ਬਠਿੰਡਾ: ਬੀਕਾਨੇਰ ਬਠਿੰਡਾ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਜੋਧਪੁਰ ਰੁਮਾਣਾ ਵਿਖੇ ਰਿਲਾਇੰਸ ਦੇ ਪੈਟਰੋਲ ਪੰਪ 'ਤੇ ਤੈਨਾਤ ਸੁਰੱਖਿਆ ਗਾਰਡ ਤੋਂ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਲੁੱਟ ਕੀਤੀ ਗਈ। ਜਿਸ 'ਚ ਉਨ੍ਹਾਂ ਵਲੋਂ 12 ਬੋਰ ਰਾਈਫਲ, ਇੱਕ ਬੈਗ ਖੋ ਕੇ ਹੋਏ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਖੋਹੇ ਗਏ ਬੈਗ ਵਿੱਚ 5 ਜਿੰਦਾ ਕਾਰਤੂਸ ਅਤੇ ਇੱਕ ਮੋਬਾਈਲ ਫੋਨ ਦੱਸਿਆ ਜਾ ਰਿਹਾ ਹੈ।
ਤੜਕਸਾਰ ਪੈਟਰੋਲ ਪੰਪ 'ਤੇ ਕੀਤੀ ਲੁੱਟ
ਦੱਸ ਦਈਏ ਕਿ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਰਿਲਾਇੰਸ ਪੈਟਰੋਲ ਪੰਪ ਦੇ ਉੱਤੇ ਅੱਜ ਦਿਨ ਚੜਨ ਤੋਂ ਪਹਿਲਾਂ ਤੜਕੇ 2 ਵਜੇ ਦੇ ਕਰੀਬ ਦੀ ਘਟਨਾ ਦੱਸੀ ਜਾ ਰਹੀ ਹੈ। ਜਿਸਦੇ ਚੱਲਦੇ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨ ਆਉਂਦੇ ਹਨ ਅਤੇ ਪੈਟਰੋਲ ਪੰਪ ਦੇ ਉੱਤੇ ਸੁੱਤੇ ਹੋਏ ਸੁਰੱਖਿਆ ਗਾਰਡ ਬਲਜੀਤ ਸਿੰਘ ਦਾ ਲਾਇਸੈਂਸੀ ਰਾਈਫ਼ਲ ਲੈਕੇ ਫਰਾਰ ਹੋ ਜਾਂਦੇ ਹਨ।
ਸੁਰੱਖਿਆ ਗਾਰਡ ਦੀ ਬੰਦੂਕ ਤੇ ਬੈਗ ਦੀ ਲੁੱਟ
ਇਸ ਸਬੰਧੀ ਰਿਲਾਇੰਸ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਮੈਨੇਜਰ ਯਾਦਵਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਸੁਰੱਖਿਆ ਗਾਰਡ ਪਿਛਲੇ ਦੋ ਮਹੀਨੇ ਤੋਂ ਲੱਗਿਆ ਹੋਇਆ ਸੀ, ਜੋ ਕਿ ਰਾਤ ਦੇ ਸਮੇਂ ਡਿਊਟੀ ਕਰਦਾ ਹੈ ਅਤੇ ਸਾਬਕਾ ਫੌਜੀ ਹੈ। ਉਨ੍ਹਾਂ ਦੱਸਿਆ ਕਿ ਕੁਝ ਨਕਾਬਪੋਸ਼ ਨੌਜਵਾਨ ਆਉਂਦੇ ਹਨ ਅਤੇ ਉਸ ਦੀ ਰਾਈਫ਼ਲ ਚੁੱਕ ਕੇ ਫਰਾਰ ਹੋ ਜਾਂਦੇ ਹਨ। ਇਸ ਤੋਂ ਬਾਅਦ ਉਹਨਾਂ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ, ਜਿਨਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ
ਉਧਰ ਦੂਸਰੇ ਪਾਸੇ ਘਟਨਾ ਵਾਲੀ ਥਾਂ 'ਤੇ ਪੁੱਜੇ ਐਸ ਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਮੌਕੇ 'ਤੇ ਜਾਂਚ ਪੜਤਾਲ ਕਰ ਰਹੇ ਹਾਂ ਅਤੇ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੱਸਿਆ ਜਾ ਰਿਹਾ ਕਿ ਮੁਲਜ਼ਮ ਰਾਈਫ਼ਲ ਅਤੇ ਇੱਕ ਬੈਗ ਲੈ ਕੇ ਫਰਾਰ ਹੋਏ ਹਨ, ਬੈਗ ਵਿੱਚ ਪੰਜ ਜਿੰਦਾ ਕਾਰਤੂਸ ਅਤੇ ਇੱਕ ਮੋਬਾਈਲ ਫੋਨ ਸੀ। ਉਹਨਾਂ ਕਿਹਾ ਕਿ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।