ਅੰਮ੍ਰਿਤਸਰ/ਮਾਨਸਾ: ਪਿੱਛਲੇ ਦਿਨੀਂ (9 ਅਗਸਤ) ਕੋਲਕਾਤਾ ਵਿਖੇ ਇੱਕ ਡਾਕਟਰ ਦਾ ਬਲਾਤਕਾਰ ਤੋਂ ਬਾਅਦ ਕਤਲ ਮਾਮਲੇ ਵਿੱਚ ਡਾਕਟਰਾਂ ਵਲੋਂ ਪੰਜਾਬ 'ਚ ਅਜੇ ਵੀ ਪ੍ਰਦਰਸ਼ਨ ਜਾਰੀ ਹੈ। ਪੰਜਾਬ ਹੀ ਨਹੀਂ, ਦੇਸ਼ ਭਰ ਦੇ ਡਾਕਟਰ ਹਸਪਤਾਲਾਂ ਤੋਂ ਸੜਕਾਂ ਉੱਤੇ ਉਤਰ ਗਏ ਹਨ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮ੍ਰਿਤਕ ਕੁੜੀ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਬਾਕੀ ਡਾਕਟਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਂਦੀ, ਉਦੋਂ ਤੱਕ ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ। ਇਸ ਨੂੰ ਲੈ ਕੇ ਮੈਡੀਕਲ ਸੇਵਾਵਾਂ ਵੀ ਬਿਲਕੁਲ ਠੱਪ ਹੋਈਆਂ ਹਨ। ਮਰੀਜ਼ਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੰਮ੍ਰਿਤਸਰ ਵਿੱਚ ਪ੍ਰਦਰਸ਼ਨ : ਗੁਰੂ ਨਾਨਕ ਦੇਵ ਹਸਪਤਾਲ ਵਿੱਚ ਡਾਕਟਰਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਸਾਡੀ ਸੁਰੱਖਿਆ ਨੂੰ ਯਕੀਨੀ ਨਹੀਂ ਮਨਾਇਆ ਜਾਂਦਾ, ਸਾਡਾ ਧਰਨਾ ਲਗਾਤਾਰ ਜਾਰੀ ਰਹੇਗਾ। ਰੈਜੀਡੈਂਟ ਡਾਕਟਰ ਸਿਮਰਪ੍ਰੀਤ ਕੌਰ ਨੇ ਕਿਹਾ ਕਿ ਡਾਕਟਰ ਲੋਕਾਂ ਦੀ ਸੇਵਾ ਲਈ ਦਿਨ ਰਾਤ ਤਤਪਰ ਰਹਿੰਦੇ ਹਨ, ਪਰ ਉਨ੍ਹਾਂ ਦੀ ਖੁਦ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਦੇ ਚੱਲਦੇ ਅੱਜ ਆਏ ਦਿਨ ਡਾਕਟਰਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ, ਉੱਥੇ ਹੀ ਕਲਕੱਤਾ ਵਿੱਚ ਇਹ ਘਿਨਾਉਣੀ ਹਰਕਤ ਕੀਤੀ ਗਈ। ਉਸ ਦੇ ਇਨਸਾਫ ਨੂੰ ਲੈ ਕੇ ਲਗਾਤਾਰ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ।
ਮਾਨਸਾ 'ਚ ਰੋਸ: ਅੱਜ ਮਾਨਸਾ ਜੱਚਾ ਬੱਚਾ ਹਸਪਤਾਲ ਵਿਖੇ ਆਈ ਐਮ ਏ ਵੱਲੋ ਗੈਰ ਐਮਰਜੈਂਸੀ ਸੇਵਾਵਾ ਠੱਪ ਕਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ ਨਰਸ ਦੀ ਸੇਫਟੀ ਲਈ ਸਿਕਿਉਰਿਟੀ ਤੈਨਾਤ ਕੀਤੀ ਜਾਵੇ ਤੇ ਕੱਲਕਤਲਾ ਟ੍ਰੇਨੀ ਡਾਕਟਰ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆ ਜਾਣ। ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੇ ਕਿਹਾ ਕਿ ਇਸ ਘਟਨਾ ਨੂੰ ਲੈਕੇ ਡਿਊਟੀ ਕਰਦੀਆਂ ਡਾਕਟਰ ਅਤੇ ਨਰਸਾਂ ਵੀ ਸਹਿਮੀਆਂ ਹੋਈਆਂ ਹਨ, ਕਿਉਂਕਿ ਕਲਕੱਤਾ ਵਿੱਚ ਮਹਿਲਾ ਡਾਕਟਰ ਦਾ ਰੇਪ ਕਰਕੇ ਕਤਲ ਕਰ ਦੇਣ ਦੀ ਘਟਨਾ ਦੇ ਨਾਲ ਪੂਰੇ ਦੇਸ਼ ਵਿੱਚ ਹਲਚਲ ਮਚਾਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਮਹਿਲਾ ਕਿਤੇ ਵੀ ਸੁਰੱਖਿਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
IMA ਵਲੋਂ ਬੰਦ ਦਾ ਐਲਾਨ: ਕੋਲਕਾਤਾ 'ਚ ਇਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ-ਕਤਲ ਦੀ ਘਟਨਾ ਦੇ ਵਿਰੋਧ 'ਚ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਦਾ ਸ਼ਨੀਵਾਰ 8ਵਾਂ ਦਿਨ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਵੀ ਅੱਜ ਸਵੇਰੇ 6 ਵਜੇ ਤੋਂ ਕੱਲ੍ਹ ਸਵੇਰੇ 6 ਵਜੇ ਤੱਕ ਯਾਨੀ 24 ਘੰਟਿਆਂ ਲਈ ਬੰਦ ਦਾ ਐਲਾਨ ਕੀਤਾ ਹੈ। IMA ਨੇ ਕਿਹਾ- 24 ਘੰਟਿਆਂ ਦੌਰਾਨ ਸਾਰੇ ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਕੰਮ ਬੰਦ ਰਹਿਣਗੇ।
ਕੀ ਹੈ ਪੂਰਾ ਮਾਮਲਾ: 9 ਅਗਸਤ ਨੂੰ, ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਆਨ-ਡਿਊਟੀ ਪੋਸਟ ਗ੍ਰੈਜੂਏਟ ਟ੍ਰੇਨੀ ਡਾਕਟਰ ਨਾਲ ਰੇਪ ਕਰਦੇ, ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਮੁਲਜ਼ਮ ਸੰਜੇ ਰਾਏ, ਜੋ ਕਿ ਹਸਪਤਾਲ ਵਿੱਚ ਵਲੰਟੀਅਰ ਵਜੋਂ ਕੰਮ ਕਰਦਾ ਸੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਹੋਰ ਆਨ ਡਿਊਟੀ ਡਾਕਟਰਾਂ ਤੇ ਵਿਦਿਆਰਥੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਹੁਣ ਸੀਬੀਆਈ ਦੇ ਹੱਥਾਂ ਵਿੱਚ ਹੈ।