ਸੰਗਰੂਰ: ਭਵਾਨੀਗੜ੍ਹ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁਹੱਲਾ ਵਾਸੀਆਂ ਅਨੁਸਾਰ ਬੇਰਹਿਮ ਧੀ ਨੇ ਆਪਣੀ ਹੀ ਮਾਂ ਦਾ ਕੱਪੜੇ ਧੌਣ ਵਾਲੀ ਥਾਪੀ ਨਾਲ ਕੁੱਟ-ਕੁੱਟ ਕੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਕਤਲ ਕਰ ਦਿੱਤਾ। ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਮੁਹੱਲਾ ਵਾਸੀਆਂ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਘਰ ਵਿੱਚ ਸਿਰਫ਼ ਮਾਂ ਹੀ ਆਪਣੀ ਧੀ ਨਾਲ ਰਹਿੰਦੀ ਸੀ।
ਥਾਪੀ ਨਾਲ ਮਾਂ ਦਾ ਕਤਲ: ਦੱਸ ਦਈਏ ਮਾਂ ਅਤੇ ਧੀ ਦੇ ਰਿਸ਼ਤੇ ਦੇ ਨਾਲ-ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਭਵਾਨੀਗੜ੍ਹ ਦੇ ਪਿੰਡ ਸ਼ਾਲਾ ਚੌਂਕ ਦੇ ਨਜ਼ਦੀਕ ਇੱਕ ਘਰ ਵਿੱਚ ਵਾਪਰੀ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਕਿਸੇ ਵਿਵਾਦ ਨੂੰ ਲੈਕੇ ਧੀ ਨੇ ਆਪਣੀ ਮਾਂ ਉੱਤੇ ਥਾਪੀ ਨਾਲ ਵਾਰ ਕੀਤੇ ਅਤੇ ਫਿਰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੋਕਾਂ ਨੂੰ ਸੂਚਿਤ ਕੀਤਾ ਅਤੇ ਅੱਖਾਂ ਵਿੱਚ ਘੱਟਾ ਪਾਉਣ ਲਈ ਕਿਹਾ ਕਿ ਉਸ ਦੀ ਮਾਂ ਬੈੱਡ ਤੋਂ ਥੱਲੇ ਡਿੱਗ ਗਈ ਅਤੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ। ਇਲਾਕਾ ਨਿਵਾਸੀਆਂ ਨੇ ਜਦੋਂ ਘਰ ਦੇ ਅੰਦਰ ਜਾ ਕੇ ਜਾਇਜ਼ਾ ਲਿਆ ਤਾਂ ਉਨ੍ਹਾਂ ਦੇ ਸਾਹਮਣੇ ਤਸਵੀਰ ਪੂਰੀ ਤਰ੍ਹਾਂ ਸਾਫ ਹੋ ਗਈ ਕਿ ਇਸ ਲੜਕੀ ਨੇ ਆਪਣੀ ਮਾਂ ਉੱਤੇ ਕਈ ਵਾਰ ਕਰਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਮੁਲਜ਼ਮ ਧੀ ਗ੍ਰਿਫ਼ਤਾਰ: ਇਲਾਕਾ ਨਿਵਾਸੀਆਂ ਮੁਤਾਬਕ ਇਹ ਲੜਕੀ ਪਹਿਲਾਂ ਵੀ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੀ ਸੀ, ਇਲਾਕਾ ਨਿਵਾਸੀਆਂ ਨੇ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਬਜ਼ੁਰਗ ਔਰਤ ਦੀ ਮੌਤ ਬਾਰੇ ਉਨ੍ਹਾਂ ਨੂੰ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਜਦੋਂ ਉਹ ਮੌਕੇ ਉੱਤੇ ਪੁੱਜੇ ਤਾਂ ਸਥਾਨਕਵਾਸੀਆਂ ਨੇ ਕਤਲ ਦਾ ਸ਼ੱਕ ਜਤਾਉਂਦਿਆਂ ਧੀ ਨੀਤੂ ਰਾਣੀ ਉੱਤੇ ਕਤਲ ਦੇ ਇਲਜ਼ਾਮ ਲਾਏ। ਪੁਲਿਸ ਨੇ ਇਲਜ਼ਾਮਾਂ ਮੁਤਾਬਿਕ ਮੁਲਜ਼ਮ ਧੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਆਰੰਭ ਦਿੱਤੀ ਹੈ।