ਬਠਿੰਡਾ: ਪੁਰਾਤਨ ਸਮੇਂ ਵਿੱਚ ਘਰ ਦੀ ਰਸੋਈ ਤੋਂ ਲੈ ਕੇ ਵਿਹੜੇ ਦੇ ਹਰ ਕੰਮ ਵਿੱਚ ਟੋਕਰੇ ਦੀ ਅਹਿਮ ਭੂਮਿਕਾ ਹੁੰਦੀ ਸੀ। ਜਿਉਂ ਜਿਉਂ ਸਮਾਂ ਤੇਜ਼ੀ ਨਾਲ ਤਬਦੀਲ ਹੋਇਆ ਹੱਥੀ ਕਾਰੀਗਰ ਦਾ ਇਹ ਬੇਮਿਸਾਲ ਨਮੂਨਾ ਟੋਕਰਾ ਰਸੋਈ ਤੋਂ ਲੈ ਕੇ ਵਿਹੜਿਆਂ ਵਿੱਚੋਂ ਹੌਲੀ ਹੌਲੀ ਗਾਇਬ ਹੋਣਾ ਸ਼ੁਰੂ ਹੋ ਗਿਆ, ਪਰ ਇਸ ਹੱਥੀ ਕਲਾ ਨੂੰ ਅੱਜ ਵੀ ਗੋਨਿਆਣਾ ਕਲਾਂ ਦਾ ਮੱਖਣ ਸਿੰਘ ਸੰਜੋਈ ਬੈਠਾ ਹੈ। ਉਹ ਖੂਬਸੂਰਤ ਟੋਕਰੇ ਹੱਥੀ ਤਿਆਰ ਕਰਦੇ ਹਨ ਅਤੇ ਵੇਚਦੇ ਹਨ।
ਚਾਰ ਪੀੜ੍ਹੀਆਂ ਤੋਂ ਸੰਭਾਲੀ ਹੋਈ ਵਿਰਾਸਤੀ ਕਲਾ: ਮੱਖਣ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਹ ਇੰਨਾ ਪੜ੍ਹਿਆ ਲਿਖਿਆ ਨਹੀਂ ਹੈ। ਉਸ ਨੇ ਆਪਣੇ ਦਾਦੇ-ਪਿਤਾ ਨੂੰ ਟੋਕਰੇ ਬਣਾਉਣ ਦਾ ਕੰਮ ਕਰਦਿਆ ਦੇਖਿਆ ਅਤੇ ਉਨ੍ਹਾਂ ਕੋਲੋਂ ਹੀ ਇਹ ਕਲਾ ਵਿੱਚ ਮੁਹਾਰਤ ਹਾਸਿਲ ਕੀਤੀ। ਉਹ ਚੌਥੀ ਪੀੜ੍ਹੀ ਹੈ, ਜੋ ਇਸ ਵਿਰਾਸਤੀ ਕਲਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਮੱਖਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਕਰਦੇ ਹਨ ਅਤੇ ਉਨ੍ਹਾਂ ਨੂੰ ਇਹ ਕੰਮ ਸਿਖਾਇਆ ਜ਼ਰੂਰ ਜਾਵੇਗਾ, ਇਸ ਨੂੰ ਅੱਗੇ ਪੇਸ਼ੇ ਵਜੋਂ ਅਪਨਾਉਣਾ ਹੈ ਜਾਂ ਨਹੀਂ, ਇਹ ਉਨ੍ਹਾਂ ਦੀ ਮਰਜ਼ੀ ਹੈ।
ਹੱਥੀ ਤਿਆਰ ਕੀਤੇ ਜਾਂਦੇ ਟੋਕਰੇ: ਮੱਖਣ ਸਿੰਘ ਨੇ ਦੱਸਿਆ ਕਿ ਇਹ ਟੋਕਰੇ ਹੱਥੀ ਕਾਰੀਗਰੀ ਵਾਲੀ ਕਲਾ ਹੈ। ਉਨ੍ਹਾਂ ਵੱਲੋਂ ਰੋਜ਼ਾਨਾ ਦੋ ਤੋਂ ਤਿੰਨ ਟੋਕਰੇ ਹੱਥੀ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਟੋਕਰਿਆਂ ਨੂੰ ਤਿਆਰ ਕਰਨ ਲਈ ਮੱਖਣ ਸਿੰਘ ਵੱਲੋਂ ਤੂਤ ਦੀਆਂ ਟਾਹਣੀਆਂ ਛਾਂਗ ਕੇ ਲਿਆਂਦੀਆਂ ਜਾਂਦੀਆਂ ਹਨ, ਫਿਰ ਉਨ੍ਹਾਂ ਨੂੰ ਘੜ ਕੇ ਬਰੀਕ ਬਰੀਕ ਤਿਆਰ ਕੀਤਾ ਜਾਂਦਾ ਅਤੇ ਵੱਖ-ਵੱਖ ਤਰ੍ਹਾਂ ਦੇ ਟੋਕਰੇ, ਆਕਾਰ ਦੇ ਹਿਸਾਬ ਨਾਲ ਤਿਆਰ ਕੀਤੇ ਜਾਂਦੇ ਹਨ। ਅੱਜ-ਕੱਲ੍ਹ ਦੇ ਹਿਸਾਬ ਨਾਲ ਨਾ ਸਿਰਫ਼ ਵੱਡੇ-ਵੱਡੇ ਟੋਕਰੇ, ਬਲਕਿ ਡਿਜ਼ਾਈਨਰ ਟੋਕਰੇ ਵੀ ਤਿਆਰ ਕੀਤੇ (Wooden Baskets) ਜਾਂਦੇ ਹਨ। ਪੁਰਾਣੇ ਸਮਿਆਂ ਵਿੱਚ ਇਨ੍ਹਾਂ ਟੋਕਰਿਆਂ ਵਿੱਚ ਸ਼ਗਨਾਂ ਦੇ ਲੱਡੂ ਤਿਆਰ ਕਰ ਕੇ ਰੱਖੇ ਜਾਂਦੇ ਸੀ।
ਮਿਹਨਤ ਵੱਧ, ਪਰ ਕਮਾਈ ਘੱਟ: ਮੱਖਣ ਸਿੰਘ ਨੇ ਦੱਸਿਆ ਕਿ ਇੱਕ ਟੋਕਰਾ ਤਿਆਰ ਕਰਨ ਵਿੱਚ ਘੱਟੋ-ਘੱਟ ਇੱਕ ਤੋਂ ਡੇਢ ਘੰਟਾ ਲੱਗਦਾ ਹੈ। ਬਾਰੀਕੀ ਤੇ ਸਾਰਾ ਕੰਮ ਹੱਥੀ ਕੀਤਾ ਜਾਂਦਾ ਹੈ। ਤਿਆਰ ਕਰਨ ਤੋਂ ਬਾਅਦ ਟੋਕਰੇ ਬਜ਼ਾਰਾਂ ਤੇ ਮੇਲਿਆਂ ਵਿੱਚ ਵੇਚੇ ਜਾਂਦੇ ਹਨ। ਤਿਆਰ ਹੋਇਆ ਟੋਕਰਾ 200 ਤੋਂ 300 ਰੁਪਏ ਤੱਕ ਦਾ ਵਿਕਦਾ ਹੈ ਜਿਸ ਨਾਲ ਉਸ ਦੀ ਦਿਹਾੜੀ ਤਾਂ ਬਣ ਜਾਂਦੀ ਹੈ, ਪਰ ਇਸ ਕਮਾਈ ਦਾ ਸਾਧਨ ਨਹੀਂ ਹੈ। ਇੰਨੀ ਘੱਟ ਪੈਸਿਆਂ ਵਿੱਚ ਘਰ ਗੁਜ਼ਾਰਾ, ਬੱਚਿਆਂ ਦੀ ਪੜ੍ਹਾਈ ਤੇ ਹੋਰ ਖ਼ਰਚੇ ਕਰਨਾ ਔਖਾ ਹੈ, ਪਰ ਫਿਰ ਵੀ ਉਹ ਇਸ ਕੰਮ ਯਾਨੀ ਵਿਰਾਸਤ ਨੂੰ ਸੰਭਾਲੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।