ਅੰਮ੍ਰਿਤਸਰ: ਦੇਸ਼ ਦੁਨੀਆਂ ਵਿੱਚ ਪੰਜਾਬੀ ਜਿੱਥੇ ਵੀ ਜਾਣ ਆਪਣੀ ਮਿਹਨਤ ਦੇ ਦਮ ਉੱਤੇ ਇੱਕ ਅਲੱਗ ਮੁਕਾਮ ਹਾਸਿਲ ਕਰਕੇ ਦਿਖਾਉਂਦੇ ਹਨ। ਅਜਿਹਾ ਹੀ ਕੁਝ ਮਾਝੇ ਦੇ ਇੱਕ ਗੱਭਰੂ ਨੇ ਕਰ ਦਿਖਾਇਆ ਹੈ। ਇਹ ਨੌਜਵਾਨ ਬਚਪਨ ਤੋਂ ਹੀ ਤੁਰਨ ਫਿਰਨ ਤੋਂ ਅਸਮਰੱਥ ਹੈ, ਪਰ ਸਰੀਰ ਦਾ ਅਪਾਹਿਜ ਹੋਣਾ, ਅਪਾਹਿਜਤਾ ਨਹੀਂ ਹੁੰਦੀ ਬਲਕਿ ਬੰਦਾ ਦਿਮਾਗ ਤੋਂ ਅਪਾਹਿਜ ਨਹੀਂ ਹੋਣਾ ਚਾਹੀਦਾ, ਇਨ੍ਹਾਂ ਖੁਦ ਕਹੀਆਂ ਲਾਈਨਾਂ ਨੂੰ ਉਸ ਨੇ ਸਾਬਿਤ ਕਰ ਦਿਖਾਇਆ ਹੈ।
ਘਰ-ਘਰ ਪੜ੍ਹਾਉਂਦੇ ਰਹੇ ਟਿਊਸ਼ਨਾਂ: ਇਹ ਸਾਡਾ ਨਹੀਂ ਇਹ ਕਹਿਣਾ ਹੈ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ 2024 ਹਾਸਿਲ ਕਰਨ ਵਾਲੇ ਪੰਜਾਬ ਦੇ ਇਸ ਨੌਜਵਾਨ ਰਣਜੀਤ ਸਿੰਘ ਦਾ ਪੰਜਾਬ ਪੁੱਜਣ ਉੱਤੇ ਵੀ ਭਰਵਾਂ ਸਵਾਗਤ ਕੀਤਾ ਗਿਆ। ਸ਼ਿੱਦਤ ਦੇ ਨਾਲ ਕੀਤੀ ਹੋਈ ਮਿਹਨਤ ਅਤੇ ਲਗਨ ਉਸ ਨੂੰ ਇੱਕ ਦਿਨ ਇਸ ਮੁਕਾਮ ਤੱਕ ਲੈ ਕੇ ਜਾਵੇਗੀ ਇਹ ਰਣਜੀਤ ਸਿੰਘ ਨੇ ਵੀ ਕਦੀ ਸੋਚਿਆ ਨਹੀਂ ਸੀ। ਇਥੋਂ ਤੱਕ ਕਿ ਕਿਸੇ ਵੇਲੇ ਪਿੰਡਾਂ ਵਿੱਚ ਘਰ ਘਰ ਜਾ ਕੇ ਟਿਊਸ਼ਨ ਪੜ੍ਹਾਉਣ ਵਾਲੇ ਇਸ ਨੌਜਵਾਨ ਨੇ ਸਿੱਖਿਆ ਖੇਤਰ ਵਿੱਚ ਅਜਿਹੀਆਂ ਪ੍ਰਾਪਤੀਆਂ ਕੀਤੀਆਂ ਕਿ ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ਵਿੱਚ ਇਸ ਨੌਜਵਾਨ ਨੂੰ ਸਿੱਖਿਆ ਖੇਤਰ ਅਤੇ ਹੋਰ ਕਿਤਿਆਂ ਵਿੱਚ ਚੰਗੀ ਕਾਰਗੁਜ਼ਾਰੀ ਦੇ ਲਈ ਬਿਜ਼ਨਸ ਟਾਇਕਨ ਐਵਾਰਡ ਦਿੱਤਾ ਗਿਆ ਹੈ।
ਪਿਤਾ ਨੇ ਕਿਹਾ- "ਆਈ ਐਮ ਹੈਪੀ..." : ਰਣਜੀਤ ਸਿੰਘ ਦੇ ਦੁਬਈ ਤੋਂ ਆਪਣੇ ਜੱਦੀ ਪਿੰਡ ਧੂਲਕਾ ਪਹੁੰਚਣ ਮੌਕੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਦਿਖਾਈ ਦਿੱਤਾ ਅਤੇ ਇਸ ਮੌਕੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਹੋਰਨਾਂ ਮੋਹਤਬਾਰਾਂ ਤੇ ਪਿੰਡ ਵਾਸੀਆਂ ਵੱਲੋਂ ਇਸ ਨੌਜਵਾਨ ਦੀ ਪ੍ਰਾਪਤੀ ਦੇ ਉੱਤੇ ਉਸ ਨੂੰ ਵਧਾਈ ਦਿੱਤੀ। ਪਿਤਾ ਚਰਨ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਬਚਪਨ ਤੋਂ ਹੀ ਤੁਰਨ ਫਿਰਨ ਤੋਂ ਅਸਮਰੱਥ ਹੈ ਅਤੇ ਉਸ ਸਮੇਂ ਫੌਜ ਵੱਲੋਂ ਸਕੂਲ ਆਉਣ ਜਾਣ ਦੇ ਲਈ ਇਸ ਨੂੰ ਟ੍ਰਾਇਲ ਸਾਈਕਲ ਦਿੱਤਾ ਗਿਆ ਸੀ। ਇਸ ਤਰ੍ਹਾਂ ਬਚਪਨ ਤੋਂ ਹੀ ਮਿਹਨਤ ਅਤੇ ਲਗਨ ਦੀ ਸੋਚ ਰੱਖਣ ਵਾਲੇ ਉਨ੍ਹਾਂ ਦੇ ਪੁੱਤਰ ਨੇ ਅੱਜ ਵੱਡਾ ਮੁਕਾਮ ਹਾਸਲ ਕੀਤਾ ਹੈ ਜਿਸ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਉਨ੍ਹਾਂ ਦਾ ਬੇਟਾ ਅੱਗੇ ਹੋਰ ਵੀ ਤਰੱਕੀਆਂ ਕਰੇ। ਉਨ੍ਹਾਂ ਕਿਹਾ ਕਿ ਪੁੱਤਰ ਦੀ ਇਸ ਕਾਮਯਾਬੀ ਉੱਤੇ - "ਆਈ ਐਮ ਵੈਰੀ ਹੈਪੀ।"
ਵਿਧਾਇਕ ਨੇ ਵੀ ਦਿੱਤੀ ਵਧਾਈ: ਰਣਜੀਤ ਸਿੰਘ ਦੀ ਇਸ ਪ੍ਰਾਪਤੀ ਦੇ ਉੱਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਪਾਰਟੀ ਵਰਕਰਾਂ ਸਣੇ ਉਨ੍ਹਾਂ ਦੇ ਘਰ ਪੁੱਜੇ ਅਤੇ ਸਿਰੋਪਾਓ ਤੇ ਸਨਮਾਨ ਚਿੰਨ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ, ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਅਜਿਹੇ ਨੌਜਵਾਨ ਹੋਰਨਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਹਨ। ਜਿੱਥੇ ਅਸੀਂ ਸਾਰੇ ਅੰਗ ਪੈਰ ਹੁੰਦਿਆ ਵੀ ਮਿਹਨਤ ਦੀ ਤਰਫ਼ ਧਿਆਨ ਨਹੀਂ ਦਿੰਦੇ, ਉੱਥੇ ਹੀ ਇਸ ਅਪਾਹਿਜ ਨੌਜਵਾਨ ਨੇ ਆਪਣੀ ਮਿਹਨਤ ਦੇ ਦਮ ਦੇ ਉੱਤੇ ਅੱਜ ਇਹ ਐਵਾਰਡ ਹਾਸਿਲ ਕੀਤਾ ਹੈ।