ਮੋਗਾ: ਮੋਗਾ ਦਾ ਰਹਿਣ ਵਾਲਾ ਇੱਕ ਅਜਿਹਾ ਆਰਟਿਸਟ ਜੋ ਹੁਣ ਤੱਕ ਬਹੁਤ ਸਾਰੇ ਬੁੱਤ ਤਿਆਰ ਕਰ ਚੁੱਕਿਆ ਹੈ। ਜਿਸ ਦੇ ਚਲਦਿਆ ਮੋਗਾ ਦੇ ਇਸ ਆਰਟਿਸਟ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬੜਾ ਹੀ ਸਾਨਦਾਰ ਪੁਤਲਾ ਬਣਾਇਆ ਹੈ। ਆਰਟਿਸਟ ਇਕਬਾਲ ਸਿੰਘ ਵੱਲੋਂ ਇੱਦਾਂ ਹੀ ਪੁਤਲੇ ਬਣਾ ਕੇ ਬਾਹਰ ਵਿਦੇਸ਼ਾਂ ਵਿੱਚ ਵੀ ਭੇਜੇ ਜਾਂਦੇ ਹਨ। ਜਿੱਥੇ ਪੂਰਾ ਦੇਸ਼ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਯਾਦ ਕਰਕੇ ਵੱਖੋ-ਵੱਖਰੇ ਤਰੀਕਿਆਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਉੱਥੇ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਮਾਣੂਕੇ ਗਿੱਲ ਦੇ ਰਹਿਣ ਵਾਲੇ ਇੱਕ ਆਰਟਿਸਟ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੁਤਲਾ ਬਣਾ ਕੇ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰਟਿਸਟ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਇਸ ਕਲਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਸਾਰੇ ਗੁਰੂਆਂ ਦੇ ਪੁਤਲੇ ਬਣਾ ਚੁੱਕਿਆ ਹੈ, ਉਸਨੇ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦਾ ਪੁਤਲੇ ਬਣਾਏ ਹਨ। ਇੱਥੋਂ ਤੱਕ ਕਿ ਉਹ ਖੁਦ ਨੌ ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਉਸਨੇ ਕਿਹਾ ਕਿ ਮੈਨੂੰ ਸਾਰੇ ਨੇਤਾਵਾਂ ਤੇ ਗਾਇਕਾਂ ਦੇ ਦੇਸ਼ ਭਗਤਾਂ ਦੇ ਪੁਤਲੇ ਬਣਾਉਣ ਦਾ ਸ਼ੌਂਕ ਹੈ। ਉਨ੍ਹਾਂ ਕਿਹਾ ਕਿ ਮੈਂ ਸਕੂਲੀ ਬੱਚਿਆਂ ਨੂੰ ਵੀ ਇੱਥੇ ਆਉਣ ਲਈ ਪ੍ਰੇਰਿਤ ਕਰਦਾ ਹਾਂ ਜੋ ਇਸ ਕਲਾ ਨਾਲ ਜੁੜ ਕੇ ਇਸ ਕਲਾ ਵਿੱਚ ਵੱਧ ਤੋਂ ਵੱਧ ਦਿਲਚਸਪੀ ਰੱਖ ਕੇ ਸਿੱਖ ਕੌਮ ਦਾ ਨਾਮ ਉੱਚਾ ਕਰ ਸਕਣ।
''5, 7 ਦਿਨ੍ਹਾਂ ਵਿੱਚ ਬੁੱਤ ਬਣਾਉਣਾ ਬਹੁਤ ਵੱਡੀ ਗੱਲ ਹੈ''
ਆਰਟਿਸਟ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਜਦੋਂ ਆਰਟਿਸਟ ਦੇ ਕੰਮ ਨੂੰ ਸਲਾਹਿਆਂ ਜਾਂਦਾ ਹੈ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਉਨ੍ਹਾਂ ਨੇ ਖੁਦ ਵੀ ਆਪਣੇ ਦੋਸਤਾਂ, ਮਿੱਤਰਾਂ ਦੇ ਕਹਿਣ 'ਤੇ ਮਨਮੋਹਨ ਸਿੰਘ ਬੁੱਤ ਤਿਆਰ ਕਰਨਾ ਸ਼ੁਰੂ ਕੀਤਾ ਸੀ। ਇਹ ਉਨ੍ਹਾਂ ਲਈ ਇੱਕ ਬਹੁਤ ਵੱਡਾ ਚੈਲੈਂਜ ਸੀ। ਕਿਉਂਕਿ 5, 7 ਦਿਨਾਂ ਵਿੱਚ ਬੁੱਤ ਬਣਾਉਣਾ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਮਨਮੋਹਨ ਸਿੰਘ ਦਾ ਇਹ ਬੁੱਤ ਤਿਆਰ ਕੀਤਾ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜਿਹੜੇ ਬੱਚਿਆਂ ਨੂੰ ਆਰਟਿਸਟ ਦਾ ਸ਼ੌਕ ਹੈ, ਉਹ ਆਪਣੇ ਬੱਚਿਆਂ ਨੂੰ ਇੱਥੇ ਫੈਕਟਰੀ ਦੇ ਵਿੱਚ ਲੈ ਕੇ ਆਉਣ। ਇੱਥੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਇਹ ਕੰਮ ਕੀਤਾ ਜਾਂਦਾ ਹੈ, ਬੁੱਤ ਤਿਆਰ ਕਰਨ ਲਈ ਕਿਹੜੀਆਂ-ਕਿਹੜੀਆਂ ਚੀਜਾਂ ਦੀ ਲੋੜ ਪੈਂਦੀ ਹੈ, ਸਾਰਾ ਕੁਝ ਸਮਝਾਇਆ ਜਾਵੇਗਾ। ਉਨ੍ਹਾਂ ਨੇ ਕਦੇ ਵੀ ਇਹ ਕੰਮ ਪਰਦੇ ਦੇ ਵਿੱਚ ਨਹੀਂ ਕੀਤਾ। ਉਨ੍ਹਾਂ ਦੀ ਇਹ ਸੋਚ ਹੈ ਕਿ ਜੇ ਰੱਬ ਨੇ ਅਪਾਂ ਨੂੰ ਕਲਾ ਦਿੱਤੀ ਹੈ ਤਾਂ ਇਸ ਕਲਾ ਨੂੰ ਉਹ ਸਾਰੀ ਦੁਨੀਆਂ ਵਿੱਚ ਸਾਝਾਂ ਕਰਨ। ਕਿਹਾ ਕਿ ਸਾਡੇ ਤੋਂ ਕੋਈ ਸਿੱਖੂਗਾ ਤਾਂ ਇਸ ਨਾਲ ਸਾਡੇ ਦੇਸ਼ ਦਾ, ਪੰਜਾਬੀਆਂ ਦਾ ਨਾਂ ਵੀ ਰੌਸ਼ਨ ਹੋਵੇਗਾ। ਆਉਣ ਵਾਲੀ ਨਵੀਂ ਪੀੜ੍ਹੀ ਨੂੰ ਵੀ ਇਸ ਕੰਮ ਬਾਰੇ ਜਾਣੂ ਹੋਵੇਗੀ।
ਇਕਬਾਲ ਸਿੰਘ ਨੇ ਕਿਹਾ ਕਿ ਕੰਪਿਊਟਰ ਵੀ ਬੰਦੇ ਨੇ ਬਣਾਇਆ ਹੈ। ਪਹਿਲਾਂ ਬੰਦੇ ਦੇ ਦਿਮਾਗ 'ਚ ਕੰਪਿਊਟਰ ਬਣਾਉਣ ਦਾ ਖਿਆਲ ਆਇਆ ਫਿਰ ਹੀ ਕੰਪਿਊਟਰ ਬਣਿਆ। ਉਨ੍ਹਾਂ ਨੇ ਕਿਹਾ ਕਿ ਮੇਰੇ ਦਿਮਾਗ ਦਾ ਜੋ ਸਕੈਨਰ ਹੈ, ਉਹ ਹਰੇਕ ਚੀਜ ਨੂੰ ਸਕੈਨ ਕਰ ਲੈਂਦਾ ਹੈ। ਸਭ ਤੋਂ ਪਹਿਲਾਂ ਉਹ ਤਸਵੀਰ ਨੂੰ ਧਿਆਨ ਨਾਲ ਦੇਖਦਾ ਹੈ ਅਤੇ ਉਸ ਬਾਰੇ ਜਾਣਕਾਰੀ ਲੈਣ ਲਈ ਪੜਦਾ ਹੈ। ਜਦੋਂ ਚੰਗੀ ਤਰ੍ਹਾਂ ਉਹ ਤਸਵੀਰ ਉਸ ਦੇ ਦਿਮਾਗ ਵਿੱਚ ਸਕੈਨ ਹੋ ਜਾਂਦੀ ਹੈ ਤਾਂ ਫਿਰ ਉਹ ਬੁੱਤ ਬਣਾਉਣਾ ਸ਼ੁਰੂ ਕਰਦਾ ਹੈ। ਇਸ ਕੰਮ ਵਿੱਚ ਉਸ ਦੇ ਹੱਥ, ਅੱਖਾਂ ਪੂਰੀ ਤਰ੍ਹਾਂ ਸਾਥ ਦਿੰਦੇ ਹਨ।
ਮੂਰਤੀਆਂ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਲੋਕ
ਉੱਥੇ ਹੀ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਮੂਰਤੀਆਂ ਬਣਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਮੂਰਤੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਂਦੀਆਂ ਹਨ ਅਤੇ ਇਕਬਾਲ ਸਿੰਘ ਵੱਲੋਂ ਬਣਾਈਆਂ ਗਈਆਂ ਮੂਰਤੀਆਂ ਨੂੰ ਦੇਖਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਹਨ। ਇਕਬਾਲ ਸਿੰਘ ਗੁਰੂਆਂ ਸਮਾਜ ਸੇਵਕਾਂ ਕਲਾਕਾਰਾਂ ਅਤੇ ਦੇਸ਼ ਭਗਤਾਂ ਦੀਆਂ ਮੂਰਤੀਆਂ ਬਣਾਉਂਦਾ ਹੈ। ਜਦੋਂ ਸਾਡੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਦਿਹਾਂਤ ਹੋਇਆ ਅਸੀਂ ਇਕੱਠੇ ਬੈਠੇ ਸੀ ਅਤੇ ਮੈਂ ਇਕਬਾਲ ਸਿੰਘ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੇ ਦੇਸ਼ ਲਈ ਬਹੁਤ ਹੀ ਵਧੀਆ ਉਪਰਾਲੇ ਕੀਤੇ ਹਨ, ਸਾਨੂੰ ਉਨ੍ਹਾਂ ਦੀ ਮੂਰਤੀ ਬਣਾਉਣੀ ਚਾਹੀਦੀ ਹੈ ਅਤੇ ਇਕਬਾਲ ਸਿੰਘ ਨੇ ਮੇਰੀ ਹਾਂ ਦੇ ਵਿੱਚ ਹਾਂ ਮਿਲਾ ਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਪੁਤਲਾ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਾਡੇ ਪਿੰਡ ਦੀ ਸ਼ਾਨ ਵਧਾਈ ਹੈ।