ਗੁਰਦਾਸਪੁਰ: ਇੱਕ ਪਾਸੇ ਤਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਵਾਰ-ਵਾਰ ਆਖਿਆ ਜਾਂਦਾ ਹੈ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਬਿਲਕੁਲ ਠੀਕ ਹੈ ਪਰ ਦੂਜੇ ਪਾਸੇ ਆਏ ਦਿਨ ਕਿਸੇ ਨਾ ਕਿਸੇ ਪੁਲਿਸ ਚੌਂਕੀ 'ਤੇ ਧਮਾਕੇ ਕੀਤੇ ਜਾ ਰਹੇ ਹਨ। ਹੁਣ ਸਰਹੱਦੀ ਕਸਬਾ ਕਲਾਨੌਰ ਦੀ ਵਡਾਲਾ ਬਾਂਗਰ ਪੁਲਿਸ ਚੌਕੀ ਵਿਖੇ ਦੇਰ ਰਾਤ ਧਮਾਕਾ ਕੀਤਾ ਗਿਆ।ਜਾਣਕਾਰੀ ਮੁਤਾਬਿਕ ਰਾਤ ਕਰੀਬ 9 ਵਜੇ ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ ਅਤੇ ਕੁਝ ਦੇਰ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਚੌਂਕੀ ਦੇ ਬਾਹਰ ਇਕੱਠੇ ਹੋਣ ਲੱਗੇ। ਸਥਾਨਕ ਲੋਕਾਂ ਵੱਲੋਂ ਘਰਾਂ ਤੋਂ ਬਾਹਰ ਨਿਕਲਣ ਦੀ ਵੀਡੀਓ ਬਣਾਈ ਗਈ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਅਧਿਕਾਰੀਆਂ ਵੱਲੋਂ ਧਮਾਕੇ ਦੀ ਪੁਸ਼ਟੀ
ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਦੇਰ ਰਾਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟ 10 ਦਿਨਾਂ ਤੋਂ ਬੰਦ ਸੀ। ਵਡਾਲਾ ਬਾਂਗਰ ਚੌਕੀ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਸ਼ਹਿਰ ਡੇਰਾ ਬਾਬਾ ਨਾਨਕ ਦੇ ਨੇੜੇ ਸਥਿਤ ਹੈ। ਪੁਲਿਸ ਅਧਿਕਾਰੀਆਂ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਮੌਕੇ ’ਤੇ ਪੁੱਜੇ ਡੀਐਸਪੀ ਗੁਰਵਿੰਦਰ ਸਿੰਘ ਅਨੁਸਾਰ ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਕਿਸ ਨੇ ਲਈ ਧਮਾਕੇ ਦੀ ਜ਼ਿੰਮੇਵਾਰੀ
ਜ਼ਿਕਰਯੋਗ ਹੈ ਕਿ ਵਡਾਲਾ ਬਾਂਗਰ ਪੁਲਿਸ ਚੌਕੀ 'ਤੇ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਦੇ ਹੈਪੀ ਪਾਸ਼ੀਆ ਨੇ ਲਈ ਹੈ। ਪਾਸ਼ੀਆ ਲਗਾਤਾਰ ਹਮਲਿਆਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਹਾਲਾਂਕਿ ਹੁਣ ਤੱਕ ਪੁਲਿਸ ਕਿਸੇ ਵੀ ਮੁਲਜ਼ਮਾਂ ਨੂੰ ਕਾਬੂ ਕਰਨ 'ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ। ਈਟੀਵੀ ਭਾਰਤ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
26 ਦਿਨਾਂ 'ਚ 7 ਹਮਲੇ
ਹੁਣ ਤੱਕ ਪੰਜਾਬ 'ਚ 26 ਦਿਨਾਂ 'ਚ ਇਹ 7ਵਾਂ ਹਮਲਾ ਹੈ, ਜਿਸ 'ਚ ਅੱਤਵਾਦੀ ਸੰਗਠਨ 6 ਧਮਾਕੇ ਕਰਨ 'ਚ ਸਫਲ ਰਹੇ ਹਨ, ਜਦਕਿ ਪੁਲਸ ਨੂੰ 1 ਬੰਬ ਬਰਾਮਦ ਕਰਨ 'ਚ ਸਫਲਤਾ ਮਿਲੀ ਹੈ, ਜਿਸ ਨੂੰ ਥਾਣਾ ਅਜਨਾਲਾ ਤੋਂ ਬਰਾਮਦ ਕੀਤਾ ਗਿਆ ਹੈ।
ਇਹ 6 ਘਟਨਾਵਾਂ ਕਦੋਂ ਵਾਪਰੀਆਂ?
24 ਨਵੰਬਰ- ਅਜਨਾਲਾ ਥਾਣੇ ਦੇ ਬਾਹਰ ਆਰ.ਡੀ.ਐਕਸ. ਹਾਲਾਂਕਿ, ਇਹ ਵਿਸਫੋਟ ਨਹੀਂ ਹੋਇਆ, ਹੈਪੀ ਪਾਸ਼ੀਆ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ, ਜਦਕਿ ਪੁਲਿਸ ਨੇ ਇਸ ਮਾਮਲੇ 'ਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਏ ਹਨ।
27 ਨਵੰਬਰ- ਗੁਰਬਖਸ਼ ਨਗਰ 'ਚ ਬੰਦ ਪੁਲਸ ਚੌਕੀ 'ਚ ਗ੍ਰਨੇਡ ਧਮਾਕਾ ਹੋਇਆ। ਇਹ ਹਮਲਾ ਵੀ ਬੰਦ ਪਈ ਚੌਕੀ ਵਿੱਚ ਹੋਇਆ।
2 ਦਸੰਬਰ- ਐੱਸ.ਬੀ.ਐੱਸ.ਨਗਰ ਦੇ ਕਾਠਗੜ੍ਹ ਥਾਣੇ 'ਚ ਗ੍ਰੇਨੇਡ ਧਮਾਕਾ ਹੋਇਆ। ਇਸ ਮਾਮਲੇ 'ਚ ਵੀ ਪੁਲਿਸ ਨੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਸਨ।
4 ਦਸੰਬਰ- ਮਜੀਠਾ ਥਾਣੇ 'ਚ ਗ੍ਰੇਨੇਡ ਫਟਣ 'ਤੇ ਪੁਲਿਸ ਨੇ ਹਮਲਾ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਇਕ ਕਰਮਚਾਰੀ ਦੀ ਬਾਈਕ ਦਾ ਟਾਇਰ ਫਟ ਗਿਆ।
13 ਦਸੰਬਰ- ਥਾਣਾ ਅਲੀਵਾਲ ਬਟਾਲਾ 'ਚ ਗ੍ਰੇਨੇਡ ਧਮਾਕਾ ਹੋਇਆ। ਇਸ ਘਟਨਾ ਦੀ ਜ਼ਿੰਮੇਵਾਰੀ ਵੀ ਹੈਪੀ ਪਾਸ਼ੀਆ ਅਤੇ ਉਸ ਦੇ ਸਾਥੀਆਂ ਨੇ ਲਈ ਹੈ। ਇਹ ਘਟਨਾ ਵੀ ਰਾਤ ਸਮੇਂ ਵਾਪਰੀ।
17 ਦਸੰਬਰ- ਇਸਲਾਮਾਬਾਦ ਦੇ ਥਾਣੇ 'ਚ ਗ੍ਰੇਨੇਡ ਧਮਾਕਾ। ਸਵੇਰੇ ਜਦੋਂ ਇਹ ਖ਼ਬਰ ਫੈਲੀ ਤਾਂ ਪੁਲਿਸ ਕਮਿਸ਼ਨਰ ਅਤੇ ਸਥਾਨਕ ਪੁਲਿਸ ਨੇ ਇਸ ਨੂੰ ਧਮਾਕਾ ਨਹੀਂ ਕਿਹਾ, ਪਰ ਦੁਪਹਿਰ ਬਾਅਦ ਡੀਜੀਪੀ ਪੰਜਾਬ ਨੇ ਖੁਦ ਅੰਮ੍ਰਿਤਸਰ ਪਹੁੰਚ ਕੇ ਮੰਨਿਆ ਕਿ ਇਹ ਅੱਤਵਾਦੀ ਘਟਨਾ ਸੀ ਅਤੇ ਬੰਬ ਧਮਾਕਾ ਹੋਇਆ ਸੀ।