ਅੰਮ੍ਰਿਤਸਰ: ਆਸਟ੍ਰੇਲੀਆ ਤੋਂ ਇੰਡੀਆ 15 ਹਜ਼ਾਰ ਕਿਲੋਮੀਟਰ ਦੀ ਯਾਤਰਾ ਅਤੇ 13 ਮੁਲਕਾਂ ਨੂੰ ਸੜਕ ਰਸਤੇ ਘੁੰਮਣ ਦਾ ਬੀੜਾ ਚੁੱਕਣ ਵਾਲੇ ਪੰਜਾਬ ਦੀ ਸ਼ਾਨ ਗੁਰਸਿੱਖ ਹਰਜੀਤ ਸਿੰਘ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਗੁਰੂ ਦੇ ਚਰਨਾਂ 'ਚ ਆਪਣੀ ਯਾਤਰਾ ਦੀ ਚੜਦੀ ਕਲਾ ਦੀ ਅਰਦਾਸ ਕੀਤੀ।
ਕਦੋਂ ਸ਼ੁਰੂ ਕੀਤਾ ਸੀ ਸਫ਼ਰ: ਇਸ ਮੌਕੇ ਗੱਲਬਾਤ ਕਰਦਿਆਂ ਗੁਰਸਿੱਖ ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋ ਆਸਟ੍ਰੇਲੀਆ ਤੋਂ ਇੰਡੀਆ ਤੱਕ ਦਾ ਸਫਰ 7 ਸਤੰਬਰ 2023 ਨੂੰ ਸ਼ੁਰੂ ਕੀਤਾ ਅਤੇ ਅੱਜ ਪੰਜ ਮਹੀਨੇ ਦੀ ਯਾਤਰਾ ਤੋਂ ਬਾਅਦ ਆਪਣੀ ਜਨਮਭੂਮੀ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ, ਜੋ ਕਿ ਮਾਣ ਵਾਲੀ ਗੱਲ ਹੈ । ਉਨ੍ਹਾਂ ਇੱਥੋ ਤੱਕ ਪਹੁੰਚਣ ਲਈ 12 ਮੁਲਕਾਂ ਆਸਟ੍ਰੇਲੀਆ ਤੋਂ ਸ਼ੁਰੂ ਹੋ ਸਵਿਟਜਰਲੈਂਡ, ਇਟਲੀ, ਗ੍ਰੀਸ, ਤੁਰਕੀ, ਇਰਾਨ, ਪਾਕਿਸਤਾਨ ਤੋਂ ਬਾਅਦ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਆਪਣੇ ਦੇਸ਼ ਪਹੁੰਚਣ ਦਾ ਸੁਭਾਗ ਪ੍ਰਾਪਤ ਹੋਇਆ।
ਵਾਹਿਗੁਰੂ ਦਾ ਸ਼ੁਕਰਾਨਾ: ਜਿਸ ਦਾ ਖਿਆਲ ਦੋ ਸਾਲ ਪਹਿਲਾ ਮਨ ਵਿੱਚ ਆਇਆ ਸੀ। ਜਿਸ ਨਾਲ ਸਾਰੇ ਧਾਰਮਿਕ ਸਥਾਨਾਂ ਅਤੇ ਮੁਲਕਾਂ ਨੂੰ ਜਾਣਨ ਦਾ ਮਨ ਸੀ ਜੋ ਹੁਣ ਵੱਖ ਵੱਖ ਮੁਲਕਾਂ ਦੀਆ ਸਰਕਾਰਾਂ ਅਤੇ ਅਧਿਕਾਰੀਆਂ ਅਤੇ ਲੋਕਾਂ ਦੇ ਸਹਿਯੋਗ ਸਦਕਾ ਇਹ ਸਫਲਤਾ ਹਾਸਿਲ ਹੋਈ ਹੈ । ਜਿਸਦਾ ਸ਼ੁਕਰਾਨਾ ਵਾਹਿਗੁਰੂ ਦੇ ਦਰ 'ਤੇ ਆ ਕੇ ਕੀਤਾ, ਜਿਸਦੇ ਚੱਲਦੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ। ਇੱਕ ਪਾਸੇ, ਇਸ ਸਿੱਖ ਨੌਜਵਾਨ ਨੇ ਜਿੱਥੇ ਸਿੱਖੀ ਸਰੂਪ ਦਾ ਮਾਣ ਵਧਾਇਆ, ਉੱਥੇ ਹੀ ਪੰਜਾਬ ਦਾ ਨਾਮ ਵੀ ਚਮਕਾਇਆ ਹੈ। ਇਸੇ ਲਈ ਹਰ ਪਾਸੇ ਹੁਣ ਹਰਜੀਤ ਸਿੰਘ ਦੇ ਹੌਸਲੇ ਦੀ ਚਰਚਾ ਹੋ ਰਹੀ ਹੈ।