ਲੁਧਿਆਣਾ: ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਭਰਨ ਦੇ ਆਖਰੀ ਦਿਨ ਹੰਗਾਮਾ ਹੋਇਆ। ਇਸ ਦੌਰਾਨ ਇੱਕ ਸਰਪੰਚੀ ਦੇ ਉਮੀਦਵਾਰ ਤੋਂ ਵਿਰੋਧੀ ਪਾਰਟੀ ਨਾਲ ਸਬੰਧਿਤ ਨੌਜਵਾਨ ਨਾਮਜ਼ਦਗੀ ਦੇ ਦਸਤਾਵੇਜ਼ ਖੋਹ ਕੇ ਫਰਾਰ ਹੋ ਗਏ। ਇਸ ਦੌਰਾਨ ਕਾਫੀ ਹੰਗਾਮਾ ਹੋਇਆ, ਜਿਸ ਤੋਂ ਬਾਅਦ ਮੌਕੇ ਉੱਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਤੇ ਨਾਲ ਹੀ ਕਾਂਗਰਸ ਦੇ ਸਾਬਕਾ ਐਮਐਲਏ ਵੀ ਪਹੁੰਚੇ, ਜਿਨ੍ਹਾਂ ਨੇ ਇਲਜ਼ਾਮ ਲਗਾਏ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਤੋਂ ਸਾਨੂੰ ਖਦਸ਼ਾ ਹੈ ਕਿ 15 ਅਕਤੂਬਰ ਨੂੰ ਵੋਟਿੰਗ ਵਾਲੇ ਦਿਨ ਵੀ ਇਸੇ ਤਰ੍ਹਾਂ ਧੱਕਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੌਕੇ ਉੱਤੇ ਏਡੀਸੀਪੀ ਵੀ ਪਹੁੰਚੇ ਹਨ, ਜਿਨ੍ਹਾਂ ਨੇ ਉਹਨਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੇ ਹਲਾਤ ਬਣ ਰਹੇ ਹਨ ਅਜਿਹੇ ਹਲਾਤ ਪੰਜਾਬ ਵਿੱਚ ਪਹਿਲਾਂ ਕਦੇ ਵੀ ਨਹੀਂ ਦੇਖੇ।
ਸਰਕਾਰ ਦੇ ਇਸ਼ਾਰੇ ਉੱਤੇ ਧੱਕਾਸ਼ਾਹੀ
ਲੁਧਿਆਣਾ ਦੇ ਪੋਲਟੈਕਨੀਕ ਕਾਲਜ ਦੇ ਵਿੱਚ ਅੱਜ ਨਾਮਜ਼ਦਗੀਆਂ ਦੇ ਕਾਗਜ਼ ਲਏ ਜਾ ਰਹੇ ਹਨ। ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਰਪੰਚ ਅਤੇ ਪੰਚੀ ਦੇ ਉਮੀਦਵਾਰ ਪਹੁੰਚੇ ਹੋਏ ਹਨ। ਕਾਂਗਰਸ ਦੇ ਸਾਬਕਾ ਐਮਐਲਏ ਕੁਲਦੀਪ ਵੈਦ ਨੇ ਕਿਹਾ ਕਿ ਨਾਮਜ਼ਦਗੀਆਂ ਦੇ ਲਈ ਇੱਕ ਦਿਨ ਰੱਖਣਾ ਸਹੀ ਨਹੀਂ ਸੀ। ਉਹਨਾਂ ਕਿਹਾ ਕਿ ਇਹ ਵੱਡਾ ਪ੍ਰੋਸੈਸ ਹੁੰਦਾ ਹੈ, ਉਹ ਪਹਿਲਾਂ ਵੀ ਇਸ ਮਾਮਲੇ ਨੂੰ ਲੈਕੇ ਚੋਣ ਕਮਿਸ਼ਨ ਨੂੰ ਮਿਲੇ ਹਨ। ਜੇਕਰ ਚਾਰ ਤੋਂ ਪੰਜ ਡਿਪਟੀ ਕਮਿਸ਼ਨਰ ਮਿਲ ਕੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰਦੇ ਤਾਂ ਕੁਝ ਹੋ ਸਕਦਾ ਸੀ। ਭਾਜਪਾ ਦੇ ਆਗੂਆਂ ਨੇ ਇਲਜ਼ਾਮ ਲਗਾਏ ਕਿ ਅਜਿਹੀ ਧੱਕੇਸ਼ਾਹੀ ਕਦੇ ਨਹੀਂ ਹੋਈ।
ਪੁਲਿਸ ਕਰ ਰਹੀ ਕਾਰਵਾਈ
ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਏਡੀਸੀਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੌਕੇ ਉੱਤੇ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਕਿਸੇ ਨਾਲ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਚੋਣਾਂ ਪੂਰੇ ਨਿਰਪੱਖ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਅਸੀਂ ਡਿਊਟੀਆਂ ਉੱਤੇ ਤਾਇਨਾਤ ਹਾਂ ਅਤੇ ਜਿਸ ਉਮੀਦਵਾਰ ਤੋਂ ਨਾਮਜ਼ਦਗੀ ਕਾਗਜ਼ ਖੋਹਣ ਦੀ ਗੱਲ ਸਾਹਮਣੇ ਆਈ ਹੈ,ਉਸ ਦੀ ਨਾਮਜ਼ਦਗੀ ਪਹਿਲ ਦੇ ਅਧਾਰ ਉੱਤੇ ਭਰਵਾ ਦਿੱਤੀ ਗਈ ਹੈ।