ਚੰਡੀਗੜ੍ਹ/ਬਠਿੰਡਾ/ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਸਣੇ ਅਕਾਲੀ ਸਰਕਾਰ ਦੇ ਮੰਤਰੀਆਂ ਤੇ ਲੀਡਰਾਂ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ। ਇਸ ਦੇ ਚੱਲਦੇ ਸੁਖਬੀਰ ਬਾਦਲ ਜਦੋਂ ਅੱਜ ਆਪਣੀ ਧਾਰਮਿਕ ਸਜ਼ਾ ਕਰ ਰਹੇ ਸਨ ਤਾਂ ਉਸ ਸਮੇਂ ਉਨ੍ਹਾਂ 'ਤੇ ਹਮਲਾ ਹੁੰਦਾ ਹੈ ਤੇ ਹਮਲਾਵਰ ਵਲੋਂ ਉਨ੍ਹਾਂ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਸਾਬਕਾ ਖਾੜਕੂ ਨਰਾਇਣ ਸਿੰਘ ਚੌਰਾ ਵਲੋਂ ਕੀਤਾ ਗਿਆ। ਉਥੇ ਹੀ ਸੁਖਬੀਰ ਬਾਦਲ 'ਤੇ ਹੋਏ ਇਸ ਹਮਲੇ ਨੂੰ ਲੈਕੇ ਜਥੇਦਾਰ ਵਲੋਂ ਨਿੰਦਾ ਕੀਤੀ ਗਈ ਹੈ।
ਸੇਵਾ ਨਿਭਾਅ ਰਹੇ ਸੇਵਾਦਾਰ 'ਤੇ ਹਮਲਾ
ਇਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਜਿਸ 'ਚ ਉਨ੍ਹਾਂ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਜਥੇਦਾਰ ਗਿਅਨੀ ਰਘਬੀਰ ਸਿੰਘ ਨੇ ਕਿਹਾ ਕਿ ਨਰਾਇਣ ਸਿੰਘ ਚੌਰਾ ਵਲੋਂ ਇਹ ਹਮਲਾ ਸੁਖਬੀਰ ਬਾਦਲ 'ਤੇ ਨਹੀਂ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸੇਵਾ ਨੂੰ ਨਿਭਾਅ ਰਹੇ ਸੇਵਾਦਾਰ 'ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੋਲੀ ਸੁਖਬੀਰ ਬਾਦਲ ਨੂੰ ਤਾਂ ਨਹੀਂ ਲੱਗੀ ਪਰ ਚਰਨਕੁੰਡ ਨੂੰ ਜ਼ਰੂਰ ਲੱਗੀ ਹੈ, ਜਿਥੇ ਸੰਗਤ ਪੈਰ ਧੋ ਕੇ ਦਰਬਾਰ ਸਾਹਿਬ ਨਤਮਸਤਕ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕਰਕੇ ਇਸ ਵਰਤਾਰ ਪਿਛਲੇ ਲੋਕਾਂ ਨੂੰ ਸਾਹਮਣੇ ਲਿਆਉਂਦਾ ਜਾਵੇ।
ਬਿਨਾਂ ਕਿਸੇ ਡਰ ਤੇ ਦਬਾਅ ਤੋਂ ਫੈਸਲਾ
ਉਥੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਜੋ ਕੀਤਾ ਗਿਆ, ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੋਂ ਵੀ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦਾ ਹੈ, ਉਹ ਭੈਅਮੁਕਤ ਤੇ ਗੁਰੂ ਅੱਗੇ ਸਮਰਪਿਤ ਹੋਣ ਦੀ ਭਾਵਨਾ ਲੈਕੇ ਆਉਂਦਾ ਹੈ। ਜਥੇਦਾਰ ਨੇ ਕਿਹਾ ਕਿ ਜਦੋਂ ਪੰਜ ਸਿੰਘ ਸਹਿਬਾਨਾਂ ਨੇ ਫੈਸਲਾ ਲਿਆ ਸੀ ਤਾਂ ਉਹ ਗੁਰੂ ਦੀ ਓਟ 'ਚ ਬਿਨਾਂ ਕਿਸੇ ਡਰ ਅਤੇ ਦਬਾਅ ਤੋਂ ਲਿਆ ਸੀ, ਜਿਸ ਸਬੰਧੀ ਉਸ ਦਿਨ ਦੁਹਰਾਇਆ ਵੀ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੀ ਜਾਂਦੀ ਜਵਾਬਤਲਬੀ ਤੈਅ
ਜਥੇਦਾਰ ਨੇ ਕਿਹਾ ਕਿ ਕਈ ਏਜੰਸੀਆਂ ਨੇ ਜਿੰਨ੍ਹਾਂ ਨੂੰ ਇਸ ਫੈਸਲੇ ਦੇ ਚੰਗੇ ਜਾਂ ਮਾੜੇ ਹੋਣ ਦੀ ਫਿਕਰ ਨਹੀਂ ਹੈ। ਸਗੋਂ ਉਨ੍ਹਾਂ ਨੂੰ ਦਰਦ ਤੇ ਪੀੜਾ ਗੁਰੂ ਹਰਗੋਬਿੰਦ ਸਾਹਿਬ ਦੇ ਤਖ਼ਤ ਤੋਂ ਹੈ, ਕਿ ਇਥੇ ਵੱਡੇ ਤੋਂ ਵੱਡੇ ਲੀਡਰ ਦੀ ਜਵਾਬਦੇਹੀ ਤੈਅ ਕੀਤੀ ਜਾਂਦੀ ਹੈ। ਭਾਵੇਂ ਉਹ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਨ ਜਾਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀ, ਜਾਂ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਸੀ, ਚਾਹੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਸੀ। ਉਨ੍ਹਾਂ ਕਿਹਾ ਕਿ ਇਹ ਸੰਕਲਪ ਗੁਰੂ ਸਾਹਿਬ ਨੇ ਸਿਰਫ਼ ਸਿੱਖਾਂ ਨੂੰ ਬਖਸ਼ਿਆ।