ਸ੍ਰੀ ਫ਼ਤਹਿਗੜ੍ਹ ਸਾਹਿਬ: ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਸਮਾਗਮ 'ਚ ਸ਼ਾਮਲ ਹੋਣ ਲਈ ਟ੍ਰੇਨ ਰਾਹੀਂ ਹਰਿਆਣਾ ਦੇ ਕਰਨਾਲ ਤੋਂ ਰਹੀ ਰਜਨੀ ਕੌਰ ਅਤੇ ਇੱਕ ਬੱਚੀ ਪ੍ਰੀਤੀ ਕੌਰ ਸਰਹਿੰਦ ਰੇਲਵੇ ਸਟੇਸ਼ਨ 'ਤੇ ਰੇਲਗੱਡੀ ਦੀ ਲਪੇਟ ਵਿੱਚ ਆ ਗਈਆਂ। ਜਿਸ ਕਾਰਨ ਬੱਚੀ ਪ੍ਰੀਤੀ ਕੌਰ ਦੀ ਮੌਤ ਹੋ ਗਈ ਉਥੇ ਹੀ ਪ੍ਰੀਤੀ ਕੌਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਉਸਦੀ ਤਾਈ ਰਜਨੀ ਕੌਰ ਵੀ ਗੰਭੀਰ ਜ਼ਖਮੀ ਹੋ ਗਈ।
ਸ਼ਾਨ-ਏ- ਪੰਜਾਬ ਟਰੇਨ ਦੀ ਲਪੇਟ ਵਿੱਚ ਆਈਆਂ
ਜੀਆਰਪੀ ਥਾਣਾ ਸਰਹਿੰਦ ਦੇ ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਹਰਿਆਣਾ ਦੇ ਕਰਨਾਲ ਤੋਂ ਰਜਨੀ ਕੌਰ ਤੇ ਪ੍ਰੀਤੀ ਕੌਰ ਦੋਨੋਂ ਸ਼ਹੀਦੀ ਸਭਾ ਉੱਤੇ ਮੱਥਾ ਟੇਕਣ ਦੇ ਲਈ ਆ ਰਹੇ ਸਨ। ਸਰਹਿੰਦ ਰੇਲਵੇ ਸਟੇਸ਼ਨ ਉੱਤੇ ਭੀੜ ਵੱਧ ਹੋਣ ਦੇ ਕਾਰਨ ਉਹ ਟਰੇਨ ਦੇ ਦੂਸਰੀ ਪਾਸੇ ਪਲੇਟਫੋਮ ਤੋਂ ਹੇਠਾਂ ਪਟੜੀ ਵੱਲ ਉੱਤਰ ਗਏ। ਉਹਨਾਂ ਨੂੰ ਦੂਸਰੀ ਤਰਫ ਤੋਂ ਆ ਰਹੀ ਟ੍ਰੇਨ ਦਾ ਨਹੀਂ ਪਤਾ ਲੱਗਿਆ ਤੇ ਇਸੇ ਦੌਰਾਨ ਉਹ ਸ਼ਾਨ-ਏ- ਪੰਜਾਬ ਟਰੇਨ ਦੀ ਲਪੇਟ ਵਿੱਚ ਆ ਗਈਆਂ।
ਪੁਲਿਸ ਕਰ ਰਹੀ ਕਾਰਵਾਈ
ਜਿਸ ਦੇ ਕਾਰਨ ਬੱਚੀ ਦੀ ਮੌਤ ਹੋ ਗਈ। ਜਿਸਨੂੰ ਬਚਾਉਂਦੇ ਹੋਏ ਬੱਚੀ ਦੀ ਤਾਈ ਰਜਨੀ ਕੌਰ ਗੰਭੀਰ ਜ਼ਖ਼ਮੀ ਹੋ ਗਈ। ਜਿਸਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਪੀਜੀਆਈ ਰੈਫਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਦੱਸ ਦਈਏ ਇਸ ਹਾਦਸੇ ਤੋਂ ਕੁੱਝ ਦਿਨ ਪਹਿਲਾਂ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਪੈਂਦੇ ਇਤਿਹਾਸਕ ਨਗਰ ਸਰਹੰਦ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਹਲਕਾ ਖੇਮਕਰਨ ਦੇ ਪਿੰਡ ਭਗਵਾਨਪੁਰਾ ਦੇ ਦੋ ਨੌਜਵਾਨਾਂ ਦੀ ਖੰਨਾ ਨਜ਼ਦੀਕ ਭਿਆਨਕ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਹਿਚਾਣ ਅਵਤਾਰ ਸਿੰਘ ਉਰਫ ਤਾਰੂ ਪੁੱਤਰ ਸੰਤੋਖ ਸਿੰਘ ਜਿਸ ਦੀ ਉਮਰ ਕਰੀਬ 32 ਸਾਲ ਸੀ ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਸੁਰਿੰਦਰ ਸਿੰਘ ਉਮਰ 15 ਸਾਲ ਵਜੋਂ ਹੋਈ ਸੀ।