ਨੰਗਲ: ਇੱਕ ਪਾਸੇ ਸਰਕਾਰ ਤੇ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਲੱਖਾਂ ਦਾਅਵੇ ਕਰਦੇ ਹਨ ਤਾਂ ਦੂਜੇ ਪਾਸੇ ਆਏ ਦਿਨ ਹੋ ਰਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਤਾਜ਼ਾ ਮਾਮਲਾ ਨੰਗਲ ਦੇ ਰੇਲਵੇ ਰੋਡ ਤੋਂ ਸਾਹਮਣੇ ਆਇਆ ਹੈ। ਜਿਥੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਘਟਨਾ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਹੈ। ਇਸ 'ਚ ਖਾਸ ਗੱਲ ਇਹ ਹੈ ਕਿ ਇਸ ਕਤਲ ਬਾਰੇ ਇਲਾਕੇ ਦੇ ਕਿਸੇ ਵੀ ਵਿਅਕਤੀ ਨੂੰ ਪਤਾ ਨਹੀਂ ਲੱਗਾ।
ਦੁਕਾਨ 'ਤੇ ਬੈਠੇ ਨੌਜਵਾਨ ਦਾ ਕਤਲ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਪ੍ਰਭਾਕਰ ਅੱਜ ਸ਼ਾਮ ਆਪਣੀ ਦੁਕਾਨ 'ਤੇ ਬੈਠਾ ਸੀ ਤਾਂ ਉਸ 'ਤੇ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਅਰਾਮ ਨਾਲ ਮੌਕੇ ਤੋਂ ਫ਼ਰਾਰ ਹੋ ਗਏ। ਜਦੋਂ ਕੋਈ ਗੁਆਂਢੀ ਦੁਕਾਨਦਾਰ ਵਿਕਾਸ ਦੀ ਦੁਕਾਨ ਤੋਂ ਸਮਾਨ ਲੈਣ ਗਿਆ ਤਾਂ ਉਸ ਨੇ ਵਿਕਾਸ ਨੂੰ ਜ਼ਖਮੀ ਹਾਲਤ 'ਚ ਦੇਖਿਆ ਤੇ ਉਸ ਨੇ ਜਾ ਕੇ ਆਪਣੇ ਮਾਲਕ ਨੂੰ ਦੱਸਿਆ। ਇਸ ਤੋਂ ਬਾਅਦ ਦੁਕਾਨਦਾਰ ਮਨੀਸ਼ ਅਤੇ ਹੋਰ ਦੁਕਾਨਦਾਰਾਂ ਨੇ ਵਿਕਾਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਡਿਊਟੀ 'ਤੇ ਤੈਨਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦਾ ਮਾਹੌਲ ਹੈ ਅਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਪੁਲਿਸ ਨੂੰ ਸੀਸੀਟੀਵੀ ਕੈਮਰੇ 'ਚ ਦੋ ਸ਼ੱਕੀ ਵਿਅਕਤੀ ਨਜ਼ਰ ਆਏ ਹਨ ਜੋ ਐਕਟਿਵਾ 'ਤੇ ਸਵਾਰ ਸਨ ਅਤੇ ਦੋਵਾਂ ਨੇ ਹੈਲਮਟ ਪਾਇਆ ਹੋਇਆ ਸੀ।
ਜਾਂਚ 'ਚ ਜੁਟੀ ਪੁਲਿਸ ਦੇ ਹੱਥ ਖਾਲੀ: ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਜੈ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਰਜਨੀਸ਼ ਚੌਧਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ’ਤੇ ਪੁੱਜੇ ਡੀਐਸਪੀ ਅਜੈ ਸਿੰਘ ਨੇ ਕਿਹਾ ਕਿ ਵਿਸਾਖੀ ਮੌਕੇ ਅਜਿਹੀ ਘਟਨਾ ਵਾਪਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਸੀਸੀਟੀਵੀ ਫੁਟੇਜ ਵਿੱਚ ਦੋ ਐਕਟਿਵਾ ਸਵਾਰਾਂ ’ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਜਿੰਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ।
ਕੁੰਭਕਰਨੀ ਨੀਂਦ ਸੁੱਤਾ ਨੰਗਲ ਪ੍ਰਸ਼ਾਸਨ-ਭਾਜਪਾ: ਉਥੇ ਹੀ ਭਾਜਪਾ ਆਗੂ ਪਰਮਿੰਦਰ ਸ਼ਰਮਾ ਨੇ ਇਸ ਕਤਲ ਨੂੰ ਲੈਕੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਨੰਗਲ ਸ਼ਹਿਰ ਅੱਤਵਾਦ ਦੇ ਦੌਰਾਨ ਵੀ ਸ਼ਾਂਤ ਰਿਹਾ ਸੀ ਪਰ ਹੁਣ ਅਜਿਹੇ ਕਤਲ ਹੋਣ ਨਾਲ ਸਨਸਨੀ ਫੈਲ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਕਾਨੂੰਨ ਵਿਵਸਥਾ ਤੋਂ ਉਠ ਚੁੱਕਿਆ ਹੈ, ਜਿਸ ਕਾਰਨ ਹਰ ਰੋਜ਼ ਹੀ ਲੁੱਟਾਂ ਖੋਹਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਸਾਰਾ ਦੇਸ਼ ਵਿਸਾਖੀ ਦਾ ਦਿਨ ਮਨਾ ਰਿਹਾ ਸੀ ਤਾਂ ਉਥੇ ਹੀ ਸਕੂਟੀ 'ਤੇ ਆਏ ਦੋ ਬਦਮਾਸ਼ਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਉਨ੍ਹਾਂ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਕੁੰਭਕਰਨੀ ਨੀਂਦ ਤੋਂ ਜਾਗ ਜਾਣ, ਕਿਉਂਕਿ ਨਾ ਤਾਂ ਮੁੱਖ ਮੰਤਰੀ ਨੂੰ ਚਿੰਤਾ ਤੇ ਨਾਂ ਹੀ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਸੂਬੇ ਦੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੰਗਲ 'ਚ ਹੋ ਰਹੀਆਂ ਹਨ, ਜਿਸ ਕਾਰਨ ਕੋਈ ਇਥੇ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਤੇ ਹੁਣ ਕਤਲ ਦੀ ਵਾਰਦਾਤ ਹੋ ਗਈ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ।
ਸੂਬੇ 'ਚ ਅਪਰਾਧੀ ਤੇ ਮਾਫੀਆ ਬੇਲਗਾਮ: ਉਧਰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਵਿਕਾਸ ਪ੍ਰਭਾਕਰ ਦੇ ਸ਼ਰੇਆਮ ਕਤਲ 'ਤੇ ਪੰਜਾਬ ਸਰਕਾਰ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਰੇਆਮ ਇਕ ਦੁਕਾਨ 'ਚ ਦਾਖਲ ਹੋ ਕੇ ਗੋਲੀ ਮਾਰ ਕੇ ਉਸ ਦਾ ਕਤਲ ਕਰਨਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹਰ ਵਿਅਕਤੀ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਰੀਬ ਦੋ ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ ਅਤੇ ਅਪਰਾਧੀ ਤੇ ਮਾਫੀਆ ਬੇਲਗਾਮ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ, ਕਤਲ, ਫਿਰੌਤੀ, ਲੁੱਟ-ਖੋਹ ਅਤੇ ਚੇਨ ਸਨੈਚਿੰਗ ਆਦਿ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਪੰਜਾਬ ਦੀ ਸਾਖ ਅਤੇ ਆਰਥਿਕਤਾ ਨੂੰ ਡੂੰਘੀ ਸੱਟ ਵੱਜੀ ਹੈ, ਜੋ ਕਿ ਪੰਜਾਬ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਸਰੀਨ ਨੇ ਭਗਵੰਤ ਮਾਨ ਸਰਕਾਰ 'ਤੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਦੀ ਗੈਰ-ਜ਼ਿੰਮੇਵਾਰਾਨਾ ਕਾਰਗੁਜ਼ਾਰੀ ਕਾਰਨ ਵਪਾਰੀ ਅਤੇ ਨੌਜਵਾਨ ਆਪਣੇ ਪਰਿਵਾਰਾਂ ਸਮੇਤ ਹਿਜਰਤ ਕਰਨ ਲਈ ਮਜਬੂਰ ਹੋ ਰਹੇ ਹਨ।
- ਆਬਕਾਰੀ ਵਿਭਾਗ ਤੇ ਪੁਲਿਸ ਦੀ ਕਾਰਵਾਈ: 35 ਹਜ਼ਾਰ ਲੀਟਰ ਲਾਹਣ ਬਰਾਮਦ ਤਾਂ ਸ਼ਰਾਬ ਵੇਚਦੀਆਂ ਮਹਿਲਾਵਾਂ ਕਾਬੂ - illegal liquor Recovered
- ਲੋਕ ਸਭਾ ਚੋਣਾਂ ਦੀ ਟਿਕਟ ਮਿਲਣ 'ਤੇ ਅਨਿਲ ਜੋਸ਼ੀ ਨੇ ਪ੍ਰਗਟਾਈ ਖੁਸ਼ੀ ਤਾਂ ਵਰਕਰਾਂ ਨੇ ਪਾਏ ਭੰਗੜੇ - LOK SABHA ELECTIONS
- ਬਸਪਾ ਨੇ ਜਲੰਧਰ ਤੋਂ ਇਸ ਨੌਜਵਾਨ ਨੂੰ ਬਣਾਇਆ ਆਪਣਾ ਉਮੀਦਵਾਰ, ਜ਼ਿਲ੍ਹੇ ਦੀ ਦਲਿਤ ਵੋਟ 'ਤੇ ਰਹੇਗੀ ਨਜ਼ਰ - Lok Sabha Elections