ਖੰਨਾ: ਬੁੱਧਵਾਰ ਦੀ ਦੇਰ ਰਾਤ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਗੰਨੇ ਦੇ ਹੇਠਾਂ ਦੱਬਣ ਨਾਲ 2 ਕਿਸਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਟਰੈਕਟਰ-ਟਰਾਲੀ ਦੇ ਬੇਕਾਬੂ ਹੋਣ ਕਾਰਨ ਹੋਇਆ ਹੈ। ਦੋਵੇਂ ਕਿਸਾਨ ਆਪਣੇ ਖੇਤ ਤੋਂ ਗੰਨਾ ਲੈ ਕੇ ਅਮਲੋਹ ਦੀ ਗੰਨਾ ਮਿੱਲ ਜਾ ਰਹੇ ਸਨ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ (35) ਵਾਸੀ ਮਾਜਰੀ (ਪਾਇਲ) ਅਤੇ ਦੀਦਾਰ ਸਿੰਘ (45) ਵਾਸੀ ਮਾਜਰੀ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਖੰਨਾ ਦੇ ਮੁਰਦਾਘਰ ਰਖਵਾ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਰੱਸੀ ਟੁੱਟਣ ਮਗਰੋਂ ਵਿਗੜਿਆ ਟਰੈਕਟਰ ਦਾ ਸੰਤੁਲਨ
ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਆਪਣੇ ਗੁਆਂਢੀ ਦੀਦਾਰ ਸਿੰਘ ਵਾਸੀ ਮਾਜਰੀ ਨਾਲ ਗੰਨਾ ਲੱਦ ਕੇ ਟਰੈਕਟਰ-ਟਰਾਲੀ ਅਮਲੋਹ ਰੋਡ ਖੰਨਾ ਸਥਿਤ ਗੰਨਾ ਮਿੱਲ ਜਾ ਰਿਹਾ ਸੀ ਤਾਂ ਜਿਵੇਂ ਹੀ ਇਹ ਬਾਹੋਮਾਜਰਾ ਪਹੁੰਚੇ, ਗੰਨੇ ਦੇ ਢੇਰ ਦੀ ਰੱਸੀ ਟੁੱਟ ਗਈ। ਜਿਸ ਕਾਰਨ ਟਰੈਕਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਇਸ ਦੌਰਾਨ ਟਰੈਕਟਰ ਘੁੰਮਦਾ ਹੋਇਆ ਰੇਲਿੰਗ 'ਤੇ ਚੜ੍ਹ ਗਿਆ। ਢਲਾਣ ਕਾਰਨ ਗੰਨਾ ਦੋਵਾਂ ਕਿਸਾਨਾਂ ਉੱਤੇ ਡਿੱਗ ਪਿਆ। ਘਟਨਾ ਵਾਲੀ ਥਾਂ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਖੜ੍ਹੀ ਸੜਕ ਸੁਰੱਖਿਆ ਬਲ ਦੀ ਟੀਮ ਮੌਕੇ 'ਤੇ ਪਹੁੰਚੀ। ਸਬ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ "ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੇ ਗੰਨੇ ਦੇ ਢੇਰ ਹੇਠ ਦੱਬੇ ਕਿਸਾਨਾਂ ਨੂੰ ਬਾਹਰ ਕੱਢਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਗੁਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਦੀਦਾਰ ਸਿੰਘ ਨੂੰ ਇਲਾਜ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸਦੀ ਵੀ ਮੌਤ ਹੋ ਗਈ।"
ਪੋਸਟਮਾਰਟਮ ਨਾ ਕਰਵਾਉਣ 'ਤੇ ਅੜੇ ਪਰਿਵਾਰਕ ਮੈਂਬਰ
ਮ੍ਰਿਤਕ ਦੇ ਪਰਿਵਾਰਕ ਮੈਂਬਰ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਪੋਸਟਮਾਰਟਮ ਨਾ ਕਰਵਾਉਣ ਦੀ ਜਿੱਦ ਕੀਤੀ। ਜਦੋਂ ਐਮਰਜੈਂਸੀ ਵਿੱਚ ਤਾਇਨਾਤ ਡਾਕਟਰ ਨੇ ਲਾਸ਼ਾਂ ਨੂੰ ਮੁਰਦਾਘਰ ਭੇਜਣ ਲਈ ਕਿਹਾ ਤਾਂ ਗੁਰਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਪੋਸਟਮਾਰਟਮ ਨਹੀਂ ਕਰਵਾਉਣਾ ਚਾਹੁੰਦੇ ਅਤੇ ਉਹ ਲਾਸ਼ਾਂ ਨੂੰ ਆਪਣੀ ਗੱਡੀ ਵਿੱਚ ਲੈ ਕੇ ਜਾਣਗੇ। ਹਾਲਾਤ ਵਿਗੜਦੇ ਦੇਖ ਕੇ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕੀਤਾ ਅਤੇ ਫਿਲਹਾਲ ਦੋਵੇਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਸੀ। ਵੀਰਵਾਰ ਨੂੰ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਬਗੈਰ ਪੋਸਟਮਾਰਟਮ ਲਾਸ਼ਾਂ ਉਨ੍ਹਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ।