ਸ੍ਰੀ ਮੁਕਤਸਰ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਜਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸ਼ਲ ਵਿਚ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ ਹੈ। ਨਗਰ ਕੌਂਸ਼ਲ ਪ੍ਰਧਾਨ ਦੀ ਕੁਰਸੀ ਜਿਸ 'ਤੇ ਕਾਂਗਰਸ ਦੇ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਬਿਰਾਜਮਾਨ ਦੇ ਵਿਰੁੱਧ ਹੁਣ ਕਾਂਗਰਸ ਵੱਲੋਂ ਚੋਣ ਜਿੱਤੇ ਕੌਂਸ਼ਲਰਾਂ ਨੇ ਹੀ ਮੋਰਚਾ ਖੋਲ ਦਿੱਤਾ ਹੈ।
11 ਕੌਂਸਲਰਾਂ ਨੇ ਇੱਕ ਲਿਖਤੀ ਪੱਤਰ ਦਿੱਤਾ: ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੂੰ 11 ਕੌਂਸਲਰਾਂ ਨੇ ਇੱਕ ਲਿਖਤੀ ਪੱਤਰ ਦਿੱਤਾ। ਜਿਸ ਵਿਚ ਪ੍ਰਧਾਨ ਨੂੰ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਆਖਿਆ ਗਿਆ ਹੈ। ਕਾਰਜ ਸਾਧਕ ਅਫ਼ਸਰ ਨੇ ਇਸ ਸਬੰਧੀ ਲਿਖਤੀ ਤੌਰ 'ਤੇ ਪ੍ਰਧਾਨ ਨੂੰ ਸੂਚਿਤ ਕਰਦਿਆ 14 ਦਿਨਾਂ ਦੇ ਵਿਚ ਮੀਟਿੰਗ ਸੱਦ ਕੇ ਭਰੋਸੇ ਦਾ ਵੋਟ ਸਾਬਿਤ ਕਰਨ ਲਈ ਆਖਿਆ ਹੈ। ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਇਸ ਪੱਤਰ ਦੇ ਜਿੰਨ੍ਹਾ 11 ਕੌਂਸਲਰਾਂ ਦੇ ਦਸਤਖਤ ਹਨ ਉਹਨਾਂ ਵਿੱਚੋਂ 10 ਕਾਂਗਰਸ ਦੇ ਚੋਣ ਨਿਸ਼ਾਨ ਪੰਜੇ 'ਤੇ ਚੌਣ ਲੜ੍ਹ ਕੇ ਕੌਂਸਲਰ ਬਣੇ ਹਨ।
ਵਿਕਾਸ ਨੂੰ ਲੈ ਕੇ ਹਰ ਪੱਖੋਂ ਫੇਲ੍ਹ ਸਾਬਤ ਹੋਏ : ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆਂ ਨੇ ਕਥਿਤ ਕੌਂਸਲਰਾਂ ਨਾਲ ਪੱਖਪਾਤ ਕੀਤਾ ਤੇ ਸ਼ਹਿਰ ਦੇ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦਾ ਏਜੰਡਾ ਜਾਣਬੁੱਝ ਕੇ ਦੇਰੀ ਨਾਲ ਪਹੁੰਚਾਉਂਦੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਸ਼ੰਮੀ ਤੇਹਰੀਆਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਹਰ ਪੱਖੋਂ ਫੇਲ੍ਹ ਸਾਬਤ ਹੋਏ ਹਨ, ਜਿਸ ਕਾਰਨ ਸ਼ਹਿਰ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ। ਇਸ ਮੌਕੇ ਕੌਂਸਲਰ ਗੁਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਵੱਲੋਂ ਕੌਂਸਲਰਾਂ ਨਾਲ ਮੇਲ-ਜੋਲ ਵੀ ਬਣਾ ਕੇ ਨਹੀਂ ਰੱਖਿਆ ਗਿਆ।
ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਰਜਨੀਸ਼ ਕੁਮਾਰ ਨੇ ਕਿਹਾ ਕਿ 11 ਕੌਂਸਲਰਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਹਰੀਆਂ ਖਿਲਾਫ਼ ਬੇ-ਭਰੋਸਗੀ ਦਾ ਮਤਾ ਪਾਇਆ ਹੈ ਜੋ ਪ੍ਰਧਾਨ ਨੂੰ ਭੇਜ ਦਿੱਤਾ ਜਾਵੇਗਾ। ਕੌਂਸਲ ਪ੍ਰਧਾਨ ਸ਼ੰਮੀ ਤੇਹਰੀਆ ਨੇ ਦੱਸਿਆ ਕਿ ਉਹ ਸ਼ਹਿਰ ਤੋਂ ਬਾਹਰ ਹੋਣ ਕਰਕੇ ਬੈਠਕ ਵਿੱਚ ਸ਼ਾਮਲ ਨਹੀਂ ਹੋਏ| ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਨਿਰਪੱਖ ਤਰੀਕੇ ਨਾਲ ਕੰਮ ਕੀਤੇ ਹਨ।ਸ਼ਹਿਰ ਵਾਸੀ ਅਤੇ ਕੌਂਸਲਰ ਉਨ੍ਹਾਂ ਦੇ ਨਾਲ ਹਨ| ਉਹ ਬੇ-ਭਰੋਸਗੀ ਮਤੇ ਦਾ ਸਾਹਮਣਾ ਕਰਨਗੇ ਅਤੇ ਰੱਦ ਕਰਨਗੇ।