ਲੁਧਿਆਣਾ: ਚੰਡੀਗੜ੍ਹ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਰਾਜਨੀਤੀ ਸਿਖਰਾਂ ਉੱਤੇ ਚੱਲ ਰਹੀ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਨੇ ਆਪਣੇ ਜਿੱਤੇ ਹੋਏ 6 ਕੌਂਸਲਰ ਲੁਧਿਆਣਾ ਦੇ ਹਯਾਤ ਹੋਟਲ ਵਿੱਚ ਰੋਕੇ ਹੋਏ ਹਨ, ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਵੀ ਕੀਤੀ। ਸੀਨੀਅਰ ਡਿਪਟੀ ਮੇਅਰ ਦੇ ਉਮੀਦਵਾਰ ਵੀ ਹੋਟਲ ਦੇ ਵਿੱਚ ਰੁਕੇ ਹੋਏ ਸਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਲਗਾਤਾਰ ਭਾਜਪਾ ਸਾਨੂੰ ਡਰਾ ਧਮਕਾਰ ਰਹੀ ਹੈ ਅਤੇ ਨਾਲ ਹੀ ਸਾਨੂੰ ਵੱਡੀਆਂ-ਵੱਡੀਆਂ ਆਫਰਾਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਅਸੀਂ ਪਾਰਟੀ ਦੇ ਨਾਲ ਖੜੇ ਹਾਂ।
‘ਗੱਠਜੋੜ ਨਾਲ ਬਣੇਗਾ ਚੰਡੀਗੜ੍ਹ ਦਾ ਮੇਅਰ’
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਪਿਛਲੀ ਵਾਰ ਜਿਸ ਤਰ੍ਹਾਂ ਭਾਜਪਾ ਨੇ ਧੱਕੇਸ਼ਾਹੀ ਕੀਤੀ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਜਾ ਕੇ ਸਾਨੂੰ ਇਨਸਾਫ ਮਿਲਿਆ ਸੀ ਅਤੇ ਅਸੀਂ ਗਠਜੋੜ ਨਾਲ ਚੰਡੀਗੜ੍ਹ ਵਿੱਚ ਮੇਅਰ ਬਣਾਇਆ ਸੀ। ਇਸ ਵਾਰ ਵੀ ਅਸੀਂ ਗੱਠਜੋੜ ਨਾਲ ਚੰਡੀਗੜ੍ਹ ਦਾ ਮੇਅਰ ਬਣਾਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨਾਲ ਸਾਡਾ ਕੋਈ ਗਠਜੋੜ ਨਹੀਂ ਹੈ ਪਰ ਚੰਡੀਗੜ੍ਹ ਦੇ ਲੋਕਾਂ ਨੂੰ ਭਾਜਪਾ ਤੋਂ ਛੁਟਕਾਰਾ ਦਿਵਾਉਣ ਦੇ ਲਈ ਅਸੀਂ ਮਿਲ ਕੇ ਚੱਲ ਰਹੇ ਹਾਂ। ਅਸੀਂ ਇਹ ਫੈਸਲਾ ਲਿਆ ਹੈ ਕਿ ਆਮ ਆਦਮੀ ਪਾਰਟੀ ਦਾ ਮੇਅਰ ਉਮੀਦਵਾਰ ਹੋਵੇਗਾ ਜਦਕਿ ਕਾਂਗਰਸ ਦਾ ਕੌਂਸਲਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਉਮੀਦਵਾਰ ਹੋਵੇਗਾ।
‘ਸਾਡੇ ਕੋਲ ਕੁੱਲ 20 ਕੌਂਸਲਰ’
ਕਾਂਗਰਸ ਕੌਂਸਲਰ ਨੇ ਕਿਹਾ ਕਿ ਸਾਡੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਆਉਂਣਗੇ, ਜਿਨ੍ਹਾਂ ਨਾਲ ਅਸੀਂ ਵਿਚਾਰ ਕਰਾਂਗੇ ਕਿ ਕੱਲ੍ਹ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਅਸੀਂ ਇੱਥੋਂ ਸਿੱਧਾ ਚੰਡੀਗੜ੍ਹ ਜਾਵਾਂਗੇ ਅਤੇ ਆਪਣੀ ਵੋਟ ਪਾਕੇ ਮੇਅਰ ਦੀ ਚੋਣ ਕਰਾਂਗੇ। ਦੱਸ ਦਈਏ ਕਿ ਕਾਂਗਰਸ ਦੇ 6 ਕੌਂਸਲਰ ਹਨ ਜਦੋਂ ਕਿ ਆਮ ਆਦਮੀ ਪਾਰਟੀ ਦੇ 13 ਕੌਂਸਲਰ ਹਨ। ਇਸ ਤੋਂ ਇਲਾਵਾ ਇੱਕ ਮੈਂਬਰ ਪਾਰਲੀਮੈਂਟ ਦੀ ਵੋਟ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਸਿੱਧੇ ਤੌਰ ਉੱਤੇ ਬਹੁਮਤ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੇ ਕੌਂਸਲਰ ਵੀ ਚੰਡੀਗੜ੍ਹ ਤੋਂ ਬਾਹਰ ਹੀ ਕਿਤੇ ਰੁਕੇ ਹੋਏ ਹਨ।
30 ਜਨਵਰੀ ਨੂੰ ਮੇਅਰ ਦੀ ਚੋਣ
ਚੰਡੀਗੜ੍ਹ ਵਿੱਚ 30 ਜਨਵਰੀ 2025 ਨੂੰ ਮੇਅਰ ਚੋਣਾਂ ਹੋਣ ਜਾ ਰਹੀਆਂ ਹਨ। ਦੱਸ ਦਈਏ ਕਿ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਅਬਜ਼ਰਵਰ ਨਿਯੁਕਤ ਕੀਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ 30 ਜਨਵਰੀ ਨੂੰ ਮੇਅਰ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਅਦਾਲਤ ਨੇ ਕਿਹਾ ਹੈ ਕਿ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਨਾਲ ਹੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ ਅਤੇ ਮੇਅਰ ਦੀ ਚੋਣ ਲਈ ਵੋਟਿੰਗ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਈ ਜਾਵੇ।