ਰੂਪਨਗਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧਤ ਅਤੇ ਬੇਸਹਾਰਾ ਬੱਚਿਆਂ ਦੀ ਭਲਾਈ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਉਦੇਸ਼ ਤਹਿਤ ਪੰਜਾਬ ਸਰਕਾਰ ਵੱਲੋਂ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਅਧੀਨ ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਯੋਗ ਲੋੜਵੰਦ ਬੱਚਿਆਂ ਨੂੰ ਸਕੀਮ ਦਾ ਲਾਭ ਪਹੁੰਚਾਇਆ ਜਾ ਰਿਹਾ ਹੈ।
ਸਕੀਮ ਨੂੰ ਆਧਾਰ ਕਾਰਡ ਅਧਾਰਿਤ ਡੀ.ਬੀ.ਟੀ. ਤਹਿਤ ਚਲਾਇਆ : ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਨੇ ਅੱਜ ਸਪਾਂਸਰਸ਼ਿਪ ਅਤੇ ਫੌਸਟਰ ਕੇਅਰ ਸਕੀਮ ਸਬੰਧੀ ਵਿਰਾਸਤ ਏ ਖਾਲਸਾ ਵਿਚ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਵੀ ਵਿਸੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਆਧਾਰ ਕਾਰਡ ਅਧਾਰਿਤ ਡੀ.ਬੀ.ਟੀ. ਤਹਿਤ ਚਲਾਇਆ ਜਾ ਰਿਹਾ ਹੈ ਅਤੇ ਲਾਭਪਾਤਰੀਆਂ ਦੇ ਖਾਤੇ ਵਿਚ ਸਿੱਧੀ ਰਾਸ਼ੀ ਭੇਜੀ ਜਾ ਰਹੀ ਹੈ।
ਬਾਲ ਅਧਿਕਾਰਾਂ ਅਤੇ ਰੱਖਿਆ ਲਈ ਨਿਰੰਤਰ ਉਪਰਾਲੇ: ਹਰਜੋਤ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਲ ਅਧਿਕਾਰਾਂ ਅਤੇ ਰੱਖਿਆ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਵਾਤਸੱਲਿਆ ਸਕੀਮ ਦਾ ਮੁੱਖ ਉਦੇਸ਼ ਜੁਵੇਨਾਇਲ ਜਸਟਿਸ (ਕੇਅਰ ਐਂਜ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਨੂੰ ਲਾਗੂ ਕਰਨਾ ਅਤੇ ਮੁਸ਼ਕਿਲ ਹਾਲਤਾਂ ਵਿੱਚ ਰਹਿ ਰਹੇ ਬੱਚਿਆਂ ਦੀ ਸਹੀ ਦੇਖਭਾਲ, ਰੱਖਿਆ, ਵਿਕਾਸ, ਇਲਾਜ ਅਤੇ ਸਮਾਜਿਕ ਪੁਨਰ ਵਿਕਾਸ ਨੂੰ ਯਕੀਨੀ ਬਣਾਉਣਾ ਹੈ ਅਤੇ ਬੱਚਿਆਂ ਦੇ ਅਨੁਕੂਲ ਪਹੁੰਚ ਅਪਣਾ ਕੇ ਬੱਚਿਆਂ ਦੇ ਹਿੱਤ ਨੂੰ ਦੇਖਣਾ ਹੈ।
ਸਪਾਂਸਰਸ਼ਿਪ ਸਕੀਮ ਇੱਕ ਸਹਾਇਤਾ ਹੈ: ਕੈਬਨਿਟ ਮੰਤਰੀ ਨੇ ਕਿਹਾ ਕਿ ਸਪਾਂਸਰਸ਼ਿਪ ਸਕੀਮ ਇੱਕ ਸਹਾਇਤਾ ਹੈ ਜੋ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਨਾਲ ਸਬੰਧ ਰੱਖਣ ਵਾਲੇ ਪਰਿਵਾਰਾਂ ਦੇ ਬੱਚਿਆ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਬੱਚੇ ਨੂੰ ਇੱਕ ਪਰਿਵਾਰ ਵਿੱਚ ਬਣੇ ਰਹਿਣ, ਉਸਦੀ ਸਿੱਖਿਆ ਜਾਰੀ ਰੱਖਣ ਦੇ ਯੋਗ ਬਣਾਇਆ ਜਾ ਸਕੇ। ਇਸ ਸਕੀਮ ਤਹਿਤ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ, 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਹੈਲਪ ਲਾਈਨ ਨੰਬਰ 1098 ਕਾਰਜਸ਼ੀਲ ਹੈ। ਜਿਸ ਕਿਸੇ ਨੂੰ ਵੀ ਕੋਈ ਵੀ ਬੇਸਹਾਰਾ, ਬਾਲ ਮਜ਼ਦੂਰੀ ਕਰਦਾ ਜਾਂ ਭੀਖ ਮੰਗਦਾ ਬੱਚਾ ਮਿਲਦਾ ਹੈ ਤਾਂ ਇਸ ਨੰਬਰ ਉੱਤੇ ਸੂਚਨਾ ਦਿੱਤੀ ਜਾ ਸਕਦੀ ਹੈ।
ਸਕੀਮ ਦਾ ਲਾਭ: ਬੈਂਸ ਨੇ ਦੱਸਿਆ ਕਿ ਹਰ ਮਹੀਨੇ ਦੇ ਦੂਜਾ ਹਫ਼ਤੇ ਜ਼ਿਲ੍ਹਾ ਪੱਧਰੀ ਕਮੇਟੀ ਬੱਚਿਆਂ ਨੂੰ ਬਾਲ ਮਜ਼ਦੂਰੀ ਤੇ ਭੀਖ ਮੰਗਣ ਤੋਂ ਬਚਾਉਣ ਲਈ ਉਚੇਚੇ ਤੌਰ ਉੱਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਅਧੀਨ ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ ਸ਼ਹਿਰੀ ਖੇਤਰ ਵਿੱਚ 96000 ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 72000 ਰੁਪਏ ਤੱਕ ਹੈ, ਲਾਭ ਲੈਣ ਦੇ ਯੋਗ ਹਨ। ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਦੇ ਬੱਚੇ ਜੋ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਇਸ ਸਕੀਮ ਸਬੰਧੀ, ਯੋਗਤਾਵਾਂ, ਆਦਿ ਸਬੰਧੀ ਸੂਚਨਾ ਜ਼ਿਲ੍ਹੇ ਰੂਪਨਗਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਜਾਂ ਬਾਲ ਭਲਾਈ ਕਮੇਟੀ ਤੋਂ ਪ੍ਰਾਪਤ ਕਰ ਕੇ ਯੋਗਤਾ ਅਨੁਸਾਰ ਆਪਣੀ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਜਿਲ੍ਹੇ ਦੇ ਗਰੀਬ ਅਤੇ ਕਮਜ਼ੋਰ ਆਰਥਿਕ ਹਾਲਤ ਵਾਲੇ ਬੱਚਿਆਂ ਨੂੰ ਬਾਲ ਮਜ਼ਦੂਰੀ ਤੋਂ ਬਚਾ ਕੇ ਉਨ੍ਹਾਂ ਨੂੰ ਸਿੱਖਿਅਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆ ਦਾ ਮਨੋਬਲ ਵਧਾਉਣ ਲਈ ਜ਼ਿਲ੍ਹਾ ਪੱਧਰ 'ਤੇ ਸਪਾਂਸਰਸ਼ਿਪ ਸਬੰਧੀ ਸਮਾਗਮ ਕਰਵਾਇਆ ਗਿਆ ਹੈ।
ਬੱਚਿਆਂ ਨੂੰ ਸਹੀ ਮਾਹੌਲ ਦੇਣਾ ਲਾਜ਼ਮੀ: ਕੈਬਨਿਟ ਮੰਤਰੀ ਨੇ ਕਿਹਾ ਕਿ ਬਚਪਨ ਇਨਸਾਨ ਦਾ ਸਭ ਤੋਂ ਅਹਿਮ ਸਮਾਂ ਹੁੰਦਾ ਹੈ ਤੇ ਜ਼ਿੰਦਗੀ ਦੀ ਨੀਂਹ ਬਣਦਾ ਹੈ। ਇਸ ਸਮੇਂ ਦੌਰਾਨ ਪਰਿਵਾਰਾਂ ਤੋਂ ਵਾਂਝੇ ਬੱਚੇ ਜ਼ਿਆਦਾ ਤਕਲੀਫ਼ਾਂ ਮਹਿਸੂਸ ਕਰਦੇ ਹਨ ਤੇ ਕਈ ਵਾਰ ਬੱਚਿਆ ਦੇ ਮਾੜੇ ਰਾਹਾਂ ਵੱਲ ਪ੍ਰੇਰਿਤ ਹੋਣ ਦੀ ਸੰਭਾਵਨਾਂ ਵੱਧ ਜਾਂਦੀ ਹੈ। ਬੱਚਿਆਂ ਨੂੰ ਸਹੀ ਮਾਹੌਲ ਦੇਣਾ ਲਾਜ਼ਮੀ ਹੈ, ਜੇਕਰ ਬੱਚੇ ਹਾਲੇ ਵੀ ਸੜਕਾਂ ਤੇ ਮੰਗ ਰਹੇ ਨੇ, ਮਜ਼ਦੂਰੀ ਕਰ ਰਹੇ ਹਨ ਤੇ ਸਕੂਲ ਛੱਡ ਰਹੇ ਹਨ ਤਾਂ ਹਾਲੇ ਬਹੁਤ ਕੁਝ ਕਰਨ ਵਾਲਾ ਰਹਿੰਦਾ ਹੈ। ਸਾਡਾ ਮਕਸਦ ਹੈ ਕਿ ਹਰ ਬੱਚਾ ਸਕੂਲ ਜਾਵੇ ਤੇ ਆਪਣੀ ਜ਼ਿੰਦਗੀ ਸਵਾਰੇ।
ਕਿਤਾਬਾਂ ਦੀ ਅਹਿਮੀਅਤ: ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਨੇ ਇਹ ਵੀ ਅਪੀਲ ਕੀਤੀ ਕਿ ਅਡਾਪਸ਼ਨ ਪ੍ਰੋਗਰਾਮ ਤਹਿਤ ਇੱਕ ਬੱਚੇ ਦੀ ਜ਼ਿੰਦਗੀ ਜ਼ਰੂਰ ਬਣਾਈ ਜਾਵੇ। ਇਸ ਨਾਲ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਨੇ ਕਿਤਾਬਾਂ ਦੀ ਅਹਿਮੀਅਤ ਦੱਸਦਿਆਂ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਨਾਲ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਵਿਧਵਾ ਮਾਵਾਂ ਦੇ ਬੱਚਿਆਂ ਦੀ ਚੰਗੀ ਪਰਵਰਿਸ਼ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਸਰਵੇਖਣ ਵੀ ਕਰਵਾਇਆ ਜਾਵੇਗਾ।
ਜਿੰਦਗੀ ਦੀਆਂ ਹੋਰ ਜਰੂਰਤਾਂ: ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਕੀਮ ਦੇ ਲਈ ਯੋਗ ਲੋੜਵੰਦਾਂ ਤੋ ਇਲਾਵਾ ਜਿਹੜੇ ਵੀ ਹੋਰ ਬੱਚੇ ਕਿਸੇ ਕਾਰਨ ਆਪਣੀ ਉਚੇਰੀ ਸਿੱਖਿਆ ਲੈਣ ਜਾਂ ਜਿੰਦਗੀ ਦੀਆਂ ਹੋਰ ਜਰੂਰਤਾਂ ਪੂਰੀਆਂ ਕਰਨ ਤੋਂ ਵਾਝੇ ਹਨ ਉਹ ਕਿਸੇ ਵੀ ਸਮੇ ਜ਼ਿਲ੍ਹਾ ਪ੍ਰਸਾਸ਼ਨ ਨਾਲ ਸੰਪਰਕ ਕਰ ਸਕਦੇ ਹਨ, ਉਨ੍ਹਾਂ ਦੀ ਹਰ ਹਾਲਤ ਵਿਚ ਮੱਦਦ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅਜਿਹੇ ਕਈ ਮਾਮਲੇ ਦੱਸੇ ਜਦੋਂ ਪ੍ਰਸਾਸ਼ਨ ਦੇ ਯਤਨਾ ਨਾਲ ਬੱਚੇ ਆਪਣਾ ਭਵਿੱਖ ਸਵਾਰਨ ਵਿੱਚ ਸਫਲ ਸਿੱਧ ਹੋਏ। ਉਨ੍ਹਾਂ ਨੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਤੇ ਸੁਨਹਿਰੇ ਭਵਿੱਖ ਲਈ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਸਹਾਇਤਾ ਰਾਸ਼ੀ ਦੇਣ ਲਈ ਆਯੋਜਿਤ ਪ੍ਰੋਗਰਾਮ: ਇਸ ਮੌਕੇ ਰੈਡ ਕਰਾਸ ਵੱਲੋਂ 91 ਯੋਗ ਲਾਭਪਾਤਰੀਆਂ ਨੂੰ ਸਕੂਲ ਬੈਗ ਕਿੱਟ ਵੀ ਵੰਡੀਆਂ ਗਈਆਂ, ਕੈਬਨਿਟ ਮੰਤਰੀ ਨੇ ਲਾਭਪਾਤਰੀਆਂ ਨੂੰ ਸਹਾਇਤਾ ਰਾਸ਼ੀ ਦੇਣ ਲਈ ਆਯੋਜਿਤ ਪ੍ਰੋਗਰਾਮ ਦੀ ਸਫਲਤਾਂ ਤੇ ਸਮੂਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਅੱਜ ਹੀ ਡੀ.ਬੀ.ਟੀ ਸਕੀਮ ਰਾਹੀ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਪਹੁੰਚ ਜਾਵੇਗੀ।
ਇਸ ਮੌਕੇ ਅਨਮਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ, ਸੰਦੀਪ ਕੁਮਾਰ ਤਹਿਸੀਲਦਾਰ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ, ਡਾ.ਸੰਜੀਵ ਗੌਤਮ ਮੈਬਰ ਮੈਡੀਕਲ ਕੋਂਸਲ, ਕਮਿੱਕਰ ਸਿੰਘ ਡਾਢੀ ਚੇਅਰਮੈਨ, ਦੀਪਕ ਸੋਨੀ ਮੀਡੀਆ ਕੁਆਰਡੀਨੇਟਰ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਨਿਖਿਲ ਅਰੋੜਾ ਜ਼ਿਲ੍ਹਾ ਪ੍ਰੋਗਰਾਮ ਅਫਸਰ, ਰਜਿੰਦਰ ਕੌਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਰਾਜੇਸ਼ ਕੁਮਾਰ ਐਸ.ਡੀ.ਓ, ਭੁਪਿੰਦਰ ਸਿੰਘ ਵਿਰਾਸਤ ਏ ਖਾਲਸਾ, ਜੁਝਾਰ ਸਿੰਘ ਆਸਪੁਰ, ਹਾਕਮ ਸ਼ਾਹ, ਉਸ਼ਾ ਰਾਣੀ, ਐਡਵੋਕੇਟ ਨੀਰਜ਼, ਐਡਵੋਕੇਟ ਨਿਖਿਲ ਭਾਰਤਵਾਜ, ਦਲਜੀਤ ਸਿੰਘ ਕਾਕਾ ਨਾਨਗਰਾ,ਤਰਲੋਚਨ ਸਿੰਘ, ਹਰਪਾਲ ਕੌਰ ਜ਼ਿਲ੍ਹਾ ਸੰਯੁਕਤ ਸਕੱਤਰ, ਪਿੰਕੀ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ, ਰਾਣੀ ਭਰਤਗੜ੍ਹ, ਡਾ.ਜਰਨੈਲ ਸਿੰਘ ਦਬੂੜ, ਜੱਗਾ ਬਹਿਲੂ, ਰਣਜੀਤ ਸਿੰਘ ਐਨ.ਸੀ.ਸੀ.ਅਫਸਰ ਹਾਜ਼ਰ ਸਨ।