ਹਰ ਪਾਸੇ ਕਿਸੇ ਨਾ ਕਿਸੇ ਲੀਡਰ, ਕਾਰੋਬਾਰੀ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਹੁਣ ਮੁੱਖ ਮੰਤਰੀ ਨੂੰ ਵੀ ਧਕਮੀ ਮਿਲੀ ਹੈ। ਦਰਅਸਲ ਮਹਾਰਾਸ਼ਟਰ ਦੀ ਮੁੰਬਈ ਟ੍ਰੈਫਿਕ ਪਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇੱਕ ਅਣਜਾਣ ਨੰਬਰ ਤੋਂ ਵਟਸਐਪ ਮੈਸੇਜ ਰਾਹੀਂ ਟ੍ਰੈਫਿਕ ਪੁਲਿਸ ਨੂੰ ਭੇਜੀ ਗਈ ਇਸ ਧਮਕੀ ਵਿੱਚ ਮੰਗ ਕੀਤੀ ਗਈ ਹੈ ਕਿ ਆਦਿਿਤਆਨਾਥ 10 ਦਿਨਾਂ ਦੇ ਅੰਦਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹਿਣ।
ਧਮਕੀ 'ਚ ਕੀ ਆਖਿਆ
ਸੰਦੇਸ਼ 'ਚ ਕਿਹਾ ਗਿਆ ਹੈ ਕਿ ਜੇਕਰ ਯੋਗੀ ਆਦਿੱਤਿਆਨਾਥ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਬਾਬਾ ਸਿੱਦੀਕੀ ਵਾਂਗ ਮਾਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਹਾਲ ਹੀ ਵਿੱਚ ਸਾਬਕਾ ਮੰਤਰੀ ਅਤੇ ਐਨਸੀਪੀ (ਅਜੀਤ ਪਵਾਰ) ਨੇਤਾ ਦੀ ਬਾਂਦਰਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਿਕ ਧਮਕੀ ਮਿਲਣ ਤੋਂ ਬਾਅਦ ਮੁੰਬਈ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਉਲਹਾਸਨਗਰ ਪੁਲਿਸ ਨਾਲ ਮਿਲ ਕੇ ਆਪਰੇਸ਼ਨ ਚਲਾਇਆ ਅਤੇ ਮਾਮਲੇ 'ਚ ਇਕ ਕੁੜੀ ਨੂੰ ਗ੍ਰਿਫਤਾਰ ਕੀਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਯੋਗੀ ਆਦਿੱਤਿਆਨਾਥ ਨੂੰ ਕਿਸਨੇ ਦਿੱਤੀ ਧਮਕੀ?
ਪੁਲਿਸ ਨੇ ਦੱਸਿਆ ਕਿ ਧਮਕੀ ਦੇਣ ਵਾਲੀ ਕੁੜੀ ਦੀ ਉਮਰ 24 ਸਾਲ ਹੈ। ਉਸ ਦੀ ਪਛਾਣ ਗੁਆਂਢੀ ਠਾਣੇ ਜ਼ਿਲ੍ਹੇ ਦੇ ਉਲਹਾਸਨਗਰ ਇਲਾਕੇ ਦੀ ਰਹਿਣ ਵਾਲੀ ਫਾਤਿਮਾ ਖਾਨ ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਦੇ ਪਿਤਾ ਲੱਕੜ ਦਾ ਕਾਰੋਬਾਰ ਕਰਦੇ ਹਨ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਿਕ ਫਾਤਿਮਾ ਖਾਨ ਨੇ ਸੂਚਨਾ ਤਕਨਾਲੋਜੀ ਵਿੱਚ ਬੀ.ਐਸ.ਸੀ. ਕੀਤੀ ਹੋਈ ਹੈ ਪਰ ਮਾਨਸਿਕ ਤੌਰ 'ਤੇ ਅਸਥਿਰ ਹੈ। ਪੁਲਿਸ ਧਮਕੀ ਭਰੇ ਸੁਨੇਹੇ ਦੇ ਪਿੱਛੇ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਦੇ ਨਾਲ ਹੀ ਪੁਲਿਸ ਬਾਬਾ ਸਿੱਦੀਕੀ ਦੇ ਕਤਲ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
ਮਹਾਰਾਸ਼ਟਰ ਦਾ ਦੌਰਾ
ਤੁਹਾਨੂੰ ਦੱਸ ਦਈ ਕਿ ਇਸੇ ਦੌਰਾਨ ਖ਼ਬਰ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਟਾਰ ਪ੍ਰਚਾਰਕ ਯੋਗੀ ਆਦਿੱਤਿਆਨਾਥ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਮਹਾਰਾਸ਼ਟਰ ਦਾ ਦੌਰਾ ਕਰ ਸਕਦੇ ਹਨ।