ਚੰਡੀਗੜ੍ਹ: 24 ਫਰਵਰੀ ਦਿਨ ਸ਼ਨੀਵਾਰ ਅੱਜ ਕਿਸਾਨ ਅੰਦੋਲਨ ਦਾ 12ਵਾਂ ਦਿਨ ਹੈ। ਕਿਸਾਨ ਐਮਐਸਪੀ ਦੀ ਮੰਗ ਨੂੰ ਲੈ ਕੇ ਪਿਛਲੇ 11 ਦਿਨਾਂ ਤੋਂ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ। ਫਿਲਹਾਲ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ। ਇਸ ਸਬੰਧੀ ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਉਹ ਉਸੇ ਦਿਨ ਇਸ ਬਾਰੇ ਫੈਸਲਾ ਲੈਣਗੇ ਕਿ ਕਿਸ ਰਣਨੀਤੀ ਤਹਿਤ ਦਿੱਲੀ ਵੱਲ ਕੂਚ ਕਰਨਾ ਹੈ। ਕਿਸਾਨ ਆਗੂ ਨੇ ਕਿਹਾ ਕਿ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਗੱਲਬਾਤ ਦਾ ਕੋਈ ਸੱਦਾ ਨਹੀਂ ਆਇਆ ਕਿਉਂਕਿ ਅਸੀਂ ਮੰਗ ਕੀਤੀ ਹੈ ਕਿ ਗੱਲਬਾਤ ਦੇ ਸੱਦੇ ਵਿੱਚ ਇਹ ਸਪੱਸ਼ਟ ਲਿਖਿਆ ਜਾਵੇ ਕਿ ਐਮਐਸਪੀ ਗਾਰੰਟੀ ਕਾਨੂੰਨ ਬਣਾਉਣ ਬਾਰੇ ਗੱਲਬਾਤ ਹੋਵੇਗੀ ਅਤੇ ਕੇਂਦਰ ਸਰਕਾਰ ਇਸ ਤੋਂ ਕੰਨੀ ਕਤਰਾਉਂਦੀ ਹੈ।
ਦੇਸ਼ ਭਰ ਵਿੱਚ ਕੱਢੇ ਜਾਣਗੇ ਕੈਂਡਲ ਮਾਰਚ: ਨੌਜਵਾਨ ਕਿਸਾਨ ਸ਼ੁਭਕਰਮ ਦੀ ਮੌਤ ਦੇ ਰੋਸ ਵੱਜੋਂ ਅੱਜ ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਕੈਂਡਲ ਮਾਰਚ ਕੱਢੇ ਜਾਣਗੇ। ਇਸ ਇਲਾਵਾ ਕਿਸਾਨਾਂ ਦੇ ਹੱਕ ਵਿੱਚ ਆਦਿਵਾਸੀ ਸਮਾਜ ਵੱਲੋਂ 26 ਫਰਵਰੀ ਨੂੰ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪੇ ਜਾਣਗੇ।
ਕਿਸਾਨਾਂ ਨੇ ਰੱਖੀ ਇਹ ਮੰਗ: ਦੱਸ ਦਈਏ ਕਿ ਖਨੌਰੀ ਸਰਹੱਦ 'ਤੇ ਸ਼ਹੀਦ ਹੋਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਮ ਦਾ ਅੰਤਿਮ ਸੰਸਕਾਰ ਅਜੇ ਤੱਕ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਨੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਜਥੇਬੰਦੀਆਂ ਅਤੇ ਪਰਿਵਾਰਾਂ ਦੀ ਮੰਗ ਹੈ ਕਿ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਕਤਲ ਦੀ ਐਫਆਈਆਰ ਦਰਜ ਕਰੇ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਉਣ ਵਾਲੇ ਪ੍ਰੋਗਰਾਮ -
- ਸ਼ਹੀਦ ਸ਼ੁਭਕਰਮ ਸਿੰਘ ਅਤੇ ਤਿੰਨ ਹੋਰ ਸ਼ਹੀਦ ਕਿਸਾਨਾਂ ਦੀ ਯਾਦ ਵਿੱਚ 24 ਫਰਵਰੀ ਨੂੰ ਸ਼ਾਮ ਨੂੰ ਦੇਸ਼ ਭਰ ਵਿੱਚ ਕੈਂਡਲ ਮਾਰਚ ਕੱਢੇ ਜਾਣਗੇ।
- ਦੇਸ਼ ਭਰ ਦੇ ਕਿਸਾਨਾਂ ਨੂੰ 25 ਫਰਵਰੀ ਨੂੰ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਡਬਲਯੂ.ਟੀ.ਓ ਦੀ ਕਾਨਫਰੰਸ ਕਰਕੇ ਜਾਗਰੂਕ ਕੀਤਾ ਜਾਵੇਗਾ।
- 26 ਫਰਵਰੀ ਨੂੰ ਸਵੇਰੇ ਦੇਸ਼ ਦੇ ਸਾਰੇ ਪਿੰਡਾਂ ਵਿੱਚ ਡਬਲਯੂ.ਟੀ.ਓ ਦੇ ਪੁਤਲੇ ਫੂਕੇ ਜਾਣਗੇ ਅਤੇ ਬਾਅਦ ਦੁਪਹਿਰ 3 ਵਜੇ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਡਬਲਯੂ.ਟੀ.ਓ ਦੇ ਵੱਡੇ ਪੁਤਲੇ ਫੂਕੇ ਜਾਣਗੇ।
- 27 ਫਰਵਰੀ ਨੂੰ ਦੋਵਾਂ ਮੰਚਾਂ ਦੀਆਂ ਕੌਮੀ ਪੱਧਰ ਦੀਆਂ ਮੀਟਿੰਗਾਂ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਹੋਣਗੀਆਂ, 28 ਫਰਵਰੀ ਨੂੰ ਦੋਵਾਂ ਮੰਚਾਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ ਅਤੇ 29 ਫਰਵਰੀ ਨੂੰ ਕਿਸਾਨ ਅੰਦੋਲਨ ਦੇ ਆਉਣ ਵਾਲੇ ਵੱਡੇ ਫੈਸਲਿਆਂ ਦਾ ਐਲਾਨ ਕੀਤਾ ਜਾਵੇ।
ਬੀਤੇ ਦਿਨ ਦਾ ਹਾਲ: ਬੀਤੇ ਦਿਨ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਕਾਲਾ ਦਿਨ ਮਨਾਇਆ ਗਿਆ, ਇਸ ਦੌਰਾਨ ਕਿਸਾਨਾਂ ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਮੰਤਰੀਆਂ ਦੇ ਪੁਤਲੇ ਸਾੜ। ਹਰਿਆਣਾ 'ਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋਈ। ਕਿਸਾਨ ਹਿਸਾਰ ਦੇ ਨਾਰਨੌਂਦ ਤੋਂ ਖਨੌਰੀ ਬਾਰਡਰ ਜਾਣਾ ਚਾਹੁੰਦੇ ਸਨ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਝੜਪ ਵਿੱਚ 24 ਪੁਲਿਸ ਮੁਲਾਜ਼ਮ ਅਤੇ 16 ਕਿਸਾਨ ਜ਼ਖ਼ਮੀ ਹੋ ਗਏ। ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ।
ਕਿਸਾਨ ਅੰਦੋਲਨ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ: ਕਿਸਾਨ ਅੰਦੋਲਨ ਨੂੰ ਲੈ ਕੇ 'ਦਿ ਸਿੱਖ ਚੈਂਬਰ ਆਫ ਕਾਮਰਸ' ਦੇ ਮੈਨੇਜਿੰਗ ਡਾਇਰੈਕਟਰ ਐਗਨੋਸਟੋਸ ਥੀਓਸ ਦੀ ਤਰਫੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਸ 'ਚ ਕਿਹਾ ਗਿਆ ਹੈ ਕਿ ਸਰਕਾਰ ਉਨ੍ਹਾਂ ਮੰਗਾਂ 'ਤੇ ਗੌਰ ਕਰੇ, ਜਿਸ ਦੇ ਵਿਰੋਧ 'ਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਕਿਸਾਨਾਂ ਨਾਲ ਇਨਸਾਫ਼ ਕਰੇ। ਪ੍ਰਦਰਸ਼ਨਕਾਰੀ ਕਿਸਾਨ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਇਹ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਨੂੰ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਤੋਂ ਨਾ ਰੋਕਿਆ ਜਾਵੇ। ਪੁਲਿਸ ਵੱਲੋਂ ਸੜਕ ’ਤੇ ਲਾਏ ਬੈਰੀਕੇਡਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ ਹਟਾ ਦੇਣਾ ਚਾਹੀਦਾ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਪੁਲਿਸ ਬਲ ਦੀ ਵਰਤੋਂ ਦੀ ਜਾਂਚ ਕੀਤੀ ਜਾਵੇ ਅਤੇ ਪੁਲਿਸ ਕਾਰਵਾਈ 'ਚ ਜ਼ਖਮੀ ਅਤੇ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ।
- ਸੂਬੇ ਭਰ ਵਿੱਚ ਕਿਸਾਨਾਂ ਵਲੋਂ ਸ਼ਾਹ-ਖੱਟਰ ਦੇ ਫੂਕੇ ਪੁਤਲੇ, ਕਿਸਾਨ ਜਥੇਬੰਦੀਆਂ ਵਲੋਂ ਹੁਣ ਅਗਲੀ ਰਣਨੀਤੀ ਦੀ ਤਿਆਰੀ
- ਪੰਜਾਬ ਵੱਲੋਂ ਦੁਬਈ ਵਿਖੇ ‘ਗਲਫ਼-ਫ਼ੂਡ 2024’ 'ਚ ਸ਼ਮੂਲੀਅਤ, ਸੂਬੇ ਦੇ ਚਿੱਲੀ ਪੇਸਟ ਤੇ ਟਮਾਟਰ ਉਤਪਾਦਾਂ ਨੇ ਖਿੱਚਿਆ ਧਿਆਨ, ਨਿਵੇਸ਼ ਲਈ ਸੱਦਾ
- ਤੀਜੇ ਦਿਨ ਵੀ ਨਹੀਂ ਹੋਇਆ ਸ਼ੁਭਕਰਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਤੇ ਅੰਤਿਮ ਸਸਕਾਰ, ਮਾਂ ਨੇ ਕਿਹਾ- ਮੇਰੇ ਪੁੱਤ ਦਾ ਕੀਤਾ ਜਾਵੇ ਸਸਕਾਰ