ਅੰਮ੍ਰਿਤਸਰ: ਸਰਕਾਰੀ ਅਧਿਕਾਰੀਆਂ ਵੱਲੋਂ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਇੱਕ ਕੰਮ ਲਈ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾਂਦਾ, ਇਸ ਸਬੰਧੀ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਰਪੰਚ ਨੇ ਸਿਰਫ਼ ਰਿਕਾਡਿੰਗ ਕਰਨ ਲਈ ਨਵਾਂ ਫੋਨ ਲਿਆ ਪਰ ਮਾਮਲਾ ਇੰਨ੍ਹਾ ਵੱਧ ਗਿਆ ਕਿ ਕਿਸਾਨ ਜੱਥੇਬੰਦੀਆਂ ਨੂੰ ਧਰਨਾ ਤੱਕ ਲਗਾਉਣਾ ਪੈ ਗਿਆ।
ਕੀ ਹੈ ਪੂਰਾ ਮਾਮਲਾ ?
ਦਰਅਸਲ ਆਮ ਆਦਮੀ ਪਾਰਟੀ ਨਾਲ ਜੁੜੇ ਸਰਪੰਚ ਗੁਰਪ੍ਰੀਤ ਸਿੰਘ ਨੇ ਆਪਣੇ ਹੀ ਵਿਧਾਇਕ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਟਾਰੀ ਦੇ ਸਰਪੰਚ ਨੇ ਪੰਚਾਇਤੀ ਵਿਭਾਗ ਅਤੇ ਬੀਡੀਪੀਓ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਾਨੂੰ 3 ਮਹੀਨੇ ਤੋਂ ਲਾਅਰੇ ਲਾਏ ਜਾ ਰਹੇ ਹਨ। ਪਿੰਡ 'ਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਬੀਡੀਓ ਵੱਲੋਂ ਵੀ ਟਾਲੇ ਲਗਾਏ ਜਾ ਰਹੇ ਹਨ, ਸਾਰੇ ਮਾਮਲੇ ਤੋਂ ਦੁਖੀ ਹੋਏ ਸਰਪੰਚ ਨੇ ਪੰਚਾਇਤੀ ਵਿਭਾਗ 'ਚ ਜਾ ਕੇ ਵੀਡੀਓ ਬਣਾਈ ਅਤੇ ਉਹ ਵੀਡੀਓ ਵਾਇਰਲ ਹੋ ਗਈ।
ਬੀਡੀਪੀਓ ਦਾ ਬਿਆਨ
" ਅਟਾਰੀ ਦੇ ਨਵੇਂ ਸਰਪੰਚ ਗੁਰਪ੍ਰੀਤ ਸਿੰਘ ਵੱਲੋਂ ਦਫ਼ਤਰ ਵਿੱਚ ਆ ਕੇ ਵੀਡੀਓ ਬਣਾਈ ਗਈ ਅਤੇ ਗ਼ਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਸੀ। ਜਿਸਦੇ ਚਲਦੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਦੀ ਜਾਂਚ ਡੀਐਸਪੀ ਅਟਾਰੀ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਪੰਚ ਨੇ ਕਿਹਾ ਸੀ ਕਿ ਮੈਂ ਫੇਸਬੁੱਕ ਤੋਂ ਵੀਡੀਓ ਹਟਾ ਲਵਾਂਗਾ ਪਰ ਉਸ ਵੱਲੋਂ ਵੀਡੀਓ ਨਹੀਂ ਹਟਾਈ ਗਈ। ਵੀਡੀਓ 'ਤੇ ਵਿਭਾਗ ਖਿਲਾਫ਼ ਬਹੁਤ ਮਾੜੇ ਕਮੈਂਟ ਆ ਰਹੇ ਹਨ।" ਵਿਕਰਮਜੀਤ ਸਿੰਘ, ਬੀਡੀਪੀਓ
ਸਰਪੰਚ ਖਿਲਾਫ਼ ਮਾਮਲਾ ਦਰਜ
ਉੱਧਰ ਦੂਜੇ ਪਾਸੇ ਥਾਣਾ ਘਰਿੰਡਾ ਦੀ ਪੁਲਿਸ ਵੱਲੋਂ ਸਰਪੰਚ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਪੰਚ ਵੱਲੋਂ ਸਰਕਾਰੀ ਵਿਭਾਗ ਦੀ ਵੀਡੀਓ ਬਣਾ ਕੇ ਫੇਸਬੁੱਕ 'ਤੇ ਪਾਈ ਗਈ ਜਿਸ 'ਚ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਸ ਦੇ ਚੱਲਦੇ ਮਾਮਲਾ ਦਰਜ ਕੀਤਾ ਗਿਆ। ਇਸ ਦੀ ਜਾਂਚ ਡੀਐਸਪੀ ਅਟਾਰੀ ਕਰ ਰਹੇ ਹਨ। ਜਾਂਚ ਤੋਂ ਬਾਅਦ ਹੀ ਤੱਥ ਸਾਹਮਣੇ ਆਉਂਣਗੇ।
ਸਰਪੰਚ ਦੇ ਹੱਕ 'ਚ ਕਿਸਾਨ ਜੱਥੇਬੰਦੀਆਂ
ਇਸ ਮਾਮਲੇ 'ਚ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪੰਚਾਇਤ ਵਿਭਾਗ ਬਾਹਰ ਕਿਸਾਨ ਜੱਥੇਬੰਦੀਆਂ ਅਤੇ ਪਿੰਡ ਵਾਲਿਆਂ ਵੱਲੋਂ ਪੰਚਾਇਤ ਵਿਭਾਗ ਅਤੇ ਬੀਡੀਪੀਓ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਹਲਕਾ ਅਟਾਰੀ ਦੇ ਸਰਪੰਚ ਗੁਰਪ੍ਰੀਤ ਸਿੰਘ ਵੱਲੋਂ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਗਈ ਹੈ। ਜਿਸ ਦੇ ਚਲਦੇ ਵਿਭਾਗ ਨੇ ਉਸ ਦੇ ਖਿਲਾਫ਼ ਥਾਣੇ ਵਿੱਚ ਮਾਮਲਾ ਦਰਜ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਪਰਚਾ ਰੱਦ ਕੀਤਾ ਜਾਵੇ।