ਮਜੀਠਾ (ਅੰਮ੍ਰਿਤਸਰ): ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਥਾਣੇ ਅੰਦਰ ਜ਼ਬਰਦਸਤ ਧਮਾਕਾ ਹੋਇਆ, ਜਿਸ ਨੂੰ ਪੁਲਿਸ ਨੇ ਬਾਈਕ ਦਾ ਟਾਇਰ ਫਟਣ ਦੀ ਆਵਾਜ਼ ਦੱਸੀ ਪਰ ਇਸ ਧਮਾਕੇ ਕਾਰਨ ਥਾਣੇ ਦੇ ਸਾਰੇ ਸ਼ੀਸ਼ੇ ਟੁੱਟ ਗਏ।
ਕਥਿਤ ਪੋਸਟ ਰਾਹੀਂ ਗੈਂਗਸਟਰਾਂ ਨੇ ਦੱਸਿਆ ਗ੍ਰੇਨੇਡ ਹਮਲਾ
ਹੁਣ ਸੋਸ਼ਲ ਮੀਡੀਆ 'ਤੇ ਇੱਕ ਪੋਸਟਰ ਵਾਇਰਲ ਹੋ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਹੈਪੀ ਪੱਸ਼ੀਆ, ਗੋਪੀ ਨਵਾਂਸ਼ਹਿਰ ਅਤੇ ਜੀਵਨ ਫੌਜੀ ਨੇ ਲਈ ਹੈ, ਇਸ ਕਥਿਤ ਪੋਸਟ ਵਿੱਚ ਲਿਖਿਆ ਗਿਆ ਹੈ ਕਿ,' ਗ੍ਰੇਨੇਡ ਹਮਲਾ ਕੀਤਾ ਗਿਆ ਹੈ, ਕਾਰਵਾਈਆਂ ਜਾਰੀ ਰਹਿਣਗੀਆਂ ਅਤੇ ਮੌਜੂਦਾ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ, ਜੋ ਸਿੱਖਾਂ ਦੀ ਦੁਸ਼ਮਣ ਬਣ ਕੇ ਪੰਜਾਬ ਵਿੱਚ ਗੁੰਡਾਗਰਦੀ ਚਲਾ ਰਹੀ ਹੈ,'।
![MAJITHA POLICE STATION IN AMRITSAR](https://etvbharatimages.akamaized.net/etvbharat/prod-images/05-12-2024/23045011_bomb_aspera.jpeg)
ਦੱਸ ਦਈਏ ਧਮਾਕੇ ਸਬੰਧੀ ਗੱਲਬਾਤ ਕਰਦਿਆਂ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਜਦੋਂ ਜ਼ੋਰਦਾਰ ਧਮਾਕੇ ਤੋਂ ਬਾਅਦ ਉਹ ਕਵਰੇਜ ਲਈ ਪਹੁੰਚੇ ਤਾਂ ਪੁਲਿਸ ਵੱਲੋਂ ਉਹਨਾਂ ਦਾ ਮੋਬਾਇਲ ਫੋਨ ਖੋਹ ਲਿਆ ਗਿਆ ਅਤੇ ਕਿਸੇ ਵੀ ਤਰੀਕੇ ਦੀ ਕਵਰੇਜ ਨਹੀਂ ਕਰਨ ਦਿੱਤੀ ਗਈ। ਇਸ ਤੋਂ ਇਲਾਵਾ ਪੁਲਿਸ ਨੇ ਫੋਨ ਦੀ ਸਾਰੀ ਰਿਕਾਰਡਿੰਗ ਵੀ ਡਲੀਟ ਕਰ ਦਿੱਤੀ। ਪੱਤਰਕਾਰ ਮੁਤਾਬਿਕ ਧਮਾਕਾ ਜ਼ਬਰਦਸਤ ਸੀ ਜੋ ਕਿ ਟਾਇਰ ਫਟਣ ਕਾਰਣ ਹੋਇਆ ਨਹੀਂ ਲੱਗ ਰਿਹਾ।
ਬਲਾਸਟ ਤੋਂ ਮੁਨਕਰ ਹੋਈ ਪੁਲਿਸ
ਦੂਜੇ ਪਾਸੇ ਇਸ ਮਾਮਲੇ ਉੱਤੇ ਡੀਐਸਪੀ ਜਸਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਤਰੀਕੇ ਦਾ ਕੋਈ ਬਲਾਸਟ ਨਹੀਂ ਹੋਇਆ ਸਿਰਫ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਮੋਟਰਸਾਈਕਲ ਦੇ ਟਾਇਰ ਵਿੱਚ ਹਵਾ ਭਰੀ ਜਾ ਰਹੀ ਸੀ ਤਾਂ ਇਸ ਦੌਰਾਨ ਮੋਟਰਸਾਈਕਲ ਦਾ ਟਾਇਰ ਫਟ ਗਿਆ ਅਤੇ ਬਾਅਦ ਵਿੱਚ ਪੁਲਿਸ ਮੁਲਾਜ਼ਮ ਆਪਣਾ ਮੋਟਰਸਾਈਕਲ ਲੈ ਕੇ ਥਾਣੇ ਤੋਂ ਚਲਾ ਗਿਆ। ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਥਾਣੇ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਸ਼ੀਸ਼ੇ ਟੁੱਟੇ ਹਨ।