ਅੰਮ੍ਰਿਤਸਰ: ਪੁਲਿਸ ਵੱਲੋਂ ਬਹੁਤ ਸਾਰੇ ਤਰੀਕਿਆਂ ਨਾਲ ਚੋਰਾਂ ਅਤੇ ਨਸ਼ਾ ਤਸਕਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਜਾਂਦਾ ਹੈ ਪਰ ਯੂਪੀ ਦੀ ਪੁਲਿਸ ਤਾਂ ਅੰਮ੍ਰਿਤਸਰ ਢੋਲ ਲੈ ਕੇ ਹੀ ਪਹੁੰਚ ਗਈ। ਦਰਅਸਲ ਮਥੁਰਾ ਪੁਲਿਸ ਕੋਈ ਜਸ਼ਨ ਮਨਾਉਣ ਨਹੀਂ ਬਲਕਿ ਇੱਕ ਮੁਲਜ਼ਮ ਦੇ ਸਿਲਸਿਲੇ 'ਚ ਅੰਮ੍ਰਿਤਸਰ ਆਈ ਹੈ। ਯੂਪੀ ਪੁਲਿਸ ਨੇ ਵਰਿੰਦਾਵਨ 'ਚ ਪੁਜਾਰੀ ਦੇ ਘਰ ਹੋਈ ਚੋਰੀ ਤੋਂ ਬਾਅਦ ਮੁਲਜ਼ਮ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਵਿਖੇ ਚੋਰ ਦੇ ਘਰ ਪਹੁੰਚੀ।
ਪੁਲਿਸ ਨੇ ਢੋਲ ਨਾਲ ਸੁਨੇਹਾ ਦਿੱਤਾ
ਅੰਮ੍ਰਿਤਸਰ ਪਹੁੰਚੀ ਮਥੁਰਾ ਪੁਲਿਸ ਵੱਲੋਂ ਲੋਕਾਂ ਅਤੇ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਕਿ ਮੁਲਜ਼ਮ ਸੰਨੀ ਵੱਲੋਂ ਮਥੁਰਾ 'ਚ ਇੱਕ ਪੁਜਾਰੀ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮਾਮਲੇ 'ਚ ਮੁਲਜ਼ਮ ਸੰਨੀ ਨੂੰ ਭਗੌੜਾ ਵੀ ਕਰਾਰ ਦਿੱਤਾ ਗਿਆ ਕਿਉਂਕਿ ਮੁਲਜ਼ਮ ਪਿਛਲੇ 7 ਮਹੀਨਿਆਂ ਤੋਂ ਫਰਾਰ ਹੈ। ਪੁਲਿਸ ਨੇ ਆਖਿਆ ਕਿ ਉਸ ਦੇ ਘਰ ਨੂੰ ਜ਼ਬਤ ਕਰਨ ਲਈ ਨੋਟਿਸ ਚਿਪਕਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਆਖਿਆ ਕਿ ਜੇਕਰ ਮੁਲਜ਼ਮ ਦਿੱਤੇ ਗਏ ਸਮੇਂ ਮੁਤਾਬਿਕ ਪੁਲਿਸ ਕੋਲ ਨਹੀਂ ਪੇਸ਼ ਹੋਇਆ ਤਾਂ ਉਸ ਦੇ ਘਰ ਨੂੰ ਜ਼ਬਤ ਕੀਤਾ ਜਾਵੇਗਾ।
ਪੁਲਿਸ ਦੇ ਅੰਦਾਜ਼ ਨੇ ਲੋਕਾਂ ਨੂੰ ਕੀਤਾ ਹੈਰਾਨ
ਬੇਸ਼ੱਕ ਮਥੁਰਾ ਤੋਂ ਪੁਲਿਸ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ 'ਚ ਪਹੁੰਚੀ ਅਤੇ ਲੋਕਾਂ ਨੂੰ ਸੰਨੀ ਬਾਰੇ ਜਾਣਕਾਰੀ ਦਿੱਤੀ, ਇਸ ਤੋਂ ਬਾਅਦ ਸਵਾਲ ਇਹ ਖੜਾ ਹੋ ਰਿਹਾ ਕਿ ਕੀ ਮੁਲਜ਼ਮ ਸੰਨੀ ਖੁਦ ਪੁਲਿਸ ਕੋਲ ਜਾਵੇਗਾ ਜਾਂ ਪੁਲਿਸ ਉਸ ਦੇ ਘਰ ਨੂੰ ਹੀ ਜ਼ਬਤ ਕਰੇਗੀ। ਤੁਹਾਨੂੰ ਦੱਸ ਦਈਏ ਇਸ ਸਭ ਦੌਰਾਨ ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਖੁਦ ਨੋਟਿਸ ਪੜ ਕੇ ਵੀ ਸੁਣਾਇਆ ਪਰ ਜਿਸ ਗੱਲ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਉਹ ਸੀ ਪੁਲਿਸ ਦਾ ਆਪਣੇ ਨਾਲ ਢੋਲ ਲੈਕੇ ਆਉਣਾ ਅਤੇ ਢੋਲ ਨਾਲ ਸਭ ਨੂੰ ਇਕੱਠਾ ਕਰਕੇ ਮੁਲਜ਼ਮ ਬਾਰੇ ਜਾਣਕਾਰੀ ਦੇਣਾ ਅਤੇ ਅਖੀਰ ਵਿੱਚ ਮੁਲਜ਼ਮ ਨੂੰ ਚਿਤਾਵਨੀ ਦੇਣੀ।