ਲੁਧਿਆਣਾ: ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਇੱਕ ਟਾਇਰ ਵਾਲੇ ਸਾਈਕਲ 'ਤੇ ਸਫਰ ਕਰ ਰਿਹਾ ਇਹ ਨੌਜਵਾਨ ਕੇਰਲ ਦਾ ਰਹਿਣ ਵਾਲਾ ਸਨੀਦ ਹੈ। ਜੇਕਰ ਇਸ ਦੀ ਪੜ੍ਹਾਈ ਦੀ ਗੱਲ ਕਰੀਏ, ਤਾਂ ਸਨੀਦ ਸਿਵਲ ਇੰਜੀਨਿਅਰ ਦੀ ਪੜ੍ਹਾਈ ਖ਼ਤਮ ਕਰ ਚੁੱਕਾ ਹੈ। ਹੁਣ ਉਹ ਇੱਕ ਟਾਇਰ ਵਾਲੇ ਸਾਈਕਲ ਉੱਤੇ ਕੰਨਿਆ ਕੁਮਾਰ ਤੋਂ ਕਸ਼ਮੀਰ ਯਾਤਰਾ ਲਈ ਨਿਕਲ ਗਿਆ ਹੈ ਜਿਸ ਦਾ ਮਕਸਦ ਨੌਜਵਾਨਾਂ ਨੂੰ ਨਸ਼ੇ ਵਿਰੁੱਧ ਮੈਸੇਜ ਦਿੰਦੇ ਹੋਏ ਵਿਸ਼ਵ ਰਿਕਾਰਡ ਬਣਾਉਣਾ ਹੈ।
ਸਨੀਦ ਦਾ ਸਫ਼ਰ ਖਾਸ ਕਿਉਂ?
ਦਰਅਸਲ, ਸਨੀਦ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਸਾਈਕਲ ਯਾਤਰਾ ਕਰ ਰਿਹਾ ਹੈ। ਉਸ ਦੀ ਯਾਤਰਾ ਇਸ ਕਰਕੇ ਖਾਸ ਹੈ, ਕਿਉਂਕਿ ਜਿਸ ਸਾਈਕਲ ਉੱਤੇ ਉਹ ਇਹ ਸਫ਼ਰ ਤੈਅ ਕਰ ਰਿਹਾ ਹੈ, ਉਹ ਕੋਈ ਆਮ ਸਾਈਕਲ ਨਹੀਂ ਹੈ, ਸਗੋਂ ਇੱਕ ਟਾਇਰ ਵਾਲਾ ਸਾਈਕਲ ਹੈ। ਉਸ ਨੇ ਆਮ ਸਾਈਕਲ ਦਾ ਅਗਲਾ ਟਾਇਰ ਉਤਾਰ ਦਿੱਤਾ ਹੈ ਅਤੇ ਇੱਕ ਟਾਇਰ 'ਤੇ ਹੀ ਉਹ ਇਹ ਸਫਰ ਤੈਅ ਕਰ ਰਿਹਾ ਹੈ। 200 ਤੋਂ ਵੱਧ ਦਿਨਾਂ ਤੋਂ ਉਹ ਇਸ ਯਾਤਰਾ ਉੱਤੇ ਨਿਕਲਿਆ ਹੋਇਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਜਲਦ ਹੀ ਉਸ ਦਾ ਇਹ ਵਿਸ਼ਵ ਰਿਕਾਰਡ ਬਣ ਜਾਵੇਗਾ, ਕਿਉਂਕਿ ਅਜਿਹਾ ਕਰਨ ਵਾਲਾ ਉਹ ਪਹਿਲਾ ਵਿਸ਼ਵ ਦਾ ਇਨਸਾਨ ਹੈ, ਜੋ ਇੱਕ ਟਾਇਰ ਵਾਲੇ ਸਾਈਕਲ 'ਤੇ ਇੰਨਾਂ ਲੰਬਾ ਸਫਰ ਤੈਅ ਕਰ ਰਿਹਾ ਹੈ। ਸਨੀਦ ਹੁਣ ਤੱਕ 4000 ਕਿਲੋਮੀਟਰ ਤੋਂ ਜਿਆਦਾ ਸਾਈਕਲ ਚਲਾ ਚੁੱਕਾ ਹੈ ਅਤੇ ਉਸ ਦਾ ਟੀਚਾ ਕਸ਼ਮੀਰ ਪਹੁੰਚਣਾ ਹੈ।
ਦੋ ਹੋਰ ਸਾਥੀਆਂ ਨਾਲ ਨਿਕਲਿਆ, ਸੀ ਪਰ ਉਹ ਰਾਹ 'ਚ ਹੀ ਛੁੱਟੇ
ਦਰਅਸਲ, ਕੇਰਲ ਤੋਂ ਸਨੀਦ ਆਪਣੇ ਦੋ ਦੋਸਤਾਂ ਨਾਲ, ਯਾਨੀ ਕਿ 3 ਨੌਜਵਾਨਾਂ ਦਾ ਇਹ ਪੂਰਾ ਗਰੁੱਪ ਇਸ ਯਾਤਰਾ ਲਈ ਨਿਕਲਿਆ ਸੀ, ਪਰ ਸਨੀਦ ਹੁਣ ਇਕੱਲਾ ਹੀ ਬਚਿਆ ਹੈ, ਜੋ ਇਸ ਯਾਤਰਾ ਨੂੰ ਪੂਰਾ ਕਰ ਰਿਹਾ ਹੈ। ਉਸ ਦੇ ਦੋ ਸਾਥੀ ਪਹਿਲਾਂ ਹੀ ਗਰਮੀ ਕਰਕੇ ਤਬੀਅਤ ਖਰਾਬ ਹੋਣ ਕਾਰਨ ਵਾਪਸ ਚਲੇ ਗਏ ਹਨ। ਹੁਣ ਉਹ ਇਕੱਲਾ ਹੀ ਇਹ ਸਫਰ ਤੈਅ ਕਰ ਰਿਹਾ ਹੈ।
ਸਟੰਟ ਕਰਨ ਦਾ ਸ਼ੌਂਕ, ਕੰਨਿਆ ਕੁਮਾਰੀ ਤੋਂ ਕਸ਼ਮੀਰ ਸਫਰ ਪੂਰਾ ਕਰਨ ਦਾ ਜਨੂੰਨ
ਸਨੀਦ ਕੇਰਲ ਦਾ ਰਹਿਣ ਵਾਲਾ ਹੈ ਅਤੇ ਉਸਨੇ ਆਪਣੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਨੌਕਰੀ ਸ਼ੁਰੂ ਕੀਤੀ, ਪਰ ਨਾਲ ਹੀ ਉਹ ਸ਼ੌਂਕ ਦੇ ਤੌਰ ਉੱਤੇ ਸਟੰਟ ਕਰਦਾ ਹੈ। ਬਾਈਕ ਵੀ ਉਹ ਇੱਕ ਟਾਇਰ ਉੱਤੇ ਚਲਾਉਂਦਾ ਹੈ, ਪਰ ਸਨੀਦ ਨੇ ਕਿਹਾ ਕਿ ਬਾਈਕ ਇੱਕ ਟਾਇਰ ਉੱਤੇ ਇੰਨੇ ਲੰਬੇ ਸਫ਼ਰ ਲਈ ਚਲਾਉਣ ਦੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਉਹ ਸਾਈਕਲ ਚਲਾ ਰਿਹਾ। ਉਹ ਸਾਈਕਲ ਉੱਤੇ ਹੀ ਆਪਣਾ ਖਾਣ ਪੀਣ ਦਾ ਸਮਾਨ ਅਤੇ ਟੈਂਟ ਆਦਿ ਸਾਰਾ ਇੰਤਜ਼ਾਮ ਕਰਕੇ ਚੱਲਿਆ ਹੈ। ਲਗਭਗ 30 ਕਿਲੋ ਦਾ ਵਜ਼ਨ ਉਹ ਆਪਣੇ ਨਾਲ ਲੈ ਕੇ ਚੱਲ ਰਿਹਾ ਹੈ ਅਤੇ ਇੰਨਾ ਵਜ਼ਨ ਹੋਣ ਦੇ ਬਾਵਜੂਦ ਉਹ ਭਾਵੇਂ ਚੜ੍ਹਾਈ ਹੋਵੇ ਜਾਂ ਉਤਰਾਈ ਹੋਵੇ, ਪਰ ਆਸਾਨੀ ਨਾਲ ਇਹ ਸਫ਼ਰ ਤੈਅ ਕਰ ਰਿਹਾ ਹੈ।
ਰਸਤੇ ਵਿੱਚ ਕੋਈ ਗੁਰਦੁਆਰਾ ਮੰਦਿਰ ਜਾਂ ਫਿਰ ਮਸਜਿਦ ਆਉਂਦੀ ਹੈ, ਜਿੱਥੇ ਪਖਾਨਿਆਂ ਦਾ ਉਪਲਬਧਤਾ ਹੋਵੇ ਉੱਥੇ ਉਹ ਰੁਕ ਕੇ ਰਾਤ ਕੱਟ ਲੈਂਦਾ ਹੈ। ਜੇਕਰ ਨਾ ਵੀ ਮਿਲੇ ਤਾਂ ਪੈਟਰੋਲ ਪੰਪ ਜਾਂ ਫਿਰ ਖੁੱਲੇ ਮੈਦਾਨ ਵਿੱਚ ਆਪਣਾ ਟੈਂਟ ਲਗਾ ਕੇ ਰਾਤ ਕੱਟਦਾ ਹੈ। ਦਿਨ ਵਿੱਚ ਸਨੀਦ ਸਫਰ ਕਰਦਾ ਹੈ ਅਤੇ ਰਾਤ ਨੂੰ ਸੋ ਜਾਂਦਾ ਹੈ ਜਿਸ ਨਾਲ ਉਸ ਨੂੰ ਕਾਫੀ ਤਾਕਤ ਮਿਲਦੀ ਹੈ। ਉਸ ਦਾ ਜਨੂੰਨ ਹੈ ਕਿ ਉਹ ਇਹ ਸਫ਼ਰ ਪੂਰਾ ਕਰੇ।
ਨਸ਼ੇ ਦੇ ਖਿਲਾਫ ਮੁੰਹਿਮ- 'Say No To Drugs'
ਸਨੀਦ ਨੇ ਪਹਿਲਾਂ ਵੀ ਕਈ ਯਾਤਰਾਵਾਂ ਕੀਤੀਆਂ ਹਨ। ਉਹ ਕੇਰਲ ਵਿੱਚ ਇਸੇ ਤਰ੍ਹਾਂ ਇੱਕ ਟਾਇਰ ਉੱਤੇ ਸਾਈਕਲ ਚਲਾ ਕੇ ਪੂਰਾ ਕੇਰਲ ਘੁੰਮ ਚੁੱਕਾ ਹੈ। ਉਸ ਦਾ ਮੁੱਖ ਮਕਸਦ ਹੁਣ ਵਿਸ਼ਵ ਭਰ ਵਿੱਚ ਨਸ਼ੇ ਦੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨਾ ਹੈ। ਖਾਸ ਤੌਰ ਉੱਤੇ ਉਹ ਇਹ ਮਕਸਦ ਲੈ ਕੇ ਚੱਲਿਆ ਹੈ। ਸਨੀਦ ਨੇ ਕਿਹਾ ਕਿ ਉਹ ਜਦੋਂ ਮਰਜ਼ੀ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾ ਸਕਦਾ ਹੈ, ਪਰ ਉਹ ਚਾਹੁੰਦਾ ਹੈ ਕਿ ਪਹਿਲਾਂ ਉਹ ਵਿਸ਼ਵ ਰਿਕਾਰਡ ਬਣਾਵੇ ਅਤੇ ਉਹ ਉਸ ਦੇ ਕਾਫੀ ਕਰੀਬ ਹੈ।
ਸਨੀਦ ਨੇ ਕਿਹਾ ਕਿ ਸਿਰਫ ਪੰਜਾਬ ਵਿੱਚ ਹੀ ਨਹੀਂ, ਪੂਰੇ ਵਿਸ਼ਵ ਵਿੱਚ ਅੱਜ ਨਸ਼ੇ ਦੀ ਬਹੁਤ ਵੱਡੀ ਸਮੱਸਿਆ ਹੈ ਜਿਸ ਨੂੰ ਖ਼ਤਮ ਕਰਨਾ ਜਰੂਰੀ ਹੈ। ਸਨੀਦ ਨੇ ਕਿਹਾ ਕਿ ਉਹ ਇਹੀ ਟੀਚਾ ਲੈ ਕੇ ਨਿਕਲਿਆ ਹੈ ਅਤੇ ਉਹ ਇਹ ਟੀਚਾ ਜਰੂਰ ਪੂਰਾ ਕਰੇਗਾ। ਹਾਲਾਂਕਿ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਕਿਸ ਤਰ੍ਹਾਂ ਪਹਾੜ ਆਦਿ 'ਤੇ ਇਸ ਤਰ੍ਹਾਂ ਇੱਕ ਟਾਇਰ ਨਾਲ ਸਾਈਕਲ ਚਲਾਏਗਾ, ਤਾਂ ਉਸ ਨੇ ਕਿਹਾ ਕਿ ਉਸ ਨੂੰ ਇਹ ਤਾਕਤ ਉਸ ਦੇ ਮਾਤਾ ਪਿਤਾ ਦੇ ਆਸ਼ੀਰਵਾਦ ਨਾਲ ਮਿਲਦੀ ਹੈ। ਕੇਰਲ ਵਿੱਚ ਵੀ ਕਈ ਪਹਾੜੀ ਇਲਾਕਿਆਂ ਵਿੱਚੋਂ ਹੋ ਕੇ ਆਇਆ ਹੈ। ਸਨੀਦ ਨੇ ਕਿਹਾ ਕਿ ਕਸ਼ਮੀਰ ਬਹੁਤ ਮੁਸ਼ਕਿਲ ਰਸਤਾ ਹੈ, ਪਰ ਉਸ ਨੂੰ ਉਮੀਦ ਹੈ ਕਿ ਉਸ ਨੂੰ ਜਰੂਰ ਪੂਰਾ ਕਰ ਲਵੇਗਾ।