ਅੰਮ੍ਰਿਤਸਰ: ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ। ਇਸ ਵਿਚਾਲੇ ਪਹਿਲਾਂ ਸੰਘਰਸ਼ ਨਾ ਸ਼ੁਰੂ ਹੋਵੇ, ਇਸ ਲਈ ਇੱਕ ਪਾਸੇ ਕੇਂਦਰ ਕਿਸਾਨਾਂ ਨੂੰ ਦੂਜੀ ਮੀਟਿੰਗ ਲਈ ਸੱਦਾ ਦੇ ਰਿਹਾ ਹੈ ਤਾਂ ਦੂਜੇ ਪਾਸੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ ਦੇ ਇਸ ਅੰਦੋਲਨ ਨੂੰ ਰੋਕਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਥੇ ਸਰਕਾਰ ਵਲੋਂ ਹਾਈਵੇਅ 'ਤੇ ਹੀ ਵੱਡੇ-ਵੱਡੇ ਪੱਕੇ ਬੈਰੀਕੇਡ ਕੀਤੇ ਜਾ ਰਹੇ ਹਨ ਤਾਂ ਉਥੇ ਹੀ ਹੁਣ ਕਈ ਜ਼ਿਲ੍ਹਿਆਂ 'ਚ ਇੰਟਰਨੈਟ ਸੇਵਾ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਹਰਿਆਣਾ 'ਚ ਅੰਦੋਲਨ ਰੋਕਣ ਲਈ ਸਰਕਾਰ ਦੀ ਕਾਰਵਾਈ: ਹਰਿਆਣਾ ਸਰਕਾਰ ਦੀ ਇਸ ਕਾਰਵਾਈ ਨੂੰ ਲੈਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ 18 ਕਿਸਾਨ ਜਥੇਬੰਦੀਆਂ ਦੇ ਸਾਂਝੇ ਮੈਂਬਰ ਸਰਵਣ ਸਿੰਘ ਪੰਧੇਰ ਵੱਲੋਂ ਵੀਡੀਓ ਜਾਰੀ ਕਰਕੇ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕਥਿਤ ਤੌਰ ਉੱਤੇ ਕੀਤੇ ਜਾ ਰਹੇ ਐਲਾਨ ਅਤੇ ਕਾਰਵਾਈਆਂ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗਏ ਹਨ। ਕਿਸਾਨ ਆਗੂ ਦਾ ਕਹਿਣਾ ਕਿ ਮੀਡੀਆ ਰਾਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਹਰਿਆਣਾ ਸਰਕਾਰ ਨੇ ਸੂਬੇ 'ਚ ਕਿਸਾਨਾਂ ਦੇ ਅੰਦੋਲਨ ਨੂੰ ਰੋਕਣ ਲਈ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਸੜਕਾਂ 'ਤੇ ਕੀਤੀ ਜਾ ਰਹੀ ਬੈਰੀਕੇਡਿੰਗ ਨਾਲ ਸੂਬੇ ਨੂੰ ਖੁੱਲ੍ਹੀ ਜੇਲ੍ਹ ਸਰਕਾਰ ਵਲੋਂ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਵਰਤਾਰਾ ਬਹੁਤ ਹੀ ਮੰਦਭਾਗਾ ਹੈ।
ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਕਰ ਰਹੇ ਪਰੇਸ਼ਾਨ: ਕਿਸਾਨ ਆਗੂ ਪੰਧੇਰ ਦਾ ਕਹਿਣਾ ਕਿ ਹਰਿਆਣਾ ਪੁਲਿਸ ਕਿਸਾਨਾਂ ਦੇ ਘਰਾਂ 'ਤੇ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀਆਂ ਹਨ। ਕਿਸਾਨਾਂ ਦੇ ਪਰਿਵਾਰਾਂ ਅਤੇ ਇਥੋਂ ਤੱਕ ਕਿ ਮਹਿਲਾਵਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਬੇਇਜ਼ਤੀ ਤੱਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਜਿਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਨੂੰ ਵੱਖ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਹ ਜ਼ਮਹੂਰੀਅਤ ਦੁਆਰਾ ਚੁਣੀ ਹੋਈ ਸਰਕਾਰ ਦਾ ਫੈਸਲਾ ਨਹੀਂ ਹੋ ਸਕਦਾ।
ਆਰ ਪਾਰ ਦੀ ਲੜਾਈ ਲੜ ਕੇ ਰਹਾਂਗੇ: ਇਸ ਦੇ ਨਾਲ ਹੀ ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਪੰਜਾਬ ਰਾਹੀ ਮੀਟਿੰਗਾਂ ਦਾ ਦੌਰ ਚਲਾ ਰਿਹਾ ਹੈ ਤਾਂ ਦੂਜੇ ਪਾਸੇ ਹਰਿਆਣਾ ਸਰਕਾਰ ਵਲੋਂ ਅਜਿਹਾ ਵਰਤਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਮੀਟਿੰਗ 'ਚ ਕੇਂਦਰੀ ਮੰਤਰੀਆਂ ਨੂੰ ਹਰਿਆਣਾ ਸਰਕਾਰ ਦੀ ਇੰਨ੍ਹਾਂ ਕਾਰਵਾਈਆਂ ਨੂੰ ਲੈਕੇ ਨੋਟ ਵੀ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਹਰਿਆਣਾ 'ਚ ਇਹ ਕੁਝ ਹੋ ਰਿਹਾ ਹੈ। ਉਨ੍ਹਾਂ ਨਾਲ ਹੀ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੈ ਅਤੇ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਹਟ 'ਚ ਆਉਣ ਦੀ ਲੋੜ ਨਹੀਂ ਹੈ ਅਤੇ 13 ਦੀ ਆਰ ਪਾਰ ਦੀ ਲੜਾਈ ਹਰ ਹਾਲ ਲੜਾਂਗੇ ਤੇ ਸਫ਼ਲ ਹੋਵਾਂਗੇ ।