ਮੋਰਿੰਡਾ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਮੋਰਿੰਡਾ ਵਿਖੇ ਉਨਾਂ ਦੀ ਨਿੱਜੀ ਰਿਹਾਇਸ਼ ਵਿੱਚ ਪੰਜਾਬ ਪੁਲਿਸ ਰੋਪੜ ਵੱਲੋਂ ਡਿਟੇਨ ਕਰ ਲਿਆ ਗਿਆ ਹੈ। ਇਸ ਬਾਬਤ ਜਾਣਕਾਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਉੱਤੇ ਲਾਈਵ ਹੋ ਕੇ ਵੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਵੱਲੋਂ ਭਾਨਾ ਸਿੱਧੂ ਦੇ ਹੱਕ ਵਿੱਚ ਕੀਤੀ ਜਾ ਰਹੀ ਰੈਲੀ ਦੇ ਲਈ ਸੰਗਰੂਰ ਜਾਣ ਦੀ ਤਿਆਰੀ ਕੀਤੀ ਗਈ ਸੀ, ਪਰ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕਰ ਲਿਆ ਗਿਆ।
ਲੋਕਾਂ ਨੂੰ ਕੀਤਾ ਜਾ ਰਿਹਾ ਨਜ਼ਰਬੰਦ: ਕਾਬਿਲੇਗੌਰ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਪਹਿਲਾਂ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਜਿਸ ਤੋਂ ਬਾਅਦ ਉਹ ਮੋਰਿੰਡੇ ਵੱਲ ਜਾ ਰਹੇ ਸਨ ਅਤੇ ਮੋਰਿੰਡੇ ਤੋਂ ਉਹਨਾਂ ਨੇ ਸੰਗਰੂਰ ਨੂੰ ਨਿਕਲਣਾ ਸੀ, ਜਿੱਥੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੱਡੀ ਰੈਲੀ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰ ਮੋਹਤਵਾਰ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਲੇਕਿਨ ਅੱਜ ਸਵੇਰ ਤੋਂ ਹੀ ਇਸ ਰੈਲੀ ਦੇ ਸਬੰਧ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਡੇ ਲੀਡਰਾਂ ਨੂੰ ਅਤੇ ਉਸ ਰੈਲੀ ਵਾਲੀ ਜਗ੍ਹਾ ਪਹੁੰਚਣ ਵਾਲੇ ਲੋਕਾਂ ਨੂੰ ਜੋ ਵੱਡੇ ਚਿਹਰੇ ਹਨ, ਉਹਨਾਂ ਨੂੰ ਪੁਲਿਸ ਵੱਲੋਂ ਡਿਟੇਨ ਕੀਤਾ ਜਾ ਰਿਹਾ ਹੈ।
ਸਾਬਕਾ ਸੀਐਮ ਚੰਨੀ ਨੂੰ ਵੀ ਕੀਤਾ ਨਜ਼ਰਬੰਦ: ਭਾਨਾ ਸਿੱਧੂ ਦੇ ਹੱਕ ਦੇ ਵਿੱਚ ਵੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਗਰੂਰ ਵੱਲ ਦਾ ਰੁੱਖ ਕੀਤਾ ਗਿਆ ਸੀ ਲੇਕਿਨ ਉਹਨਾਂ ਨੂੰ ਮੋਰਿੰਡਾ ਪੁਲਿਸ ਦੇ ਉੱਚ ਅਧਿਕਾਰੀ ਜਿਸ ਦੇ ਵਿੱਚ ਦੋ ਡੀਐਸਪੀ ਰੈਂਕ ਅਤੇ ਦੋ ਇੰਸਪੈਕਟਰ ਦੇ ਅਧਿਕਾਰੀ ਮੌਜੂਦ ਸਨ ਤਾਂ ਉਨ੍ਹਾਂ ਵਲੋਂ ਸਾਬਕਾ ਮੁੱਖ ਮੰਤਰੀ ਨੂੰ ਰਸਤੇ ਦੇ ਵਿੱਚ ਕਨੋਰ ਚੌਂਕ ਦੇ ਉੱਤੇ ਰੋਕਿਆ ਗਿਆ। ਜਿਸ ਤੋਂ ਬਾਅਦ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀ ਨਿੱਜੀ ਰਿਹਾਇਸ਼ ਜੋ ਮੋਰਿੰਡਾ ਵਿੱਚ ਸਥਿਤ ਹੈ, ਉੱਥੇ ਜਾ ਕੇ ਉਹਨਾਂ ਨਾਲ ਹੋਰ ਇਸ ਮੁੱਦੇ ਉੱਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਪੁਲਿਸ ਵਲੋਂ ਮਹਿਜ਼ ਇਸ ਲਈ ਘਰ 'ਚ ਨਜ਼ਰਬੰਦ ਕੀਤਾ ਗਿਆ, ਕਿਉਂਕਿ ਉਹ ਭਾਨਾ ਸਿੱਧੂ ਦੇ ਹੱਕ 'ਚ ਸੰਗਰੂਰ ਧਰਨੇ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਮੁੱਖ ਮੰਤਰੀ ਮਾਨ ਨੂੰ ਸਿੱਧਾ ਹੋਏ ਚੰਨੀ: ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜਦੋਂ ਇਸ ਸੂਬੇ 'ਚ ਸਾਬਕਾ ਮੁੱਖ ਮੰਤਰੀ ਤੱਕ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਆਮ ਇਨਸਾਨ ਕਿਥੋਂ ਸੁਰੱਖਿਅਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਵੀ ਧਰਨੇ ਲੱਗਦੇ ਸਨ ਪਰ ਕਦੇ ਵੀ ਕਿਸੇ ਦੀ ਆਜ਼ਾਦੀ 'ਤੇ ਡਾਕਾ ਨਹੀਂ ਮਾਰਿਆ ਗਿਆ। ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ ਵਲੋਂ ਇਸ ਤਰ੍ਹਾਂ ਲੋਕਾਂ ਨੂੰ ਨਜ਼ਰਬੰਦ ਕੀਤਾ ਜਾ ਰਿਹਾ, ਉਹ ਖੁਦ ਸਾਡੀ ਸਰਕਾਰ 'ਚ ਧਰਨੇ ਲਾਉਂਦੇ ਰਹੇ ਹਨ। ਇਸ ਦੇ ਨਾਲ ਹੀ ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਲੋਕਾਂ ਨੇ ਇਸ ਸਰਕਾਰ ਦਾ ਫੁੱਲਾਂ ਨਾਲ ਸਵਾਗਤ ਕੀਤਾ ਸੀ ਪਰ ਹੁਣ ਡੱਲੇ ਮਾਰ ਕੇ ਇਸ ਸਰਕਾਰ ਨੂੰ ਤੁਰਦਾ ਕਰਨਗੇ।