ਪਠਾਨਕੋਟ: ਅੱਜ ਦੇ ਮਸ਼ੀਨੀ ਯੁੱਗ ਵਿੱਚ ਜਿੱਥੇ ਬੰਦਿਆਂ ਦੀ ਥਾਂ ਮਸ਼ੀਨਾਂ ਨੇ ਲੈ ਲਈ ਹੈ, ਉੱਥੇ ਹੀ, ਹੁਣ ਜਾਨਵਰ ਵੀ ਇਸ ਤੋਂ ਪਿੱਛੇ ਨਹੀਂ ਰਹੇ। ਜੇਕਰ ਗੱਲ ਮਸ਼ੀਨੀ ਯੁਗ ਦੀ ਕਰੀਏ, ਤਾਂ ਇਸ ਮਸ਼ੀਨੀ ਯੁਗ ਦੀ ਵਜ੍ਹਾਂ ਨਾਲ ਬਲਦਾਂ ਦੀ ਹੋਂਦ ਖ਼ਤਮ ਹੁੰਦੀ ਹੈ। ਕੋਈ ਸਮਾਂ ਸੀ ਜਦੋਂ ਖੇਤਾਂ ਵਿੱਚ ਹੱਲ ਚਲਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਗੰਨੇ ਦਾ ਰਸ ਕੱਢਣ ਲਈ ਵੇਲਣੇ ਉੱਤੇ ਬਲਦਾਂ ਨੂੰ ਜੋੜਿਆ ਜਾਂਦਾ ਸੀ, ਪਰ ਅੱਜ ਦੇ ਸਮੇਂ ਵਿੱਚ ਇਹ ਸਭ ਕੁਝ ਲੁਪਤ ਹੁੰਦਾ ਦਿਖਾਈ ਦਿੰਦਾ ਹੈ।
ਮਸ਼ੀਨੀ ਯੁੱਗ ਨੇ ਪਾਸੇ ਕੀਤੇ ਪਸ਼ੂ: ਹੁਣ ਖੇਤ ਬੀਜਣ ਲਈ ਵੀ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਗੁੜ ਕੱਢਣ ਲਈ ਵੀ ਬਲਦਾਂ ਦੀ ਥਾਂ ਟਰੈਕਟਰ ਨੂੰ ਜੋੜਿਆ ਜਾ ਰਿਹਾ ਹੈ। ਬਲਦ ਗਲੀਆਂ ਵਿੱਚ ਅਵਾਰਾ ਪਸ਼ੂ ਬਣੇ ਘੁੰਮ ਰਹੇ ਹਨ। ਸਾਡਾ ਆਉਣ ਵਾਲਾ ਭਵਿੱਖ ਸਾਡੇ ਬੱਚੇ ਆਪਣੇ ਪਿਛੋਕੜ ਨੂੰ ਨਾ ਤਾਂ ਵੇਖ ਸਕਣਗੇ ਅਤੇ ਨਾ ਹੀ ਉਸ ਦੇ ਨਾਲ ਜੁੜ ਸਕਣਗੇ, ਜੋ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ।
ਸਥਾਨਕ ਵਾਸੀਆਂ ਨੇ ਗੱਲਬਾਤ ਕਰਦਿਆ ਕਿਹਾ ਕਿ ਪਹਿਲਾਂ ਉਹ ਬਲਦਾਂ ਨਾਲ ਖੇਤੀਬਾੜੀ ਕਰਦੇ ਸਨ, ਪਰ ਹੁਣ ਮਸ਼ੀਨੀ ਯੁੱਗ ਆ ਗਿਆ ਹੈ ਅਤੇ ਨੌਜਵਾਨ ਪੀੜੀ ਮਸ਼ੀਨਾਂ ਨਾਲ ਹੀ ਖੇਤੀਬਾੜੀ ਕਰ ਰਹੇ ਹਨ। ਇਸ ਕਾਰਨ ਪੁਰਾਣੇ ਤਰੀਕੇ ਨਾਲ ਕੀਤੀ ਜਾ ਰਹੀ ਹਲ ਵਾਹੀ ਖ਼ਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਹਰ ਕੋਈ ਨਵੀਂ ਤਕਨੀਕ ਨਾਲ ਚੱਲਣਾ ਚਾਹੁੰਦਾ ਹੈ। ਇਸ ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ।
ਬਲਦ ਵੀ ਵਿਰਾਸਤ ਹੈ: ਉੱਥੇ ਹੀ, ਇਕ ਹੋਰ ਕਿਸਾਨ ਗੁਰਨਾਮ ਸਿੰਘ ਨੇ ਕਿਹਾ ਕਿ ਅਜੇ ਵੀ ਬਲਦ ਨਾਲ ਹੀ ਕੰਮ ਕਰਦੇ ਹਨ। ਅਸੀਂ ਇਸ ਬਲਦ ਰਾਹੀਂ ਭੱਠੇ ਲੈ ਕੇ ਆਉਂਦੇ ਹਾਂ ਅਤੇ ਵੇਲਣਾ ਵੀ ਚਲਾਉਂਦੇ ਹਾਂ। ਪਹਿਲੇ ਸਮਿਆਂ ਵਿੱਚ ਇਸੇ ਨਾਲ ਹੀ ਹਲ ਵਾਉਂਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਬਲਦ ਰੱਖਣੇ ਮਹਿੰਗੇ ਪੈ ਰਹੇ ਹਨ, ਤਾਂ ਲੋਕਾਂ ਕੋਲੋਂ ਸੰਭਾਲੇ ਨਹੀਂ ਜਾਂਦੇ। ਕਈ ਲੋਕ ਇਨ੍ਹਾਂ ਨੂੰ ਅਵਾਰਾ ਛੱਡ ਦਿੰਦੇ ਹਨ, ਜੋ ਕਿ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਇਸ ਨੂੰ ਲੈ ਕੇ ਪ੍ਰਸ਼ਾਸਨ ਤੇ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ। ਬਾਕੀ, ਬਲਦ ਵੀ ਸਾਡੀ ਵਿਰਾਸਤ ਹੈ, ਇਸ ਦਾ ਸਾਂਭ ਜ਼ਰੂਰੀ ਹੈ।