ਜੀਰਕਪੁਰ/ਮੁਹਾਲੀ: ਰਾਮਲੀਲਾ ਵਿੱਚ ਹਰ ਕਿਰਦਾਰ ਨੂੰ ਮਹਿਲਾਵਾਂ ਵਲੋਂ ਨਿਭਾਇਆ ਜਾ ਰਿਹਾ ਹੈ। ਇਹ ਸੁਣ ਕੇ ਹੈਰਾਨੀ ਤਾਂ ਹੋਵੇਗੀ, ਪਰ ਉਸ ਤੋਂ ਵੱਧ ਤਸਵੀਰਾਂ ਦੇਖ ਕੇ ਖੁਸ਼ੀ ਮਹਿਸੂਸ ਹੋਵੇਗੀ। ਦੱਸ ਦਈਏ ਕਿ ਮੁਹਾਲੀ ਦੇ ਜੀਰਕਪੁਰ ਵਿਖੇ ਪੀਰਮੁੱਛਲਾ ਵਿੱਚ ਸਾਰੀਆਂ ਮਹਿਲਾਵਾਂ ਵਲੋਂ ਹੀ 'ਮਹਿਲਾ ਦ੍ਵਾਰ ਰਾਮਲੀਲਾ' ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਤਿਭਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਰਾਮਲੀਲਾ ਵਿੱਚ 6 ਮਹੀਨੇ ਦੀ ਬੱਚੀ ਤੋਂ ਲੈ ਕੇ 82 ਸਾਲ ਤੱਕ ਦੀਆਂ ਮਹਿਲਾ ਕਲਾਕਾਰ ਹਨ।
6 ਮਹੀਨੇ ਦੀ ਬੱਚੀ ਤੋਂ ਲੈ ਕੇ 80 ਤੋਂ ਵੱਧ ਉਮਰ ਦੇ ਕਲਾਕਾਰ
ਇਸ ਰਾਮਲੀਲਾ ਵਿੱਚ 6-7 ਮਹੀਨੇ ਦੀ ਬੱਚੀ ਮਨੀਸ਼ਾ ਬਾਲ ਸ਼ਤਰੂਘਨ ਤੇ 82 ਸਾਲ ਦੀ ਪੁਸ਼ਪਾ ਜੁਨੇਜਾ ਗੁਰੂ ਮਾਂ ਦੇ ਕਿਰਦਾਰ ਵਿੱਚ ਦਿਖਾਈ ਦਿੰਦੀ ਹੈ। ਰਾਮ, ਲਕਸ਼ਮਣ, ਹਨੂੰਮਾਨ, ਰਾਵਣ ਤੇ ਰਾਮਲੀਲਾ ਦੇ ਹੋਰ ਸਾਰੇ ਕਿਰਦਾਰ ਮਹਿਲਾਵਾਂ ਵਲੋਂ ਹੀ ਨਿਭਾਏ ਜਾਂਦੇ ਹਨ। ਇਸ ਵਾਰ ਰਾਮਲੀਲਾ ਦੌਰਾਨ ਇਨ੍ਹਾਂ ਮਹਿਲਾਂ ਕਲਾਕਾਰਾਂ ਵਲੋਂ ਨਵਰਾਤਰਿਆਂ ਵਿੱਚ ਪੂਜੀਆਂ ਜਾਣ ਵਾਲੀਆਂ 9 ਮਾਂ ਦੇ ਰੂਪਾਂ ਦਾ ਮਹੱਤਵ ਵੀ ਦਰਸ਼ਾਇਆ ਗਿਆ। ਇਸ ਤੋਂ ਇਲਾਵਾ ਰਾਮਲੀਲਾ ਜ਼ਰੀਏ ਸਾਮਾਜਿਕ ਵਿਸ਼ਿਆਂ ਉੱਤੇ ਵੀ ਗੱਲ ਹੁੰਦੀ ਹੈ। ਫਿਰ ਚਾਹੇ ਉਹ ਬੇਟੀਆਂ ਨੂੰ ਪੜ੍ਹਾਉਣ ਤੋ ਲੈ ਕੇ ਬੇਟੀਆਂ ਨੂੰ ਦਰਿੰਦਿਆਂ ਤੋਂ ਬਚਾਉਣ ਨੂੰ ਲੈ ਕੇ ਹੋਣ ਜਾਂ ਸਾਈਬਰ ਕ੍ਰਾਈਮ ਦੀ ਠੱਗੀ ਤੋਂ ਬੱਚਣ ਲਈ ਪ੍ਰੇਰਿਤ ਕਰਨਾ ਦਾ ਵਿਸ਼ਾ ਹੋਵੇ।
ਜੜ੍ਹਾਂ ਨਾਲ ਜੁੜੋ ਸਵੈ-ਸੇਵੀ ਸੰਸਥਾ ਵਲੋਂ ਰਾਮਲੀਲਾ ਦਾ ਮੰਚਨ
ਜੜ੍ਹਾਂ ਨਾਲ ਜੁੜੋ ਸਵੈ-ਸੇਵੀ ਸੰਸਥਾ ਦੀਆਂ ਇਹ ਔਰਤਾਂ ਰਾਮਲੀਲਾ ਦਾ ਮੰਚਨ ਕਰ ਰਹੀਆਂ ਹਨ। ਸੰਸਥਾ ਦੀ ਸੰਸਥਾਪਕ ਏਕਤਾ ਨਾਗਪਾਲ ਦਾ ਕਹਿਣਾ ਹੈ ਕਿ ਮਹਿਲਾ ਸਸ਼ਕਤੀਕਰਨ ਦਾ ਮਤਲਬ ਸਿਰਫ਼ ਨੌਕਰੀਆਂ ਕਰਨਾ ਹੀ ਨਹੀਂ ਹੈ। ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਨਾਲ-ਨਾਲ ਸਮਾਜਿਕ ਸਦਭਾਵਨਾ ਬਣਾਈ ਰੱਖਣ ਦੇ ਵੀ ਸਮਰੱਥ ਹੋਣਾ ਚਾਹੀਦਾ ਹੈ। ਇਸ ਸੋਚ ਨੂੰ ਉਤਸ਼ਾਹਿਤ ਕਰਨ ਲਈ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਹਾਲਾਂਕਿ ਇਹ ਰਾਮਲੀਲਾ ਪੁਰਸ਼ਾਂ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਉਨ੍ਹਾਂ ਵਲੋਂ ਸੋਸ਼ਲ ਮੀਡੀਆਂ ਪਲੇਟਫਾਰਮ ਉੱਤੇ ਵੀਡੀਓ ਵੀ ਸ਼ੇਅਰ ਕੀਤੀਆਂ ਗਈਆਂ ਹਨ।