ਪਠਾਨਕੋਟ: ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਣ ਗਏ ਜ਼ਿਲ੍ਹਾ ਪਠਾਨਕੋਟ ਦੇ ਇੱਕ ਸ਼ਖਸ ਦੀ ਅਮਰੀਕਾ ਵਿੱਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮ੍ਰਿਤਕ ਅਮਨਦੀਪ ਸਿੰਘ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਧੁੱਪਸੜੀ ਦਾ ਰਹਿਣ ਵਾਲਾ ਹੈ। ਮ੍ਰਿਤਕ ਦੋ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ। ਆਪਣੇ ਪਿੱਛੇ 4 ਸਾਲ ਦਾ ਬੇਟਾ, 9 ਸਾਲ ਦੀ ਬੇਟੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਛੱਡ ਗਿਆ ਹੈ। ਪਰਿਵਾਰ ਨੇ ਸਰਕਾਰ ਕੋਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ।
ਪਿੰਡ ਵਿੱਚ ਛਾਇਆ ਮਾਤਮ
ਪੰਜਾਬ ਦੇ ਕਈ ਨੌਜਵਾਨ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਅਤੇ ਇਦਾਂ ਦਾ ਹੀ ਇੱਕ ਨੌਜਵਾਨ ਸੀ ਪਿੰਡ ਧੁੱਪਸੜੀ ਵਿਧਾਨ ਸਭਾ ਹਲਕਾ ਭੋਆ ਦਾ ਰਹਿਣ ਵਾਲਾ ਅਮਨਦੀਪ ਸਿੰਘ, ਜੋ ਕਿ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਜਦੋਂ ਪਿੰਡ ਪੁੱਜੀ ਤਾਂ ਪਿੰਡ ਵਿੱਚ ਮਾਤਮ ਛਾ ਗਿਆ। ਅਮਨਦੀਪ ਸਿੰਘ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਦੋ ਛੋਟੇ ਛੋਟੇ ਬੱਚੇ ਵੀ ਹਨ, ਜੋ ਰੋਂਦੇ ਬਿਲਖਦੇ ਦਿਖਾਈ ਦਿੱਤੇ। ਪਿਤਾ ਨੇ ਰੋਂਦੇ ਹੋਏ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਵਾਪਸ ਲਿਆਂਦੀ ਜਾਵੇ।
ਜਦੋਂ ਵੀ ਉਹ ਫੋਨ ਕਰਦਾ ਸੀ ਮੇਰਾ ਹਾਲ-ਚਾਲ ਪੁੱਛਦਾ ਰਹਿੰਦਾ ਸੀ। ਮੇਰੇ ਘਰ ਵਿੱਚ ਸਿਰਫ ਉਹੀ ਕਮਾਉਣ ਵਾਲਾ ਸੀ। ਉਹੀ ਘਰ ਦੀ ਰੋਜ਼ੀ-ਰੋਟੀ ਚਲਾਉਂਦਾ ਸੀ, ਜੋ ਸਤੰਬਰ 2022 ਵਿੱਚ ਅਮਰੀਕਾ ਗਿਆ। ਪਹਿਲਾਂ ਉੱਥੇ ਰੇਸਤਰਾਂ ਵਿੱਚ ਕੰਮ ਕੀਤਾ ਅਤੇ ਫਿਰ ਡਰਾਈਵਿੰਗ ਲਾਇਸੈਂਸ ਬਣਵਾਇਆ ਅਤੇ ਵਰਕ ਪਰਮਿਟ ਮਿਲ ਗਿਆ। ਫਿਰ ਦੋ ਦਿਨ ਪਹਿਲਾਂ ਹੀ ਟਰਾਲਾ ਲੈ ਕੇ ਗਿਆ ਅਤੇ ਮੈਕਸੀਕੋ ਪਹੁੰਚਿਆ, ਜਿੱਥੋ ਉਸ ਨੇ ਮੇਰੇ ਨਾਲ ਆਖਰੀ ਵਾਰ ਗੱਲ ਕੀਤੀ। ਮੈਕਸੀਕੋ ਵਿੱਚ ਹੀ ਇਹ ਮੰਦਭਾਗਾ ਭਾਣਾ ਵਾਪਰ ਗਿਆ। - ਮ੍ਰਿਤਕ ਦੇ ਪਿਤਾ
ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਜਿਸ ਤੋਂ ਬਾਅਦ ਉਸ ਦੇ ਨਾਲ ਲਗਾਤਾਰ ਗੱਲਬਾਤ ਹੋ ਰਹੀ ਸੀ। ਬੀਤੀ ਰਾਤ ਵੀ ਉਸ ਨਾਲ ਗੱਲਬਾਤ ਹੋਈ, ਪਰ ਸਵੇਰੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਅਮਨਦੀਪ ਸਿੰਘ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ, ਤਾਂ ਕਿ ਉਹ ਉਸ ਦਾ ਆਖਰੀ ਵਾਰ ਮੂੰਹ ਵੇਖ ਸਕਣ।