ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ (ਧਨੇਰ) ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਕੇਂਦਰ ਅਤੇ ਹਰਿਆਣਾ ਸਰਕਾਰਾਂ ਵਿਰੁੱਧ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਜ਼ਿਲ੍ਹੇ ਦੇ ਪਿੰਡ ਚੀਮਾ ਵਿਖੇ ਕਿਸਾਨਾਂ ਵੱਲੋਂ ਕੇਂਦਰ ਅਤੇ ਹਰਿਆਣਾ ਦੀ ਬੀਜੇਪੀ ਸਰਕਾਰ ਦੀ ਅਰਥੀ ਸਾੜੀ ਗਈ ਅਤੇ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਕੀਤੇ ਜਾ ਰਹੇ ਜ਼ਬਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਕਿਸਾਨ ਦਿੱਲੀ ਟਰੈਕਟਰ ਨਾ ਲੈ ਕੇ ਜਾਣ ਅਤੇ ਪੈਦਲ ਜਾਂ ਬੱਸਾਂ ਰਾਹੀਂ ਜਾਂ ਹੋਰ ਸਾਧਨਾਂ ਰਾਹੀਂ ਚਲੇ ਜਾਣ। ਹੁਣ ਜਦੋਂ ਕਿਸਾਨ ਪੈਦਲ ਜਾਣ ਲਈ ਤੁਰੇ ਤਾਂ ਕੇਂਦਰ ਸਰਕਾਰ ਆਪਣੇ ਕਹੇ ਤੋਂ ਮੁੱਕਰ ਗਈ ਅਤੇ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਅੱਥਰੂ ਗੈਸ ਦੇ ਗੋਲੇ, ਪਲਾਸਟਿਕ ਦੀਆਂ ਗੋਲੀਆਂ ਮਾਰੀਆਂ ਗਈਆਂ।
ਕਿਸਾਨਾਂ 'ਤੇ ਤਸ਼ੱਦਤ
ਮੀਤ ਪ੍ਰਧਾਨ ਸੰਦੀਪ ਸਿੰਘ ਚੀਮਾ ਨੇ ਕਿਹਾ ਕਿ ਬੀਤੇ ਕੱਲ੍ਹ ਹਰਿਆਣਾ ਪੁਲਿਸ ਵੱਲੋਂ ਫ਼ੁੱਲਾਂ ਦੀ ਵਰਖਾ ਕਰਕੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੁਲਿਸ ਤਾਂ ਕਿਸਾਨਾਂ ਦਾ ਸਤਿਕਾਰ ਕਰਦੀ ਹੈ ਅਤੇ ਕਿਸਾਨ ਹੀ ਹਿੰਸਕ ਹੋ ਰਹੇ ਹਨ। ਜਿਸ ਕਰਕੇ ਪੁਲਿਸ ਨੂੰ ਇਹ ਕੁੱਝ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਪਰ ਪੁਲਿਸ ਵੱਲੋਂ ਕਿਸਾਨਾਂ 'ਤੇ ਤਸ਼ੱਦਤ ਕੀਤੇ ਗਏ ਉਨ੍ਹਾਂ 'ਤੇ ਫੁੱਲਾਂ ਵਿੱਚ ਕੈਮੀਕਲ ਅਤੇ ਮਿਰਚ ਪਾਉਡਰ ਪਾ ਕੇ ਲੋਕਾਂ 'ਤੇ ਸੁੱਟਿਆ ਗਿਆ। ਜਿਸ ਨਾਲ ਕਿਸਾਨਾਂ ਦੀਆਂ ਅੱਖਾਂ ਵਿੱਚ ਬਹੁਤ ਤੇਜ਼ ਜਲਣ ਹੋਈ ਅਤੇ ਕਾਫ਼ੀ ਕਿਸਾਨ ਫ਼ੱਟੜ ਵੀ ਹੋਏ। ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕਰਾਉਣਾ ਪਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇ। ਜਦਕਿ ਉਲਟਾ ਸਰਕਾਰ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਧੱਕਾਸ਼ਾਹੀ ਕਰਕੇ ਤਾਨਾਸ਼ਾਹੀ ਦਾ ਸਬੂਤ ਦੇ ਰਹੀ ਹੈ। ਜੋ ਕੇਂਦਰ ਸਰਕਾਰ ਨੇ ਦਿੱਲੀ ਮੋਰਚੇ ਸਮੇਂ ਸੰਯੁਕਤ ਕਿਸਾਨ ਮੋਰਚੇ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਮੰਗਾਂ ਨੂੰ ਲਾਗੂ ਕਰਾਉਣ ਲਈ ਹੀ ਸੰਘਰਸ਼ ਕਰ ਰਹੇ ਹਨ।
ਧੱਕਾਸ਼ਾਹੀ ਕਰਕੇ ਕਿਸਾਨਾਂ ਨੂੰ ਦਬਾਇਆ
ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਨੂੰ ਭੁਲੇਖਾ ਹੈ ਕਿ ਧੱਕਾਸ਼ਾਹੀ ਕਰਕੇ ਕਿਸਾਨਾਂ ਨੂੰ ਦਬਾਇਆ ਜਾ ਸਕਦਾ ਹੈ। ਸਰਕਾਰਾਂ ਦਾ ਇਹ ਭਰਮ ਪਹਿਲਾਂ ਵੀ ਕਿਸਾਨਾਂ ਨੇ ਬਹੁਤ ਵਾਰੀ ਤੋੜਿਆ ਹੈ ਅਤੇ ਹੁਣ ਵੀ ਤੋੜਨਗੇ। ਇਸ ਸਮੇਂ ਜਗਦੀਪ ਸਿੰਘ ਇਕਾਈ ਸਕੱਤਰ, ਮਲਕੀਤ ਸਿੰਘ, ਬਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ, ਅਵਤਾਰ ਸਿੰਘ ਖਾਲਸਾ,ਜਾਗਰ ਸਿੰਘ ਜਾਗਲ, ਕਰਨੈਲ ਸਿੰਘ,ਕਾਲਾ ਸਿੰਘ ਵੜੈਚ ਅਤੇ ਗੁਰਮੇਲ ਸਿੰਘ ਮੇਲੂ ਉਪਰੋਕਤ ਤੋਂ ਇਲਾਵਾ ਆਦਿ ਆਗੂ ਹਾਜ਼ਰ ਸਨ।