ਬਠਿੰਡਾ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਇੱਕ ਵਾਰ ਫਿਰ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਿਛਲੇ ਦਿਨੀਂ ਹਾਰਟ ਅਟੈਕ ਆਉਣ ਤੋਂ ਬਾਅਦ ਡਾਕਟਰ ਵੱਲੋਂ ਰੈਸਟ ਕਰਨ ਨੂੰ ਆਖਿਆ ਗਿਆ ਸੀ ਪਰ ਦੂਸਰੇ ਪਾਸੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵੱਲੋਂ ਲਗਾਤਾਰ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਪ੍ਰਚਾਰ ਵਿੱਚ ਉਤਰਨ ਲਈ ਆਖਿਆ ਜਾ ਰਿਹਾ ਹੈ।
ਪ੍ਰਚਾਰ ਨਾ ਕੀਤੇ ਜਾਣਾ ਪਾਰਟੀ ਦੇ ਅਨੁਸ਼ਾਸਨ ਨੂੰ ਕਰਦਾ ਹੈ ਭੰਗ : ਬਠਿੰਡਾ ਜਿਲੇ ਦੇ ਭਾਜਪਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਪਿਛਲੇ ਦਿਨੀਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨੋਟਿਸ ਭੇਜਿਆ ਗਿਆ ਹੈ ਕਿ ਆਪ ਜੀ ਦੇ ਸੰਪਰਕ ਵਿੱਚ ਬਠਿੰਡਾ ਦੇ ਛੇ ਸੱਤ ਕੌਂਸਲਰ ਅਤੇ ਮੇਅਰ ਰਮਨ ਗੋਇਲ ਹੈ ਸੋ ਆਪ ਜੀ ਨੂੰ ਪਾਰਟੀ ਦੀ ਮਜਬੂਤੀ ਲਈ ਜਿੱਥੇ ਇਹਨਾਂ ਕੌਂਸਲਰਾਂ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਉਥੇ ਹੀ ਪਾਰਟੀ ਦੀ ਮਜ਼ਬੂਤੀ ਲਈ ਅਤੇ ਲੋਕ ਸਭਾ ਚੋਣਾਂ 2024 ਦੇ ਟੀਚੇ ਨੂੰ ਪੂਰਾ ਕਰਨ ਲਈ ਚੋਣ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ ਕਿਉਂਕਿ ਭਾਜਪਾ ਲਈ ਇੱਕ ਇੱਕ ਵੋਟ ਸਹਾਈ ਹੈ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਦਾ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕੀਤੇ ਜਾਣਾ ਪਾਰਟੀ ਦਾ ਅਨੁਸ਼ਾਸਨ ਭੰਗ ਕਰਦਾ ਹੈ, ਅਜਿਹਾ ਨਾ ਕਰਕੇ ਉਹ ਭਾਜਪਾ ਦਾ ਨੁਕਸਾਨ ਕਰ ਰਹੇ ਹਨ ਇਸ ਲਈ ਅਨੁਸ਼ਾਸਨ ਦੀ ਪਾਲਣਾ ਕੀਤੀ ਜਾਣੀ ਅਤੀ ਜਰੂਰੀ ਹੈ।
ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਬੀਅਤ ਠੀਕ ਨਹੀਂ : ਬਠਿੰਡਾ ਤੋਂ ਭਾਜਪਾ ਲੋਕ ਸਭਾ ਸੀਟ ਤੋਂ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਤਬੀਅਤ ਠੀਕ ਨਹੀਂ ਪਰ ਆਉਣ ਵਾਲੇ ਦਿਨਾਂ ਵਿੱਚ ਉਹ ਪਾਰਟੀ ਦੀ ਮਜਬੂਤੀ ਲਈ ਕੰਮ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦਾ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਅਤੇ ਘਰ-ਘਰ ਭਾਜਪਾ ਦੀ ਗੱਲ ਚੱਲ ਰਹੀ ਹੈ ਕਿਉਂਕਿ ਭਾਜਪਾ ਵੱਲੋਂ ਹਰ ਵਰਗ ਨੂੰ ਖਿਆਲ ਵਿੱਚ ਰੱਖਦੇ ਹੋਏ ਯੋਜਨਾਵਾਂ ਬਣਾਈਆਂ ਗਈਆਂ ਹਨ।