ਲੁਧਿਆਣਾ: ਬੀਤੀ ਰਾਤ ਇਕ ਪੁਲਿਸ ਨੇ ਕਿਡਨੈਪਰ ਦਾ ਐਨਕਾਊਂਟਰ ਕੀਤਾ ਹੈ ਜਿਸ ਦੀ ਲੱਤ ਵਿੱਚ ਗੋਲੀ ਲੱਗੀ ਹੈ। ਬਦਮਾਸ਼ ਧਨਾਸੂ ਸਾਈਕਲ ਵੈਲੀ ਸਾਈਡ ਤੋਂ ਬਾਈਕ ਉੱਤੇ ਜਾ ਰਹੇ ਸੀ ਕਿ ਪੁਲਿਸ ਨੂੰ ਸੂਚਨਾ ਮਿਲਣ ਉਪਰੰਤ ਪੁਲਿਸ ਵੀ ਉਸੇ ਜਗ੍ਹਾ ਉੱਤੇ ਪਹੁੰਚੀ। ਦੱਸ ਦੇਈਏ ਕਿ ਸ਼ਾਹਕੋਟ ਵਿੱਚ ਇੱਕ ਨੌਜਵਾਨ ਦੇ ਅਗਵਾ ਮਾਮਲੇ ਵਿੱਚ ਮੁਲਜ਼ਮ ਭੱਜੇ ਸੀ। ਪੁਲਿਸ ਨੇ ਨਾਕਾਬੰਦੀ ਕਰਕੇ ਬਦਮਾਸ਼ਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ, ਤਾਂ ਉਨ੍ਹਾਂ ਨੇ ਪੁਲਿਸ ਟੀਮ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ।
ਬਦਮਾਸ਼ ਉੱਤੇ ਪਹਿਲਾਂ ਵੀ 4-5 ਮਾਮਲੇ ਦਰਜ, ਪੁਲਿਸ ਨੂੰ ਸੀ ਲੋੜੀਂਦਾ
ਗਨੀਮਤ ਰਿਹਾ ਕਿ ਗੋਲੀ ਕਿਸੇ ਪੁਲਿਸਕਰਮੀ ਦੇ ਨਹੀਂ ਲੱਗੀ ਹੈ। ਬਲਕਿ ਉਕਤ ਬਦਮਾਸ਼ ਦੀ ਲੱਤ ਉੱਤੇ ਗੋਲੀ ਲੱਗੀ ਹੈ। ਉਧਰ ਬਾਈਕ ਸਵਾਰ ਜ਼ਮੀਨ ਉੱਤੇ ਡਿੱਗ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਪਾਸੋਂ 32 ਬੋਰ ਦਾ ਪਿਸਟਲ ਵੀ ਬਰਾਮਦ ਕੀਤਾ ਹੈ। ਬਦਮਾਸ਼ ਦੀ ਪਛਾਣ ਗੁਲਾਬ ਸਿੰਘ ਦੇ ਰੂਪ ਵਿੱਚ ਹੋਈ ਹੈ। ਮੁਲਜ਼ਮ ਉੱਤੇ ਪਹਿਲਾਂ ਵੀ 4-5 ਪਰਚੇ ਦਰਜ ਹਨ।
ਬੀਤੀ ਰਾਤ ਹੋਈ ਪੂਰੀ ਕਾਰਵਾਈ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਸੀਆਈਏ ਦੇ ਇੰਚਾਰਜ ਅਤੇ ਏਡੀਸੀਪੀ ਅਮਨਦੀਪ ਬਰਾੜ ਨੇ ਦੱਸਿਆ ਕਿ ਰਾਤ 11:45 ਦੇ ਕਰੀਬ ਇਹ ਕਾਰਵਾਈ ਕੀਤੀ ਗਈ ਹੈ, ਸਾਨੂੰ ਕੋਈ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਮੌਕੇ ਉੱਤੇ ਮੁਲਜ਼ਮ ਨੂੰ ਕਾਬੂ ਕਰਨ ਲਈ ਪਹੁੰਚੀ ਅਤੇ ਨਾਕੇਬੰਦੀ ਕਰਕੇ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਪੁਲਿਸ ਪਾਰਟੀ ਦੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਮੁਲਜ਼ਮ ਦੀ ਲੱਤ ਉੱਤੇ ਗੋਲੀ ਮਾਰ ਕੇ ਉਸ ਨੂੰ ਹੇਠਾਂ ਸੁੱਟ ਦਿੱਤਾ। ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਕਿਹਾ ਕਿ ਮੁਲਜ਼ਮ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਸਨ ਅਤੇ ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਦੀ ਭਾਲ ਸੀ। ਬਦਮਾਸ਼ ਗੁਲਾਬ ਨੇ ਕੁਝ ਸਮੇਂ ਪਹਿਲਾਂ ਹੀ ਸ਼ਾਹਕੋਟ ਦੇ ਇਲਾਕੇ ਤੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਸੀ।