ਪਾਤੜਾਂ (ਪਟਿਆਲਾ) : ਪਾਤੜਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਈ। ਇਹ ਮੀਟਿੰਗ ਸੁਖਾਲੇ ਢੰਗ ਨਾਲ ਨੇਪਰੇ ਚੜ੍ਹੀ। ਇਸ ਦਾ ਐਲਾਨ ਕਿਸਾਨ ਆਗੂਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਕਿਸਾਨ ਆਗੂ ਇੱਕਠੇ ਹੋਣ ਤਾਂ ਅਸੀਂ ਉਹਨਾਂ ਦੀ ਹੀ ਕੋਸ਼ਿਸ਼ਾਂ ਨੂੰ ਕਾਮਯਾਬ ਕਰਨ ਲਈ ਇਹ ਮੰਥਨ ਕਰ ਰਹੇ ਹਾਂ।
18 ਜਨਵਰੀ ਨੂੰ ਉਲੀਕੀ ਜਾਵੇਗੀ ਮੀਟਿੰਗ
ਉਹਨਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 49ਵਾਂ ਦਿਨ ਹੈ, ਇਸ ਨੂੰ ਅਸਫਲ ਨਹੀਂ ਹੋਣ ਦੇਵਾਂਗੇ ਅਤੇ ਸਾਰੇ ਹੀ ਕਿਸਾਨ ਮਿਲ ਕੇ 'ਕਿਸਾਨ ਅੰਦੋਲਨ 2' ਨੂੰ ਜਿੱਤਾਂਗੇ। ਇਸ ਲਈ ਅਗਲੀ ਮੀਟਿੰਗ 18 ਜਨਵਰੀ ਨੂੰ ਰੱਖੀ ਗਈ ਹੈ। ਜਿਸ ਵਿੱਚ ਸਰਕਾਰ ਨੂੰ ਢਾਹੁਣ ਲਈ ਰਣਨੀਤੀ ਬਣਾਈ ਜਾਵੇਗੀ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਜੋ ਇੱਕਜੁਟਤਾ ਪਹਿਲਾਂ ਨਹੀਂ ਹੋਈ ਉਹ ਹੁਣ ਹੋਵੇਗੀ।
ਕਿਸਾਨ ਇੱਕਜੁੱਟ ਹੋ ਕੇ ਲੜਨਗੇ
ਇਸ ਮੌਕੇ ਐਸਕੇਐਮ ਵੱਲੋਂ ਕਿਸਾਨ ਆਗੂ ਦਰਸ਼ਨ ਸਿੰਘ ਔਲ਼ਖ ਨੇ ਐਲਾਨ ਕੀਤਾ ਕਿ ਕਿਸਾਨ ਇੱਕ ਹਨ ਅਤੇ 18 ਨੂੰ ਹੋਣ ਵਾਲੀ ਮੀਟਿੰਗ ਵਿੱਚ ਨਵੇਂ ਫੈਸਲੇ ਲਏ ਜਾਣਗੇ। ਨਾਲ ਹੀ ਉਹਨਾਂ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਵੱਲੋਂ ਸਾਂਝੇ ਤੌਰ 'ਤੇ ਹੀ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਇੱਕ ਹਨ ਇਸ ਲਈ ਹੀ ਦੁਜੀ ਵਾਰ ਦਾ ਮੰਥਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੋ ਲੋਕ ਕਿਸਾਨਾਂ ਨੂੰ ਵੱਖ-ਵੱਖ ਦੱਸ ਕੇ ਚਰਚਾ ਕਰ ਰਹੇ ਹਨ ਉਹਨਾਂ ਨੂੰ ਹੁਣ ਕਿਸੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਉਗਰਾਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਆਗੂ ਵੀ ਇੱਕ ਦੂਜੇ ਪ੍ਰਤੀ ਟਿੱਪਣੀ ਨਹੀਂ ਕਰਨਗੇ। ਇਸ ਮੌਕੇ ਉਹਨਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਵਿਵਾਦਿਤ ਸਵਾਲਾਂ ਤੋਂ ਗੁਰੇਜ਼ ਕਰਨ, ਜਿਸ ਨਾਲ ਵਖਰੇਵੇਂ ਪੈਦਾ ਹੁੰਦੇ ਹੋਣ।
'ਦੁਸ਼ਮਣ ਇੱਕ ਤਾਂ ਲੜਾਈ ਵੀ ਮਿਲ ਕੇ ਲੜਾਂਗੇ'
ਕਿਸਾਨ ਆਗੂਆਂ ਨੇ ਅੱਜ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਜਦੋਂ ਦੁਸ਼ਮਣ ਇੱਕ ਹੈ ਅਤੇ ਕਿਸਾਨਾਂ ਦੀਆਂ ਮੰਗਾ ਇੱਕ ਹੈ ਤਾਂ ਫਿਰ ਕਿਸਾਨ ਵੱਖ ਕਿਵੇਂ ਹੋ ਸਕਦੇ ਹਨ। ਉਹਨਾਂ ਕਿਹਾ ਕਿ ਕਿਸਾਨ ਅੱਜ ਸਿਰ ਨਾਲ ਸਿਰ ਜੋੜ ਕੇ ਚੱਲਣਗੇ ਤਾਂ ਹੀ ਅੰਦੋਲਨ ਸਫਲ ਹੋਵੇਗਾ ਅਤੇ ਅਸੀਂ ਇਸ ਨੂੰ ਸਫਲ ਕਰਕੇ ਹੀ ਮੁੜਾਂਗੇ। ਕਿਸਾਨ ਸੜਕਾਂ 'ਤੇ ਹੈ ਇਸ ਵਿੱਚ ਕਿਸਾਨਾਂ ਦਾ ਹੀ ਲਾਭ ਨਹੀਂ ਬਲਕਿ ਲੋਕਾਂ ਦਾ ਵੀ ਲਾਭ ਹੋਵੇਗਾ ਅਤੇ ਨਾਲ ਹੀ ਛੋਟੇ ਕਾਰੋਬਾਰੀਆਂ ਦਾ ਫਾਇਦਾ ਹੋਵੇਗਾ।
ਡੱਲੇਵਾਲ ਲਈ ਚਿੰਤਾ
ਜ਼ਿਕਰਯੋਗ ਹੈ ਕਿ ਆਗੂ ਜਗਜੀਤ ਡੱਲੇਵਾਲ ਦੇ ਖਨੌਰੀ ਬਾਰਡਰ ਵਿਖੇ ਮਰਨ ਵਰਤ ਦੌਰਾਨ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਅੱਜ ਪਾਤੜਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਹੋਈ। ਇਹ ਮੀਟਿੰਗ ਸਵੇਰੇ 11.30 ਵਜੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸ਼ੁਰੂ ਹੋਈ। ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਦੱਸਿਆ ਕਿ 18 ਜਨਵਰੀ ਨੂੰ ਮੁੜ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਦਾ ਫ਼ੈਸਲਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਸਿਹਤ ਦੇ ਮੱਦੇਨਜ਼ਰ ਕੀਤਾ ਗਿਆ ਸੀ।