ਬਠਿੰਡਾ: ਜੇਕਰ ਤੁਹਾਡੇ ਪੈਸੇ ਸਰਕਾਰੀ ਬੈਂਕ ਵਿੱਚ ਹੀ ਸੁਰੱਖਿਤ ਨਹੀਂ ਤਾਂ ਫਿਰ ਤੁਹਾਡਾ ਰੱਬ ਹੀ ਰਾਖਾ ਹੋਵੇਗਾ। ਅਜਿਹਾ ਮਾਮਲਾ ਸਬ ਡਵੀਜ਼ਨਲ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿਖੇ ਦੇਖਣ ਨੂੰ ਮਿਲਿਆ ਹੈ। ਜਿੱਥੇ ਪਿੰਡ ਸ਼ੇਖਪੁਰਾ ਵਿਖੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋਂ ਕਰੀਬ ਦੋ ਦਰਜਨ ਕਿਸਾਨਾਂ ਦੇ ਲੱਖਾਂ ਰੁਪਏ ਅਤੇ ਵੱਡੀ ਮਾਤਰਾ ਵਿੱਚ ਸੋਨਾ ਗਬਨ ਅਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ।
ਮੁਲਜ਼ਮਾਂ ਖਿਲਾਫ ਵੀ ਸਖ਼ਤ ਕਾਰਵਾਈ ਦੀ ਮੰਗ
ਪੀੜਤ ਕਿਸਾਨਾਂ ਦੀ ਸ਼ਿਕਾਇਤ ਤੋਂ ਬਾਅਦ ਬਠਿੰਡਾ ਪੁਲਿਸ ਨੇ ਬੈਂਕ ਦੇ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿਸਾਨਾਂ ਨੇ ਇਸ ਮਾਮਲੇ ਵਿੱਚ ਉੱਚ ਪਧਰੀ ਜਾਂਚ ਕਰਕੇ ਜਿੱਥੇ ਉਨਾਂ ਦੇ ਪੈਸੇ ਵਾਪਸ ਦਬਾਉਣ ਦੀ ਮੰਗ ਕੀਤੀ ਹੈ। ਉੱਥੇ ਹੀ ਹੋਰ ਮੁਲਜ਼ਮਾਂ ਖਿਲਾਫ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੈਰਾਂ ਹੇਠੋਂ ਜ਼ਮੀਨ ਖਿਸਕ ਗਈ
ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨਾਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਜਮਾਂ ਕਰਾਏ ਸਨ ਪਰ ਜਦੋਂ ਉਹ ਬੈਂਕ ਵਿੱਚੋਂ ਪੈਸੇ ਕਢਵਾਉਣ ਆਏ ਤਾਂ ਬੈਂਕ ਵੱਲੋਂ ਉਨ੍ਹਾਂ ਦੇ ਖਾਤੇ ਵਿੱਚ ਕੁਝ ਵੀ ਨਾ ਹੋਣ ਦਾ ਖੁਲਾਸਾ ਕੀਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ, ਇੱਕ ਹੀ ਨਹੀਂ ਸਗੋਂ ਕਰੀਬ ਡੇਢ ਦਰਜਨ ਕਿਸਾਨ ਇਸ ਠੱਗੀ ਦਾ ਸ਼ਿਕਾਰ ਹੋਏ। ਕਿਸਾਨਾਂ ਵੱਲੋਂ ਵਾਰ-ਵਾਰ ਬੈਂਕ ਵਿੱਚ ਅਤੇ ਬੈਂਕ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਕੋਈ ਹੱਲ ਨਜ਼ਰ ਨਹੀਂ ਆਇਆ। ਜਿਸਦੇ ਚਲਦਿਆਂ ਕਿਸਾਨਾਂ ਵੱਲੋਂ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਇਸ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਖਿਰਕਾਰ ਕਿਸਾਨਾਂ ਦੀ ਸ਼ਿਕਾਇਤ 'ਤੇ ਕਾਰਵਾਈ ਸ਼ੁਰੂ ਹੋਈ।
ਕੈਸ਼ੀਅਰ ਖਿਲਾਫ ਮਾਮਲਾ ਦਰਜ
ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਤੋਂ ਗੋਲਡ ਲੋਨ ਲਿਆ ਸੀ ਪਰ ਜਦੋਂ ਪੈਸੇ ਵਾਪਸ ਦੇਣ ਆਏ ਤਾਂ ਬੈਂਕ ਨੇ ਬੈਂਕ ਵਿੱਚੋਂ ਸੋਨੇ ਗੁੰਮ ਹੋਣ ਦੀ ਜਾਣਕਾਰੀ ਦਿੱਤੀ। ਬੇਸ਼ੱਕ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਬੈਂਕ ਦੇ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਮਾਮਲੇ ਦੀ ਜਾਂਚ ਜਾਰੀ
ਉੱਥੇ ਹੀ ਦੂਜੇ ਪਾਸੇ ਬੈਂਕ ਦਾ ਕੋਈ ਵੀ ਅਧਿਕਾਰੀ ਇਸ ਮਾਮਲੇ 'ਤੇ ਬੋਲਣ ਨੂੰ ਤਿਆਰ ਨਹੀਂ ਜਦੋਂ ਕਿ ਬੈਂਕ ਦੇ ਮੈਨੇਜਰ ਛੁੱਟੀ 'ਤੇ ਚੱਲ ਰਹੇ ਹਨ। ਇੱਧਰ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਬੈਂਕ ਦੇ ਹੈਡ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਕੋਈ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।