ਬਠਿੰਡਾ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਿੱਖਿਆ ਖੇਤਰ ਵਿੱਚ ਵੱਡੇ ਪੱਧਰ 'ਤੇ ਖਾਲੀ ਪਈਆਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਗਿਆ ਸੀ। ਇਸੇ ਦੇ ਚੱਲਦੇ ਸ਼ਨੀਵਾਰ ਦੇਰ ਰਾਤ ਅਤੇ ਐਤਵਾਰ ਨੂੰ ਗੈਸਟ ਫੈਕੈਲਟੀ ਲੈਕਚਰਾਰਾਂ ਦੀਆਂ ਜੁਆਇਨਿੰਗਾਂ ਕਰਵਾਈਆਂ ਗਈਆਂ। ਇਹਨਾਂ ਜੁਆਇਨਿੰਗਾਂ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ, ਉਥੇ ਹੀ ਪਹਿਲਾਂ ਹੀ ਬਤੌਰ ਗੈਸਟ ਫੈਕਲਟੀ ਕੰਮ ਕਰ ਰਹੇ 800 ਤੋਂ ਉੱਪਰ ਪ੍ਰੋਫੈਸਰਾਂ ਨੂੰ ਆਪਣਾ ਰੁਜ਼ਗਾਰ ਖੁਸਣ ਦਾ ਡਰ ਸਤਾਉਣ ਲੱਗਿਆ ਹੈ। ਇਸ ਦੇ ਚੱਲਦੇ ਅੱਜ ਪੰਜਾਬ ਭਰ ਦੇ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਗੈਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖਿਲਾਫ ਕਾਲਜਾਂ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਗੈਸਟ ਫੈਕਲਟੀ ਪ੍ਰੋਫੈਸਰਾਂ ਦਾ ਧਰਨਾ
ਬਠਿੰਡਾ ਦੇ ਰਜਿੰਦਰਾ ਕਾਲਜ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਲੰਮੇ ਸਮੇਂ ਤੋਂ ਸਾਂਭ ਰਹੇ ਤੇ ਪੰਜਾਬ ਦੇ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਦੇ ਰਹੇ ਹਨ। ਅੱਜ ਆਪਣੀ ਨੌਕਰੀ 'ਤੇ ਲਟਕੀ ਤਲਵਾਰ ਤੋਂ ਬਚਣ ਲਈ ਤੇ ਰਿਟਾਇਰਮੈਂਟ ਉਮਰ ਤੱਕ ਨੌਕਰੀ ਸੁਰੱਖਿਅਤ ਕਰਨ ਦੀ ਮੰਗ ਨੂੰ ਲੈ ਕੇ ਗੈਸਟ ਫੈਕਲਟੀ ਸਾਂਝਾ ਫਰੰਟ ਪੰਜਾਬ ਦੇ ਬੈਨਰ ਹੇਠ ਸਰਕਾਰੀ ਕਾਲਜਾਂ ਦੇ ਸਮੂਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਇੱਕ ਦਿਨਾਂ ਸਮੂਹਿਕ ਛੁੱਟੀ ਲੈ ਕੇ ਸਵੇਰੇ 9 ਵਜੇ ਤੋਂ 2:30 ਵਜੇ ਤੱਕ ਰੋਸ ਧਰਨਾ ਦਿੱਤਾ ਗਿਆ।
ਨਵੀਂ ਭਰਤੀ 'ਤੇ ਵਿਵਾਦ
ਪ੍ਰਦਰਸ਼ਨ ਕਰ ਰਹੇ ਗੈਸਟ ਫੈਕੈਲਟੀ ਪ੍ਰੋਫੈਸਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ ਦੀ ਇਹ ਜਾਇਜ਼ ਮੰਗ ਜਲਦ ਪੂਰੀ ਨਾ ਕੀਤੀ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਉਹਨਾਂ ਦੱਸਿਆ ਕਿ ਚੰਨੀ ਸਰਕਾਰ ਨੇ 2021 ਵਿਚ ਜਾਂਦਿਆਂ-ਜਾਂਦਿਆਂ ਵੋਟ ਬੈਂਕ ਨੂੰ ਵਧਾਉਣ ਦੀ ਲਾਲਸਾ ਤਹਿਤ 1091 ਪ੍ਰੋਫ਼ੈਸਰ ਅਤੇ 67 ਲਾਇਬਰੇਰੀਅਨ ਸਮੇਤ ਕੁੱਲ 1158 ਦੇ ਰੂਪ ਵਿਚ ਕਾਲਜਾਂ ਲਈ ਪ੍ਰੋਫ਼ੈਸਰਾਂ ਦੀਆਂ ਪੋਸਟਾਂ ਕੱਢੀਆਂ। ਇਹਨਾਂ ਪੋਸਟਾਂ ਨੂੰ 45 ਦਿਨਾਂ ਦੇ ਅੰਦਰ-ਅੰਦਰ ਪੂਰਾ ਕਰਨ ਲਈ ਬਹੁਤ ਕਾਹਲੀ ਵਿਖਾਈ। ਭਰਤੀ ਸ਼ੱਕ ਦੇ ਘੇਰੇ 'ਚ ਆਉਣ ਤੋਂ ਬਾਅਦ ਮਾਣਯੋਗ ਹਾਈਕੋਰਟ ਵਿਚ ਇਸ ਭਰਤੀ ਵਿਰੁੱਧ ਕਈ ਪਟੀਸ਼ਨਰਾਂ ਨੇ ਪਟੀਸ਼ਨਾਂ ਪਾਈਆਂ। ਇਸ ਦਾ ਨਤੀਜਾ ਇਹ ਹੋਇਆ ਕਿ ਮਾਣਯੋਗ ਹਾਈਕੋਰਟ ਨੇ ਇਸ ਭਰਤੀ ਵਿਚ ਕਈ ਤਰੁੱਟੀਆਂ ਜਾਇਜ਼ ਠਹਿਰਾਉਂਦਿਆਂ ਇਸਦੀ ਨੋਟੀਫਿਕੇਸ਼ਨ ਨੂੰ ਕੁਐਸ਼ (ਰੱਦ) ਕਰ ਦਿੱਤਾ ਸੀ।
ਦੇਰ ਰਾਤ ਜੁਆਇਨਿੰਗਾਂ
ਉਨ੍ਹਾਂ ਕਿਹਾ ਕਿ ਫਿਰ 1158 ਨੇ ਸਰਕਾਰ 'ਤੇ ਦਬਾਅ ਪਾ ਕੇ ਆਪਣਾ ਕੇਸ ਡਬਲ ਬੈਂਚ 'ਤੇ ਲਗਾਇਆ। ਡਬਲ ਬੈਂਚ ਤੋਂ ਪੰਜਾਬ ਸਰਕਾਰ ਦੁਆਰਾ LPA ਪਵਾ ਕੇ ਇਸ ਦੀ ਪੈਰਵਾਈ ਕਰਕੇ ਇਸ ਭਰਤੀ ਨੂੰ ਸਿਰੇ ਚੜ੍ਹਾਇਆ ਗਿਆ ਅਤੇ ਕੱਲ੍ਹ ਰਾਤ ਬਾਰਾਂ ਵਜੇ ਤੋਂ ਨਵੇਂ ਪ੍ਰੋਫ਼ੈਸਰਾਂ ਨੂੰ ਜੁਆਇੰਨ ਕਰਾਇਆ ਗਿਆ। ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੇ ਕਿਹਾ ਕਿ, 'ਸਾਡਾ ਇਹਨਾਂ 1158 ਪ੍ਰੋਫ਼ੈਸਰਾਂ ਨਾਲ ਕੋਈ ਵਿਰੋਧ ਨਹੀਂ ਤੇ ਕੋਈ ਗਿਲਾ ਸ਼ਿਕਵਾ ਨਹੀਂ । ਪਰ ਸਾਡਾ ਸਰਕਾਰ ਦੀਆਂ ਨੀਤੀਆਂ ਪ੍ਰਤੀ ਰੋਸ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹਨਾਂ ਅਧਿਆਪਕਾਂ ਨੇ ਇਹਨਾਂ ਕਾਲਜਾਂ ਨੂੰ ਸਾਂਭਣ ਤੇ ਕਾਲਜ ਆਏ ਹਰ ਵਿਦਿਆਰਥੀ ਦਾ ਜੀਵਨ ਸਵਾਰਨ ਲਈ ਆਪਣੀ ਜ਼ਿੰਦਗੀ ਦੇ ਸੁਨਿਹਰੀ ਸਾਲ ਇਹਨਾਂ ਕਾਲਜਾਂ ਨੂੰ ਦਿੱਤੇ। ਅੱਜ ਪੰਜਾਬ ਸਰਕਾਰ ਨਵਿਆਂ ਨੂੰ ਜੁਆਇੰਨ ਕਰਾਕੇ ਇਹਨਾਂ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਨੂੰ ਸਿਰੇ ਚੜ੍ਹਾਉਂਦੀ ਨਜ਼ਰ ਆ ਰਹੀ ਹੈ'। ਉਨ੍ਹਾਂ ਕਿਹਾ ਕਿ ਇੰਨ੍ਹਾਂ 'ਚ ਕੁਝ ਅਜਿਹੇ ਪ੍ਰੋਫ਼ੈਸਰ ਸ਼ਾਮਲ ਹਨ, ਜਿਹਨਾਂ ਵਿਚ ਕਈ ਤਾਂ ਰਿਟਾਇਰਮੈਂਟ ਦੇ ਨੇੜੇ ਪਹੁੰਚੇ ਹੋਏ ਹਨ ਤੇ ਉਹ ਹੁਣ ਕਿਧਰ ਜਾਣ।
ਸੇਵਾਮੁਕਤ ਹੋਣ ਨੇੜੇ ਕਈ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ
ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦਾ ਕਹਿਣਾ ਕਿ ਅੱਜ ਤੱਕ ਇਹ ਪ੍ਰੋਫੈਸਰ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਆ ਰਹੇ ਹਨ । ਜਦੋਂ ਹੁਣ ਇਹਨਾਂ ਪ੍ਰੋਫ਼ੈਸਰਾਂ ਦੀ ਸਨਮਾਨਯੋਗ ਤਨਖ਼ਾਹ ਲੈਣ ਦਾ ਸਮਾਂ ਆਇਆ ਸੀ ਤਾਂ ਹੁਣ ਸਰਕਾਰ ਬਾਹਰ ਦਾ ਰਸਤਾ ਦਿਖਾ ਰਹੀ ਹੈ। ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੀ ਬਹੁਤੀ ਉਮਰ ਸੰਘਰਸ਼ ਕਰਦਿਆਂ ਦੀ ਹੀ ਲੰਘੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸਰਕਾਰ ਲੰਮੇ ਸਮੇਂ ਤੋਂ ਅਧਿਆਪਨ ਸੇਵਾਵਾਂ ਨਿਭਾਉਂਦੇ ਆ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੂੰ ਨਜ਼ਰਅੰਦਾਜ਼ ਕਰਕੇ ਨਵੇਂ ਪ੍ਰੋਫ਼ੈਸਰਾਂ ਨੂੰ ਉਹਨਾਂ ਦੀ ਥਾਂ 'ਤੇ ਭਰਤੀ ਕਰ ਰਹੀ ਹੈ। ਜਿਸ ਕਰਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਆਪਣੀ ਨੌਕਰੀ ਹੱਥੋਂ ਜਾਂਦੀ ਮਹਿਸੂਸ ਕਰ ਰਹੇ ਹੈ।
ਸਰਕਾਰ ਨੂੰ ਚਿਤਾਵਨੀ
ਉਨ੍ਹਾਂ ਦਾ ਕਹਿਣਾ ਕਿ ਇਹ ਅਹਿਸਾਸ ਉਹਨਾਂ ਲਈ ਬਹੁਤ ਵੱਡੀ ਪੀੜ ਹੈ ਤੇ ਹੁਣ ਇਹ ਪ੍ਰੋਫ਼ੈਸਰ ਜ਼ਲੀਲ ਹੋ ਰਹੇ ਹਨ। ਅੱਜ ਵੱਡੀ ਗਿਣਤੀ ਵਿਚ ਮੌਜੂਦ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੇ ਕਿਹਾ ਕਿ ,'ਜੇਕਰ ਮੌਜੂਦਾ ਪੰਜਾਬ ਸਰਕਾਰ ਇਹਨਾਂ ਪ੍ਰੋਫ਼ੈਸਰਾਂ ਦੀ ਨੌਕਰੀ ਨੂੰ ਸੁਰੱਖਿਅਤ ਨਹੀਂ ਕਰਦੀ ਤੇ ਸਨਮਾਣਯੋਗ ਤਨਖਾਹ ਨਹੀਂ ਦਿੰਦੀ ਤਾਂ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰ ਸੰਯੁਕਤ ਫਰੰਟ ਵੱਲੋਂ ਸੰਘਰਸ਼ ਨੂੰ ਹੋਰਨਾ ਸੰਘਰਸ਼ੀ ਜੱਥੇਬੰਦੀਆਂ ਦੇ ਸਹਿਯੋਗ ਲੈ ਕੇ ਵੱਡੇ ਪੱਧਰ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਜਾਨ ਦੀ ਬਾਜ਼ੀ ਲਾਉਣੀ ਪਈ ਤਾਂ ਉਸ ਲਈ ਵੀ ਉਹ ਸਾਰੇ ਤਿਆਰ ਹਨ। ਜੇਕਰ ਕਿਸੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦੀ ਹੋਵੇਗੀ।
- ਜੰਗ ਦਾ ਮੈਦਾਨ ਬਣੀ ਸਰਪੰਚੀ ਦੀ ਚੋਣ, ਜ਼ੀਰਾ 'ਚ ਨਾਮਜ਼ਦਗੀ ਮੌਕੇ ਚੱਲੀਆਂ ਗੋਲੀਆਂ, ਸਾਬਕਾ MLA ਜ਼ਖ਼ਮੀ - shot fired in zira
- ਬਠਿੰਡਾ ਵਿੱਚ ਟ੍ਰੈਫਿਕ ਪੁਲਿਸ ਅਧਿਕਾਰੀ ਦੀ ਕੈਂਟਰ ਚਾਲਕ ਨਾਲ ਹੋਈ ਬਹਿਸ, ਵੀਡੀਓ ਆਈ ਸਾਹਮਣੇ - Bathinda News
- 1984 ਸਿੱਖ ਵਿਰੋਧੀ ਦੰਗੇ: ਹਾਈਕੋਰਟ ਜਗਦੀਸ਼ ਟਾਈਟਲਰ ਦੀ ਪਟੀਸ਼ਨ 'ਤੇ 29 ਨਵੰਬਰ ਨੂੰ ਕਰੇਗਾ ਸੁਣਵਾਈ - Pul Bangash Anti Sikh Riots Case