ਸੰਗਰੂਰ : ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵਿਧਾਨ ਸਭਾ ਹਲਕੇ ਦਿੜ੍ਹਬਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦਿੜ੍ਹਬਾ ਥਾਣੇ ਅਧੀਨ ਪੈਂਦੇ ਪਿੰਡ ਗੁੱਜਰਾਂ ਦੀ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਲੋਕਾਂ 'ਚ ਹਾਹਾਕਾਰ ਮਚ ਗਈ ਹੈ।
ਚਾਰ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਭੋਲਾ ਸਿੰਘ (50), ਨਿਰਮਲ ਸਿੰਘ (42), ਪ੍ਰਗਟ ਸਿੰਘ (42) ਅਤੇ ਜਗਜੀਤ ਸਿੰਘ (30) ਦੀ ਮੌਤ ਹੋ ਗਈ ਹੈ। ਚਾਰ ਮੌਤਾਂ ਹੋਣ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ। ਉਧਰ ਪੁਲਿਸ ਥਾਣਾ ਦਿੜ੍ਹਬਾ ਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ ਹਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਤਰਨਤਾਰਨ 'ਚ ਵੀ ਜ਼ਹਿਰਲੀ ਸ਼ਰਾਬ ਨਾਲ ਵੱਡੀ ਗਿਣਤੀ 'ਚ ਮੌਤਾਂ ਹੋਈਆਂ ਸਨ।
ਹਸਪਤਾਲ 'ਚ ਜ਼ੇਰ ਏ ਇਲਾਜ ਦੋ ਵਿਅਕਤੀ: ਕਾਬਿਲੇਗੌਰ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪਿੰਡ ਦੇ ਹੀ ਦੋ ਹੋਰ ਵਿਅਕਤੀ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਿੱਚ ਦਾਖਲ ਹਨ। ਉਹ ਆਪਣਾ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹਨ ਪਰ ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਉਹ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਬੀਮਾਰ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਜ਼ਹਿਰੀਲੀ ਸ਼ਰਾਬ ਕਾਰਨ ਪਿੰਡ ਦੇ ਹੀ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਪਹਿਲਾਂ ਵੀ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਆ ਚੁੱਕੇ ਮਾਮਲੇ: ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ 'ਚ ਸਭ ਤੋਂ ਵੱਡਾ ਮਾਮਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਤਰਨਤਾਰਨ ਦਾ ਰਿਹਾ ਸੀ, ਜਿਥੇ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਭੂਚਾਲ ਆ ਗਿਆ ਸੀ ਤੇ ਬੇਸ਼ੱਕ ਉਸ ਸਮੇਂ ਦੀ ਸਰਕਾਰ ਨੇ ਕਾਰਵਾਈ ਦੀ ਗੱਲ ਆਖੀ ਸੀ ਪਰ ਕੈਪਟਨ ਦੇ ਸਿਆਸੀ ਵਿਰੋਧੀ ਸਰਕਾਰ ਦੀ ਕਾਰਵਾਈ ਨੂੰ ਗੋਗਲੂਆਂ ਤੋਂ ਮਿੱਟੀ ਝਾੜਨ ਬਰਾਬਰ ਦੱਸਦੇ ਰਹੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਤਰਸਿੱਕਾ ਥਾਣਾ ਅਧੀਨ ਪੈਂਦੇ ਪਿੰਡ ਮੁੱਛਲ ਵਿੱਚ ਵੀ ਕੁਝ ਸਾਲ ਪਹਿਲਾਂ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਪੁਲਿਸ ਵਲੋਂ ਇਕ ਮਹਿਲਾ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਵੀ ਕੀਤਾ ਸੀ।
ਪੁਲਿਸ ਨੇ ਕੀਤਾ ਮਾਮਲਾ ਦਰਜ: ਸੰਗਰੂਰ ਪੁਲਿਸ ਪ੍ਰਸ਼ਾਸਨ ਵੱਲੋਂ ਦੋ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਐੱਸਐੱਸਪੀ ਸਰਤਾਜ ਚਹਿਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੁੱਢਲੀ ਤਫਤੀਸ਼ ਮਗਰੋਂ ਖਿਲਾਫ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਸ਼ਰਾਬ ਮੁਲਜ਼ਮਾਂ ਵੱਲੋਂ ਕਿੱਥੋਂ ਲਿਆਂਦੀ ਗਈ ਸੀ ਤਾਂ ਜੋ ਪੂਰੇ ਨੈਟਵਰਕ ਦਾ ਪਰਦਾਫਾਸ਼ ਹੋ ਸਕੇ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਨਾਲ ਜੁੜਿਆ ਕੋਈ ਵੀ ਮੁਲਜ਼ਮ ਬਖਸ਼ਿਆ ਨਹੀਂ ਜਾਵੇਗਾ।
- ਕਿਸਾਨ ਅੰਦੋਲਨ 2.0: ਅੱਜ ਕੁਰੂਕਸ਼ੇਤਰ ਪਹੁੰਚੇਗੀ ਸ਼ਹੀਦ ਸ਼ੁੱਭਕਰਨ ਦੀ ਅਸਥੀ ਕਲਸ਼ ਯਾਤਰਾ, ਹੁਣ ਤੱਕ 9 ਕਿਸਾਨਾਂ ਦੀ ਹੋ ਚੁੱਕੀ ਮੌਤ
- ਪੁੱਤ ਜੰਮਣ 'ਤੇ ਵੀ ਮੂਸੇਵਾਲਾ ਦਾ ਪਰਿਵਾਰ ਪਰੇਸ਼ਾਨ, ਬਲਕੌਰ ਸਿੰਘ ਨੇ ਦੱਸੀ ਕਹਾਣੀ ਤਾਂ ਸਿਆਸੀ ਲੀਡਰਾਂ ਨੇ ਜਤਾਇਆ ਦੁੱਖ
- ਹੋਲਾ ਮਹੱਲਾ ਨੂੰ ਲੈਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਅਨੀ ਸੁਲਤਾਨ ਸਿੰਘ ਦੀ ਸੰਗਤਾਂ ਨੂੰ ਅਪੀਲ, ਰੱਖਣ ਇਹ ਖਾਸ ਧਿਆਨ