ਬਠਿੰਡਾ: ਬਿਤੇ ਦਿਨੀਂ ਬਠਿੰਡਾ ਦੇ ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਰਹਿਣ ਵਾਲੇ ਕਾਹਨ ਸਿੰਘ ਦੀਆਂ ਬੱਕਰੀਆਂ ਬੁਰੇ ਹਲਾਤਾਂ ਮਰੀਆਂ ਹੋਈਆਂ ਮਿਲੀਆਂ। ਬਕਰੀਆਂ ਦੀ ਹਾਲਤ ਦੇਖ ਕੇ ਪਿੰਡ ਵਾਸੀਆਂ ਨੇ ਜੰਗਲੀ ਜਾਨਵਰ ਦਾ ਹਮਲਾ ਹੋਣ ਦਾ ਖਦਸ਼ਾ ਜਤਾਇਆਂ ਹੈ। ਪਿੰਡ ਵਾਸੀਆਂ ਮੁਤਾਬਿਕ ਪਿੰਡ ਵਿੱਚ ਰਾਤ ਸਮੇਂ ਕਿਸੇ ਅਗਿਆਤ ਖੂੰਖਾਰ ਜਾਨਵਰ ਦੇ ਵੜ ਆਉਣ ਅਤੇ ਉਸ ਵੱਲੋਂ ਕਥਿਤ ਤੌਰ 'ਤੇ ਕੁਝ ਬੱਕਰੀਆਂ ਨੂੰ ਮਾਰ ਦੇਣ ਅਤੇ ਕਈਆਂ ਨੂੰ ਜਖਮੀ ਕੀਤਾ ਗਿਆ ਹੈ। ਜਿਸ ਨਾਲ ਜਿੱਥੇ ਪਸ਼ੂ ਪਾਲਕਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਜੰਗਲਾਤ ਵਿਭਾਗ ਦੀ ਟੀਮ ਨੇ ਉਕਤ ਜਾਨਵਰ ਨੂੰ ਫੜਨ ਲਈ ਵਿਸ਼ੇਸ ਮੁਹਿੰਮ ਆਰੰਭ ਦਿੱਤੀ ਹੈ।
ਜੰਗਲਾਤ ਵਿਭਾਗ ਨੂੰ ਕੀਤਾ ਸੁਚਿਤ
ਪੀੜਿਤ ਕਾਹਨ ਸਿੰਘ ਖਾਲਸਾ ਨੇ ਦੱਸਿਆ ਕਿ ਉਸਨੇ ਕੁਝ ਬੱਕਰੀਆਂ ਰੱਖੀਆਂ ਸਨ ਜਿਹਨਾਂ ਵਿੱਚੋਂ ਤਿੰਨ ਬੱਕਰੀਆਂ ਕਿਸੇ ਖੂੰਖਾਰ ਰ ਕਿਸਮ ਦੇ ਜੰਗਲੀ ਜਾਨਵਰ ਵੱਲੋਂ ਮਾਰ ਦਿੱਤੀਆਂ ਗਈਆਂ ਹਨ। ਜਦਕਿ ਚਾਰ ਬੱਕਰੀਆਂ ਜਖਮੀ ਹਾਲਤ ਵਿੱਚ ਹਨ, ਜਿੰਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ। ਬੱਕਰੀਆਂ ਪਾਲਣ ਵਾਲੇ ਉਕਤ ਪੀੜਿਤ ਵਿਅਕਤੀ ਮੁਤਾਬਿਕ ਘਟਨਾ ਬਾਰੇ ਪਤਾ ਲੱਗਦਿਆਂ ਹੀ ਉਸ ਨੇ ਲੋਕਾਂ ਨੂੰ ਸਾਵਧਾਨ ਕਰਨ ਲਈ ਗੁਰੂਦੁਆਰਾ ਸਾਹਿਬ ਦੇ ਸਪੀਕਰ ਰਾਹੀਂ ਅਨਾਊਂਸਮੈਂਟ ਕਰਵਾ ਦਿੱਤੀ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਨਾਲ ਨਾਲ ਜੰਗਲਾਤ ਮਹਿਕਮੇ ਨੂੰ ਸੂਚਿਤ ਕਰ ਦਿੱਤਾ। ਉੱਧਰ ਸੂਚਨਾ ਮਿਲਦਿਆਂ ਹੀ ਜੰਗਲਾਤ ਵਿਭਾਗ ਦੀ ਇੱਕ ਟੀਮ ਜਾਨਵਰ ਫੜਨ ਦੇ ਸਮੁੱਚੇ ਸਾਧਨਾਂ ਸਮੇਤ ਪਿੰਡ ਨੰਗਲਾ ਪੁੱਜ ਗਈ ਜੰਗਲਾਤ ਵਿਭਾਗ ਦੇ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਨੇ ਪਹੁੰਚ ਕੇ ਖੋਜਬੀਨ ਆਰੰਭ ਦਿੱਤੀ ਪ੍ਰੰਤੂ ਅਜੇ ਤੱਕ ਕਿਸੇ ਖੂੰਖਾਰ ਜਾਨਵਰ ਦੇ ਪਿੰਡ 'ਚ ਵੜਨ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀ ਆਈ।
ਸੰਘਣੀ ਧੁੰਦ ਤੇ ਸੀਤ ਲਹਿਰ ਦੀ ਲਪੇਟ 'ਚ ਪੰਜਾਬ, 13 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਬੱਕਰੀਆਂ ਦੇ ਪੋਸਟਮਾਰਟਮ ਤੋਂ ਹੋਵੇਗਾ ਖੁਲਾਸਾ
ਉਹਨਾਂ ਦੱਸਿਆ ਕਿ ਉਹਨਾਂ ਕੋਲ ਡਾਕਟਰਾਂ ਦੀ ਟੀਮ ਵੀ ਪਹੁੰਚ ਰਹੀ ਹੈ ਜਿੰਨ੍ਹਾਂ ਕੋਲ ਅਜਿਹੇ ਜਾਨਵਰਾਂ ਨੂੰ ਬੇਹੋਸ਼ ਕਰਨ ਲਈ ਦਵਾਈ ਅਤੇ ਫੜਨ ਵਾਸਤੇ ਪਿੰਜਰਾ ਵੀ ਮੌਜੂਦ ਹੈ। ਪਿੰਡ ਚ ਫੈਲ ਰਹੀਆਂ ਚਰਚਾਵਾਂ ਬਾਰੇ ਉਨਾਂ ਕਿਹਾ ਕਿ ਮ੍ਰਿਤਕ ਪਸ਼ੂਆਂ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗੇਗਾ ਕਿ ਆਖਿਰ ਇਹ ਕਿਸ ਕਿਸਮ ਦੇ ਜਾਨਵਰ ਦਾ ਕੰਮ ਹੈ ਬਾਕੀ ਅਸੀਂ ਹਰ ਪਾਸੇ ਭਾਲ ਕਰ ਰਹੇ ਹਾਂ। ਉੱਧਰ ਪਿੰਡ ਦੇ ਮੋਹਤਬਰ ਜਥੇਦਾਰ ਹਰਮੰਦਰ ਸਿੰਘ ਨੰਗਲਾ ਨੇ ਦੱਸਿਆ ਕਿ ਬੱਕਰੀਆਂ ਦੇ ਮਰਨ ਕਾਰਣ ਪੀੜਤ ਪਰਿਵਾਰ ਦਾ ਘੱਟ ਤੋਂ ਘੱਟ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਨਾਲ ਹੀ ਹੋਰਨਾਂ ਪਸ਼ੂ ਪਾਲਕਾਂ ਨੂੰ ਆਪਣੇ ਜਾਨਵਰਾਂ ਦੀ ਸੁਰੱਖਿਆ ਦੀ ਚਿੰਤਾ ਸਤਾਉਣ ਲੱਗੀ ਹੈ।ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਿਤ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ।