਾਂਗਰਸ ਦਾ 1 ਉਮੀਦਵਾਰ ਜੇਤੂ ਰਹਿਣ ਸਮੇਤ ਭਾਦਸੋਂ ਨਗਰ ਪੰਚਾਇਤ 'ਚ ਆਪ ਦੇ 5, ਆਜ਼ਾਦ 3 ਤੇ ਬੀ.ਜੇ.ਪੀ. ਦੇ 2 ਤੇ ਸ਼੍ਰੋਮਣੀ ਅਕਾਲੀ ਦਲ ਦਾ 1 ਉਮੀਦਵਾਰ ਜੇਤੂ ਰਹੇ ਹਨ।
ਪਟਿਆਲਾ 'ਚ AAP ਤਾਂ ਫਗਵਾੜਾ 'ਚ ਕਾਂਗਰਸ ਦਾ ਬਣੇਗਾ ਮੇਅਰ
ਪਟਿਆਲਾ ਅਤੇ ਫਗਵਾੜਾ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪਟਿਆਲਾ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਜਦੋਂਕਿ ਫਗਵਾੜਾ ਨਗਰ ਨਿਗਮ 'ਚ ਕਾਂਗਰਸ ਦੀ ਜਿੱਤ ਹੋਈ ਹੈ, ਹੁਣ ਇਹ ਤੈਅ ਹੋ ਗਿਆ ਹੈ ਕਿ ਪਟਿਆਲਾ ਦਾ ਮੇਅਰ ਬਣੇਗਾ। ਕਾਂਗਰਸ ਨੂੰ ਫਗਵਾੜਾ ਦਾ ਮੇਅਰ ਬਣਾਇਆ ਜਾਵੇਗਾ। ਪਟਿਆਲਾ ਵਿੱਚ ਆਮ ਆਦਮੀ ਪਾਰਟੀ ਦੇ 45, ਭਾਜਪਾ ਦੇ 4, ਕਾਂਗਰਸ ਅਤੇ ਅਕਾਲੀ ਦਲ ਦੇ 3-3 ਉਮੀਦਵਾਰ ਜੇਤੂ ਰਹੇ ਹਨ। ਪਟਿਆਲਾ ਵਿੱਚ ਨਾਮਜ਼ਦਗੀ ਦੌਰਾਨ ਹੋਈ ਧਾਂਦਲੀ ਕਾਰਨ ਹਾਈਕੋਰਟ ਨੇ 7 ਵਾਰਡਾਂ ਵਿੱਚ ਚੋਣਾਂ ਨਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ। ਜਦੋਂ ਕਿ ਫਗਵਾੜਾ ਨਗਰ ਨਿਗਮ ਵਿੱਚ ਕਾਂਗਰਸ ਦੇ 22, ਆਮ ਆਦਮੀ ਪਾਰਟੀ ਦੇ 12, ਭਾਜਪਾ ਦੇ 5, ਅਕਾਲੀ ਦਲ ਦੇ 2 ਅਤੇ 3 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।
ਕਾਂਗਰਸ ਨੇ ਕਬਜ਼ੇ 'ਚ ਅੰਮ੍ਰਿਤਸਰ ਨਗਰ ਨਿਗਮ
ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਨਗਰ ਨਿਗਮ 'ਚ ਕਾਂਗਰਸ ਨੇ ਕਬਜ਼ਾ ਕੀਤਾ ਹੈ। ਅੰਮ੍ਰਿਤਸਰ ਦੇ ਨਤੀਜਿਆਂ 'ਚ ਇਹ ਸਪੱਸ਼ਟ ਹੋ ਗਿਆ ਹੈ ਕਿ ਉਥੇ ਕਾਂਗਰਸ ਦੇ 43, ਆਮ ਆਦਮੀ ਪਾਰਟੀ ਦੇ 24, ਭਾਜਪਾ ਦੇ 9, ਸ਼੍ਰੋਮਣੀ ਅਕਾਲੀ ਦਲ ਦੇ 4 ਅਤੇ ਆਜ਼ਾਦ 5 ਕੌਂਸਲਰ ਬਣੇ ਹਨ। ਜਿਸ ਤੋਂ ਇਹ ਸਪੱਸ਼ਟ ਹੈ ਕਿ ਉਥੇ ਕਾਂਗਰਸ ਦਾ ਮੇਅਰ ਬਣੇਗਾ।
ਨਗਰ ਪੰਚਾਇਤਾਂ 'ਚ ਵੀ ਆਪ ਦੀ ਝੰਡੀ
ਉਥੇ ਹੀ ਬਰਨਾਲਾ ਦੀ ਨਗਰ ਪੰਚਾਇਤ ਹੰਡਿਆਇਆ ਦੀ ਗੱਲ ਕੀਤੀ ਜਾਵੇ ਤਾਂ ਉਥੇ 13 ਵਿਚੋਂ 10 ਸੀਟਾਂ 'ਤੇ ਆਮ ਆਦਮੀ ਪਾਰਟੀ ਨੇ ਕਬਜ਼ਾ ਕੀਤਾ ਹੈ। ਇਸ ਤੋਂ ਇਲਾਵਾ ਦੋ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਤੇ ਇੱਕ ਸੀਟ 'ਤੇ ਕਾਂਗਰਸ ਦਾ ਉਮੀਦਵਾਰ ਜਿੱਤਿਆ ਹੈ, ਜਿਸ ਨੂੰ ਕਿ ਇੱਕ ਵੋਟ ਨਾਲ ਜਿੱਤ ਨਸੀਬ ਹੋਈ ਹੈ। ਇਸ ਤੋਂ ਇਲਾਵਾ ਪਠਾਨਕੋਟ ਨਗਰ ਪੰਚਾਇਤ 'ਚ ਫਸਵਾਂ ਮੁਕਾਬਲਾ ਸੀ, ਜਿਥੇ ਕੁੱਲ 11 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਹਿੱਸੇ 5-5 ਸੀਟਾਂ ਆਈਆਂ ਹਨ, ਜਦਕਿ ਇੱਕ ਸੀਟ 1 ਭਾਜਪਾ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।