ਬਠਿੰਡਾ: ਪਿਛਲੇ ਦੋ ਸਾਲਾਂ ਵਿੱਚ ਇਹ ਦੂਜੀ ਵਾਰ ਮੰਕੀਪੌਕਸ ਨੂੰ ਲੈ ਕੇ ਡਬਲਐਚਓ ਵੱਲੋਂ ਸਿਹਤ ਐਮਰਜੈਂਸੀ ਐਲਾਨੀ ਗਈ ਹੈ। ਪਿਛਲੇ ਦਿਨੀ ਵਿਦੇਸ਼ ਤੋਂ ਪਰਤੇ ਇੱਕ ਵਿਅਕਤੀ ਵਿੱਚ ਮੰਕੀਪੌਕਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਚਿੰਤਾ ਪਾਈ ਜਾ ਰਹੀ ਹੈ ਅਤੇ ਦੇਸ਼ ਭਰ ਵਿੱਚ ਮੰਕੀਪੌਕਸ ਨਾਮਕ ਬਿਮਾਰੀ ਨੂੰ ਵੇਖਦਿਆਂ ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ ਕਰ ਦਿੱਤੀ ਗਈ ਹੈ।
ਕਿਵੇਂ ਫੈਲਦੀ ਇਹ ਮੰਕੀਪੌਕਸ ਬਿਮਾਰੀ
ਸਰਕਾਰੀ ਹਸਪਤਾਲ ਵਿੱਚ ਤੈਨਾਤ ਡਾਕਟਰ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਮੰਕੀਪੌਕਸ ਨਾਮਕ ਬਿਮਾਰੀ ਜੇਕਰ ਗੱਲ ਕੀਤੀ ਜਾਵੇ, ਤਾਂ ਮੰਕੀਪੌਕਸ ਤੋਂ ਪੀੜਤ ਮਨੁੱਖ ਜਾ ਜਾਨਵਰ ਤੋਂ ਆਮ ਮਨੁੱਖ ਜਾ ਜਾਨਵਰ ਨੂੰ ਹੋ ਸਕਦੀ ਹੈ। ਮੰਕੀ ਪੌਕਸ ਮੁੱਖ ਤੌਰ ਉੱਤੇ ਜ਼ੂਨੋਟਿਕ ਬਿਮਾਰੀ ਹੈ, ਜੋ ਲਾਗ ਵਾਲੇ ਜਾਨਵਰਾਂ ਤੋਂ ਮਨੁੱਖ ਵਿੱਚ ਪ੍ਰਾਇਮਰੀ ਤੌਰ ਉੱਤੇ ਫੈਲਦੀ ਹੈ ਅਤੇ ਲਾਗ ਵਾਲੇ ਵਿਅਕਤੀ ਤੋਂ ਆਮ ਵਿਅਕਤੀ ਵਲੋਂ ਵਰਤੇ ਹੋਏ ਸਮਾਨ, ਕੱਪੜਿਆਂ ਦੇ ਸੰਪਰਕ ਨਾਲ ਅਤੇ ਲਾਗ ਵਾਲੇ ਵਿਆਕਤੀ ਦੇ ਖੰਘ ਅਤੇ ਛਿੱਕ ਦੇ ਛਿੱਟਿਆਂ ਨਾਲ ਫੈਲਦੀ ਹੈ।
ਮੰਕੀਪੌਕਸ ਹੋ ਜਾਣ ਦੇ ਲੱਛਣ ਤੇ ਕਿਵੇਂ ਕਰੀਏ ਬਚਾਅ
ਡਾਕਟਰ ਜਗਰੂਪ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਦੇ ਧੱਫੜ ਚਿਹਰੇ ਤੋਂ ਸੁਰੂ ਹੋਕੇ ਬਾਹਾਂ-ਲੱਤਾਂ, ਹੱਥਾਂ ਪੈਰਾਂ ਦੀਆਂ ਤਲੀਆਂ ਉੱਤੇ ਹੋਣ, ਸਾਹ ਲੈਣ ਵਿੱਚ ਤਕਲੀਫ, ਬੁਖਾਰ, ਸਿਰ ਦਰਦ, ਮਾਂਸ ਪੇਸ਼ੀਆਂ ਵਿੱਚ ਦਰਦ, ਖਾਂਸੀ, ਥਕਾਵਟ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਲਾਗ ਵਾਲੇ ਵਿਅਕਤੀ ਨੂੰ ਅਲੱਗ ਕਮਰੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਉਸ ਦੇ ਨੱਕ ਮੂੰਹ ਨੂੰ ਮਾਸਕ ਅਤੇ ਜਖ਼ਮਾਂ ਨੂੰ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ। ਪੀੜਤ ਮਰੀਜ ਦੇ ਵਰਤੇ ਗਏ ਸਮਾਨ ਤੌਲੀਏ ਦੇ ਸੰਪਰਕ ਤੋਂ ਬਚਣਾ ਚਾਹੀਦਾ ਹੈ। ਸਾਬਣ, ਪਾਣੀ ਅਤੇ ਸੈਨੀਟਾਈਜਰ ਨਾਲ ਹੱਥ ਸਾਫ ਕਰਨੇ ਚਾਹੀਦੇ ਹਨ।
ਮੰਕੀਪੌਕਸ ਇੱਕ ਤਰ੍ਹਾਂ ਦੀ ਵਾਇਰਲ ਬਿਮਾਰੀ ਹੈ। ਇਸ ਵਿੱਚ ਇਨਸਾਨ ਜਾਂ ਪਸ਼ੂਆਂ ਦੇ ਚਿਹਰੇ ਉੱਤੇ ਰੈਸ਼ ਹੋ ਜਾਂਦੇ ਹਨ, ਜੋ 2-4 ਹਫ਼ਤਿਆਂ ਤੱਕ ਰਹਿੰਦੇ ਹਨ, ਬੁਖਾਰ ਵੀ ਆ ਸਕਦਾ ਹੈ। ਇਹ ਇਨਫੈਕਸ਼ਨ ਇੱਕ ਬੰਦੇ ਤੋਂ ਦੂਜੇ ਤੱਕ ਪਹੁੰਚ ਜਾਂਦੀ ਹੈ। ਮੰਕੀਪੌਕਸ ਤੋਂ ਪੀੜਤ ਵਿਅਕਤੀ ਨੂੰ ਆਈਸੋਲੇਟ ਹੋ ਕੇ ਰਹਿਣਾ ਚਾਹੀਦਾ ਹੈ। ਜਿਵੇਂ ਕੋਵਿਡ ਸਮੇਂ ਇੱਕ ਦੂਜੇ ਨਾਲ ਸੰਪਰਕ ਨਹੀਂ ਕੀਤਾ ਜਾਂਦਾ ਸੀ, ਉਸੇ ਤਰ੍ਹਾਂ ਮੰਕੀਪੌਕਸ ਦੇ ਮਰੀਜ ਨੂੰ ਵੀ ਮਾਸਕ ਪਾ ਕੇ ਦੂਰ ਬੈਠਣਾ ਚਾਹੀਦਾ ਹੈ। - ਡਾ. ਜਗਰੂਪ ਸਿੰਘ, ਐਮਡੀ (ਮੈਡੀਸਨ)
ਮੰਕੀਪੌਕਸ ਦਾ ਕੀ ਹੈ ਇਲਾਜ
ਜਗਰੂਪ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਮੰਕੀਪੌਕਸ ਦੀ ਬਿਮਾਰੀ ਹੋਣ ਉੱਤੇ ਜਾਣਕਾਰੀ ਦੇਣੀ ਚਾਹੀਦੀ ਹੈ, ਤਾਂ ਜੋ ਇਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਨੂੰ ਲੈ ਕੇ ਪਹਿਲਾਂ ਹੀ ਅਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਬਿਮਾਰੀ ਦਾ ਇਲਾਜ ਸਿਰਫ ਪਰਹੇਜ਼ ਹੈ। ਪੀੜਤ ਵਿਅਕਤੀ ਨੂੰ ਵੱਧ ਤੋਂ ਵੱਧ ਖੁੱਲੇ ਵਿੱਚ ਫਿਰਨ ਤੁਰਨ ਅਤੇ ਆਮ ਲੋਕਾਂ ਨਾਲ ਮਿਲਣ ਤੋਂ ਗੁਰੇਜ ਕਰਨਾ ਚਾਹੀਦਾ ਹੈ, ਤਾਂ ਹੀ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਬੀਮਾਰੀ ਦਾ ਨਾਮ ਮੰਕੀ ਪੌਕਸ ਕਿਉ ਹੈ?
ਇੱਥੇ ਦੱਸਣ ਯੋਗ ਹੈ ਕਿ ਮੌਕੀ ਪੌਕਸ ਇੱਕ ਵਾਇਰਲ ਜ਼ੂਨੋਟਿਕ ਬਿਮਾਰੀ ਹੈ ਜਿਸ ਵਿੱਚ ਚੇਚਕ ਵਰਗੇ ਲੱਛਣ ਹੁੰਦੇ ਹਨ, ਹਾਲਾਂਕਿ ਘੱਟ ਕਲੀਨਿਕਲ ਗੰਭੀਰਤਾ ਦੇ ਨਾਲ ਐਮਪੀਐਕਸ ਪਹਿਲੀ ਵਾਰ 1958 ਵਿੱਚ ਖੋਜ ਲਈ ਰੱਖੇ ਗਏ ਬਾਂਦਰਾਂ ਦੀਆਂ ਬਸਤੀਆਂ ਵਿੱਚ ਖੋਜਿਆ ਗਿਆ ਸੀ। ਇਸ ਲਈ ਇਸ ਦਾ ਨਾਮ ‘ਮੰਕੀ ਪੌਕਸ’ ਰੱਖਿਆ ਗਿਆ ਹੈ।