ਬਰਨਾਲਾ: ਡੀਏਪੀ ਖ਼ਾਦ ਦੀ ਕਮੀ ਦੇ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਦੇ ਗੇਟ ਵਿੱਚ ਬੈਠ ਕੇ ਧਰਨਾ ਲਗਾਇਆ ਗਿਆ। ਕਿਸਾਨਾਂ ਵਲੋਂ ਡੀਸੀ ਅਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਡੀਸੀ ਕੋਲ ਮੰਗਾਂ ਲੈਕੇ ਆਏ ਸੀ ਕਿਸਾਨ
ਇਸ ਮੌਕੇ ਪ੍ਰਦਰਸ਼ਨਕਾਰੀ ਕਿਸਾਨ ਬਲੌਰ ਸਿੰਘ ਛੰਨਾ ਅਤੇ ਬੁੱਕਣ ਸਿੰਘ ਸੱਦੋਵਾਲ ਨੇ ਕਿਹਾ ਕਿ ਉਹ ਡੀਸੀ ਬਰਨਾਲਾ ਕੋਲ ਝੋਨੇ ਦੀ ਖ਼ਰੀਦ ਵਿੱਚ ਤੇਜ਼ੀ ਲਿਆਉਣ ਅਤੇ ਡੀਏਪੀ ਖ਼ਾਦ ਦੀ ਘਾਟ ਪੂਰੀ ਕਰਨ ਦੀ ਮੰਗ ਨੂੰ ਲੈ ਕੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਡੀਸੀ ਬਰਨਾਲਾ ਉਹਨਾਂ ਨਾਲ ਗੱਲ ਕਰਨ ਦੀ ਬਿਜਾਏ ਖਾਣਾ-ਖਾਣ ਦਾ ਬਹਾਨਾ ਬਣਾ ਕੇ ਦਫ਼ਤਰ ਤੋਂ ਬਾਹਰ ਰਿਹਾਇਸ਼ ’ਤੇ ਚਲੇ ਗਏ। ਜਿਸ ਕਰਕੇ ਉਹਨਾਂ ਰੋਸ ਵਜੋਂ ਡੀਸੀ ਦਫ਼ਤਰ ਅੱਗੇ ਬੈਠ ਕੇ ਧਰਨਾ ਲਗਾਇਆ ਹੈ।
ਡੀਏਪੀ ਦੀ ਖਾਦ ਕਾਰਨ ਨਹੀਂ ਹੋ ਰਹੀ ਬਿਜਾਈ
ਉਹਨਾਂ ਕਿਹਾ ਕਿ ਜਿੱਥੇ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਕਿਸਾਨਾਂ ਦੇ ਮੁੱਦਿਆਂ ’ਤੇ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹਨ, ਉਥੇ ਅਫ਼ਸਰਸ਼ਾਹੀ ਦਾ ਰਵੱਈਆ ਵੀ ਕਿਸਾਨਾਂ ਲਈ ਬਹੁਤ ਮਾੜਾ ਹੈ। ਕਿਸਾਨਾਂ ਨੇ ਕਿਹਾ ਕਿ ਅੱਜ ਡੀਏਪੀ ਦੀ ਘਾਟ ਕਾਰਨ ਕਿਸਾਨ ਆਪਣੀ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਤੋਂ ਪ੍ਰੇਸ਼ਾਨ ਹੋ ਰਹੇ ਹਨ। ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਡੀਏਪੀ ਖਾਦ ਦੇ ਰੈਕ ਨੂੰ ਲੈ ਕੇ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਜਦਕਿ ਸਰਕਾਰਾਂ ਸਾਰੇ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਲੋੜੀਂਦੀ ਡੀਏਪੀ ਖ਼ਾਦ ਦਾ ਪ੍ਰਬੰਧ ਕਰੇ।
ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
ਉਹਨਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ ਡੀਏਪੀ ਦੇ 70 ਹਜ਼ਾਰ ਗੱਟੇ ਦੀ ਲੋੜ ਹੈ। ਜਿਸ ਲਈ ਰੇਲ ਦਾ ਰੈਕ ਬਰਨਾਲਾ ਵਿਖੇ ਲੱਗਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਇੱਕ ਦੋ ਦਿਨ ਵਿੱਚ ਡੀਏਪੀ ਖ਼ਾਦ ਦੀ ਘਾਟ ਪੂਰੀ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਥੇ ਕਿਸਾਨਾਂ ਦੇ ਧਰਨੇ ਵਿੱਚ ਮਾਲ ਵਿਭਾਗ ਤੇ ਡੀਸੀ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੁੱਧਵਾਰ ਨੂੰ ਸਵੇਰੇ 10 ਵਜੇ ਡੀਸੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ। ਜਿਸ ਤੋਂ ਬਾਅਦ ਕਿਸਾਨਾਂ ਨੇ ਇਹ ਧਰਨਾ ਸੰਪੰਨ ਕੀਤਾ।