ਜਲੰਧਰ : ਮਿਸ਼ਨ 2024 ਦੀ ਮੀਟਿੰਗ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਅੱਜ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਸਮੂਹ ਵਰਕਰਾਂ ਅਤੇ ਕਾਂਗਰਸ ਲੀਡਰਸ਼ਿਪ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਪੰਜਾਬ ਵਿੱਚ ਗੱਠਜੋੜ ਬਾਰੇ ਕਾਂਗਰਸ ਹਾਈਕਮਾਂਨ ਨੂੰ ਜਾਣਕਾਰੀ ਦੇਣ ਲਈ ਕਿਹਾ। ਉਨ੍ਹਾਂ ਹੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਗੱਲ ਬਾਤ ਤੋਂ ਬਾਅਦ ਦੇਵੇਂਦਰ ਯਾਦਵ ਨੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਮੁਅੱਤਲ ਕਰਨ ਦੀ ਗੱਲ ਕੀਤੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਟਿਆਲਾ ਤੋਂ ਕਿਸੇ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰਨ ਦੇ ਸੰਕੇਤ ਵੀ ਦਿੱਤੇ।
ਪਾਰਟੀ ਵਰਕਰਾਂ ਦੀ ਸਲਾਹ ਨੂੰ ਤਵੱਜੋਂ : ਇਸ ਮੌਕੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ’ਚ ਕਿਸੇ ਹੋਰ ਪਾਰਟੀ ਨਾਲ ਗਠਜੋੜ ਬਾਰੇ ਕੋਈ ਵੀ ਫ਼ੈਸਲਾ ਪਾਰਟੀ ਆਗੂਆਂ ਤੇ ਵਰਕਰਾਂ ਦੀ ਰਾਇ ਨਾਲ ਹੀ ਲਿਆ ਜਾਵੇਗਾ। ਜਲੰਧਰ ਤੇ ਹੁਸ਼ਿਆਰਪੁਰ ’ਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਦੀ ਰਾਇ ਲੈਣ ਲਈ ਕਰਵਾਏ ਪ੍ਰੋਗਰਾਮਾਂ ’ਚ ਉਨ੍ਹਾਂ ਕਿਹਾ ਕਿ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇਗੀ ਅਤੇ ਉਹ ਜੋ ਵੀ ਫੀਡਬੈਕ ਦੇਣਗੇ, ਪਾਰਟੀ ਹਾਈਕਮਾਨ ਉਸ ਅਨੁਸਾਰ ਹੀ ਫ਼ੈਸਲਾ ਕਰੇਗੀ। ਇਸ ਮੌਕੇ ਬਹੁਤੇ ਵਰਕਰਾਂ ਨੇ ਇਹ ਹੀ ਰਾਇ ਦਿੱਤੀ ਕਿ ਕਾਂਗਰਸ ਇਕੱਲਿਆਂ ਹੀ ਚੋਣਾਂ ਲੜੇ।
ਨਵਜੋਤ ਸਿੱਧੂ ਬਾਰੇ ਦਿੱਤੀ ਰਾਏ : ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਦੇਵੇਂਦਰ ਯਾਦਵ ਨੂੰ ਨਵਜੋਤ ਸਿੰਘ ਸਿੱਧੂ ਵੱਲੋਂ ਮੀਟਿੰਗ ਵਿੱਚ ਨਾ ਆਉਣ ਬਾਰੇ ਪੁੱਛਿਆ ਗਿਆ ਤਾਂ ਉਹ ਜਵਾਬ ਦੇਣ ਤੋਂ ਝਿਜਕਦੇ ਨਜ਼ਰ ਆਏ ਅਤੇ ਕਿਹਾ ਕਿ ਕਾਂਗਰਸ ਦੀ ਸਾਰੀ ਲੀਡਰਸ਼ਿਪ ਇੱਥੇ ਮੌਜੂਦ ਹੈ। ਉਨ੍ਹਾਂ ਕਿਹਾ ਕਿ ਗਠਜੋੜ ਸਬੰਧੀ ਉਹ ਕਾਂਗਰਸ ਹਾਈਕਮਾਂਡ ਨਾਲ ਗੱਲਬਾਤ ਕਰ ਚੁੱਕੇ ਹਨ।
ਪੰਨੂ ਦੇ 3 ਗੁਰਗੇ ਗ੍ਰਿਫਤਾਰ, ਖਾਲਿਸਤਾਨੀ ਝੰਡੇ ਅਤੇ ਪੋਸਟਰ ਲਗਾਉਣ ਦਾ ਕਰ ਰਹੇ ਸੀ ਕੰਮ
ਗੱਠਜੋੜ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਕਰੇਗੀ: ਇਸ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਦੇਵੇਂਦਰ ਯਾਦਵ ਅੱਗੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ। ਗੱਠਜੋੜ ਬਾਰੇ ਫੈਸਲਾ ਪਾਰਟੀ ਹਾਈਕਮਾਂਡ ਕਰੇਗੀ।ਨਵਜੋਤ ਸਿੱਧੂ ਨੂੰ ਕਮੇਟੀ ਵਿੱਚ ਮੈਂਬਰ ਵਜੋਂ ਸਵੀਕਾਰ ਕੀਤੇ ਜਾਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਪੰਜਾਬ ’ਚ ਜੋ ਵੀ ਸਮੀਕਰਨ ਹੋਣਗੇ, ਉਸ ਬਾਰੇ ਦਿੱਲੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਜਾਵੇਗਾ ਜਿਸ ਮਗਰੋਂ ਸਾਰੇ ਫ਼ੈਸਲੇ ਲਏ ਜਾਣਗੇ। ਦੱਸਣਯੋਗ ਹੈ ਕਿ ਮੀਟਿੰਗਾਂ ਵਿੱਚ ਰਾਜ ਕੁਮਾਰ ਚੱਬੇਵਾਲ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਵਿਧਾਇਕ ਡਾ. ਰਾਜ ਕੁਮਾਰ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਬਿਕਰਮਜੀਤ ਸਿੰਘ ਆਦਿ ਹਾਜ਼ਰ ਸਨ।