ਅੰਮ੍ਰਿਤਸਰ : ਸਾਲ ਦੇ 365 ਦਿਨਾਂ ਵਿੱਚ ਸਕੂਲਾਂ ਦੇ ਵਿੱਚ ਬਹੁਤ ਸਾਰੀਆਂ ਸਰਕਾਰੀ ਛੁੱਟੀਆਂ ਦੇਖਣ ਨੂੰ ਮਿਲਦੀਆਂ ਹਨ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਤਾਂ ਲਗਾਤਾਰ ਕਈ ਕਈ ਦਿਨ ਸਕੂਲ ਬੰਦ ਰਹਿੰਦੇ ਹਨ। ਜਿਸ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਹੁਣ ਪ੍ਰਾਈਵੇਟ ਸਕੂਲਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਰਕਾਰੀ ਛੁੱਟੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ ਦੇ ਤਰਨਤਾਰਨ ਰੋਡ ਦੇ ਉੱਪਰ ਪ੍ਰੈਸ ਕਾਨਫਰੰਸ ਉਹਨਾਂ ਦੱਸਿਆ ਕਿ ਸਾਲ ਦੇ 365 ਦਿਨਾਂ ਦੇ ਵਿੱਚ ਮੁਸ਼ਕਿਲ ਦੇ ਨਾਲ 180 ਦਿਨਾਂ ਦੇ ਕਰੀਬ ਹੀ ਸਕੂਲ ਲੱਗਦੇ ਹਨ ਅਤੇ ਬਾਕੀ ਦਿਨ ਛੁੱਟੀਆਂ ਰਹਿੰਦੀਆਂ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਮੌਕੇ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲਾਂ ਦਾ ਕਹਿਣਾ ਹੈ ਕਿ ਸਕੂਲ ਚ ਸਿਰਫ ਐਤਵਾਰ ਦੇ ਦਿਨ ਹੀ ਛੁੱਟੀ ਹੋਣੀ ਚਾਹੀਦੀ ਹੈ। ਅਗਰ ਕਿਸੇ ਤਿਉਹਾਰ ਤੇ ਸਰਕਾਰੀ ਛੁੱਟੀ ਹੁੰਦੀ ਹੈ ਤਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਉਸ ਤਿਉਹਾਰ ਦਾ ਇਤਿਹਾਸ ਪੜਾਉਣਾ ਚਾਹੀਦਾ ਹੈ ਅਤੇ ਹੋਰ ਐਕਟੀਵਿਟੀਜ਼ ਕਰਵਾਉਣੀ ਚਾਹੀਦੀ ਹੈ ਤਾਂ ਕਿ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ।
ਉਹਨਾਂ ਕਿਹਾ ਕਿ ਪਿਛਲੇ ਦਿਨੀ ਸੰਤ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਤੇ ਸਰਕਾਰੀ ਛੁੱਟੀ ਕਰ ਦਿੱਤੀ ਗਈ ਅਤੇ ਈਦ ਵਿਸਾਖੀ, ਨਵਰਾਤਰੇ ਤੇ ਹੋਰ ਕਈ ਤਿਉਹਾਰਾਂ ਦੀਆਂ ਛੁੱਟੀਆਂ ਲਗਾਤਾਰ ਆ ਰਹੀਆਂ, ਜਿਸ ਨਾਲ ਕਿ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਿਰਫ ਐਤਵਾਰ ਦੇ ਦਿਨ ਦੀ ਹੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀ ਦੇ ਹੁਕਮ ਕੀਤੇ ਜਾਣ ਤਾਂ ਜੋ ਕਿ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜਾ ਕੇ ਉਹਨਾਂ ਦਾ ਚੰਗਾ ਭਵਿੱਖ ਬਣਾਇਆ ਜਾ ਸਕੇ। ਇਸ ਸੰਬੰਧੀ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਲਗਾਤਾਰ ਕਈ ਕਈ ਦਿਨ ਛੁੱਟੀਆਂ ਕਰਨ ਨਾਲ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ।